
ਮਜੀਠੀਆ 'ਤੇ ਰਾਜਸੀ ਰੰਜਸ਼ ਕਾਰਨ ਦਰਜ ਕੀਤਾ ਮਾਮਲਾ, ਵਕੀਲ ਨੇ ਕੀਤੀ ਪੈਰਵੀ
ਹਾਈ ਕੋਰਟ ਨੂੰ ਦਸਿਆ, ਪਹਿਲਾਂ ਬੀਓਆਈ ਨੇ ਐਫ਼ਆਈਆਰ ਤੋਂ ਕੀਤਾ ਸੀ ਮਨ੍ਹਾਂ
ਚੰਡੀਗੜ੍ਹ, 30 ਮਈ (ਸੁਰਜੀਤ ਸਿੰਘ ਸੱਤੀ) : ਡਰੱਗਜ਼ ਤਸਕਰਾਂ ਨੰੂ ਪਨਾਹ ਦੇਣ ਦੇ ਮਾਮਲੇ ਵਿਚ ਹਵਾਲਾਤ ਵਿਚ ਬੰਦ ਸਾਬਕਾ ਮਾਲ ਮੰਤਰੀ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਰੈਗੂਲਰ ਜ਼ਮਾਨਤ 'ਤੇ ਬਹਿਸ ਕਰਦਿਆਂ ਉਨ੍ਹਾਂ ਦੇ ਵਕੀਲ ਆਰ.ਐਸ.ਚੀਮਾ ਨੇ ਜਸਟਿਸ ਏ.ਜੀ. ਮਸੀਹ ਤੇ ਜਸਟਿਸ ਸੰਦੀਪ ਮੌਦਗਿਲ ਦੀ ਡਵੀਜ਼ਨ ਬੈਂਚ ਮੁਹਰੇ ਪੈਰਵੀ ਕੀਤੀ ਹੈ ਕਿ ਮਜੀਠੀਆ ਵਿਰੁਧ ਮੌਜੂਦਾ ਮਾਮਲਾ ਰਾਜਸੀ ਰੰਜਸ਼ ਕਾਰਨ ਦਰਜ ਕੀਤਾ ਗਿਆ ਸੀ |
ਉਨ੍ਹਾਂ ਹਾਈ ਕੋਰਟ ਦਾ ਧਿਆਨ ਦਿਵਾਇਆ ਕਿ ਤਤਕਾਲੀ ਪੀਪੀਸੀਸੀ ਪ੍ਰਧਾਨ ਨਵਜੋਤ ਸਿੱਧੂ, ਤਤਕਾਲੀ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਾਰ-ਵਾਰ ਬਿਆਨ ਦਿਤੇ ਕਿ ਮਜੀਠੀਆ ਨੂੰ ਡਰੱਗਜ਼ ਕੇਸ ਵਿਚ ਅੰਦਰ ਕਰਾਂਗੇ | ਐਡਵੋਕੇਟ ਚੀਮਾ ਨੇ ਕਿਹਾ ਕਿ ਇਨ੍ਹਾਂ ਆਗੂਆਂ ਦੇ ਕਹਿਣ 'ਤੇ ਤੱਤਕਾਲੀ ਐਕਟਿੰਗ ਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਨੇ ਬੀਓਆਈ ਦੇ ਏਡੀਜੀਪੀ ਅਸਥਾਨਾ ਨੰੂ ਮਾਮਲੇ ਵਿਚ ਸੰਭਾਵਨਾਵਾਂ ਵੇਖਣ ਲਈ ਕਿਹਾ ਸੀ, ਜਿਸ 'ਤੇ ਅਸਥਾਨਾ ਨੇ ਅਪਣੇ ਜਵਾਬ ਵਿਚ ਕਿਹਾ ਸੀ ਕਿ ਕਿਉਂਕਿ ਇਸ ਮਾਮਲੇ ਵਿਚ ਸੀਲਬੰਦ ਰੀਪੋਰਟਾਂ ਹਾਈ ਕੋਰਟ ਵਿਚ ਪਈਆਂ ਹਨ, ਲਿਹਾਜ਼ਾ ਨਵਾਂ ਮਾਮਲਾ ਦਰਜ ਨਹੀਂ ਕੀਤਾ ਜਾ ਸਕਦਾ | ਹਾਈ ਕੋਰਟ ਦਾ ਧਿਆਨ ਦਿਵਾਇਆ ਗਿਆ ਕਿ ਇਸ ਉਪਰੰਤ ਡੀਜੀਪੀ ਬਦਲ ਦਿਤਾ ਗਿਆ ਤੇ ਨਵੇਂ ਬਣਾਏ ਡੀਜੀਪੀ ਸਿੱਧਾਰਥ ਚਟੋਪਾਧਿਆਏ ਨੇ ਮਾਮਲਾ ਦਰਜ ਕਰਨ ਦਾ ਹੁਕਮ ਦਿਤਾ, ਜਿਸ 'ਤੇ ਬੀਓਆਈ ਦੇ ਮੁਹਾਲੀ ਥਾਣਾ ਵਿਖੇ ਮਾਮਲਾ ਦਰਜ ਕੀਤਾ ਗਿਆ |
