
ਜ਼ਿਲ੍ਹਾ ਪੁਲਿਸ ਮੁਖੀ ਗੌਰਵ ਤੂਰਾ ਨੇ ਦੱਸਿਆ ਕਿ ਕੇਸ ਸੰਬੰਧੀ ਆਈਜੀ ਬਠਿੰਡਾ ਰੇਂਜ ਵਲੋਂ ਗਠਿਤ ਸਪੈਸ਼ਲ ਜਾਂਚ ਟੀਮ ਨੂੰ ਕੇਸ ਸੰਬੰਧੀ ਲਗਾਤਾਰ ਅਹਿਮ ਸੁਰਾਗ ਮਿਲ ਰਹੇ ਹਨ।
ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਸਬੰਧੀ ਅਹਿਮ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਗੌਰਵ ਤੂਰਾ ਨੇ ਦੱਸਿਆ ਕਿ