ਬੈਂਚ ਅੱਗੇ ਬੇਨਤੀ ਕੀਤੀ ਗਈ ਕਿ ਡਰੱਗਜ਼ ਕੇਸ ਦੀ ਜਾਂਚ ਵੱਖਰੇ ਤੌਰ 'ਤੇ ਚਲ ਰਹੀ ਹੈ ਤੇ ਇਸ ਜਾਂਚ ਦੀ ਮਾਨੀਟਰਿੰਗ
ਹਾਈ ਕੋਰਟ ਬੈਂਚ ਕਰ ਰਹੀ ਹੈ, ਲਿਹਾਜ਼ਾ ਮਜੀਠੀਆ 'ਤੇ ਵਖਰਾ ਮਾਮਲਾ ਦਰਜ ਨਹੀਂ ਕੀਤਾ ਜਾ ਸਕਦਾ ਸੀ | ਇਹ ਵੀ ਕਿਹਾ ਕਿ ਪੰਜ ਮਹੀਨੇ ਤੋਂ ਮਜੀਠੀਆ ਜੇਲ ਵਿਚ ਹੈ ਤੇ ਪੁਲਿਸ ਨੇ ਅਜੇ ਤਕ ਇਸ ਮਾਮਲੇ ਦੀ ਜਾਂਚ ਬਾਰੇ ਕੱੁਝ ਵੀ ਨਹੀਂ ਦਸਿਆ ਤੇ ਜੇਕਰ ਚਲਾਨ ਵੀ ਪੇਸ਼ ਕੀਤਾ ਜਾਂਦਾ ਹੈ ਤਾਂ ਜਾਂਚ ਏਜੰਸੀ ਕੋਲ ਕਹਿਣ ਨੂੰ ਕੱੁਝ ਨਹੀਂ ਹੋਵੇਗਾ, ਕਿਉਂਕਿ ਐਫਆਈਆਰ ਵਿਚ ਸਿਰਫ਼ ਪਨਾਹ ਦੇਣ ਦਾ ਦੋਸ਼ ਲਗਾਇਆ ਗਿਆ ਹੈ ਤੇ ਜੇਕਰ ਕੋਈ ਵਿਅਕਤੀ ਕਿਸੇ ਦੇ ਘਰ ਕੁੱਝ ਲੈ ਕੇ ਆਇਆ ਹੋਵੇ ਤਾਂ ਇਸ ਲਈ ਘਰ ਵਾਲੇ ਨੰੂ ਕਿਵੇਂ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ |
ਇਸ ਤੋਂ ਇਲਾਵਾ ਐਡਵੋਕੇਟ ਚੀਮਾ ਨੇ ਕਈ ਹੋਰ ਨੁਕਤੇ ਵੀ ਬੈਂਚ ਮੁਹਰੇ ਚੁੱਕੇ ਕਿ ਡਰੱਗਜ਼ ਕੇਸ ਦੇ ਕਿਸੇ ਵੀ ਮੁਲਜ਼ਮ ਨੇ ਪਹਿਲਾਂ ਮਜੀਠੀਆ ਬਾਰੇ ਕੁੱਝ ਨਹੀਂ ਕਿਹਾ ਤੇ ਹੁਣ ਇਹ ਮਾਮਲਾ ਦਰਜ ਕੀਤਾ ਗਿਆ ਹੈ, ਜਿਹੜਾ ਕਿ ਸਰਾਸਰ ਗ਼ਲਤ ਹੈ ਤੇ ਇਸ ਮਾਮਲੇ ਵਿਚ ਮਜੀਠੀਆ ਨੂੰ ਹੋਰ ਸਮਾਂ ਜੇਲ ਵਿਚ ਰਖਣਾ ਨਾਇਨਸਾਫ਼ੀ ਹੋਵੇਗੀ, ਲਿਹਾਜ਼ਾ ਜ਼ਮਾਨਤ ਦਿਤੀ ਜਾਣੀ ਚਾਹੀਦੀ ਹੈ | ਇਸ ਮਾਮਲੇ ਵਿਚ ਐਡਵੋਕੇਟ ਅਰਸ਼ਦੀਪ ਚੀਮਾ ਵੀ ਮਜੀਠੀਆ ਵਲੋਂ ਪੇਸ਼ ਹੋਏ | ਅਜੇ ਮਜੀਠੀਆ ਪੱਖ ਦੀ ਬਹਿਸ ਭਲਕੇ ਵੀ ਜਾਰੀ ਰਹੇਗੀ ਤੇ ਉਸ ਉਪਰੰਤ ਸਰਕਾਰ ਵਲੋਂ ਸੁਪਰੀਮ ਕੋਰਟ ਦੇ ਵਕੀਲ ਵੀ.ਵੀ.ਗਿਰੀ ਬਹਿਸ ਕਰਨਗੇ |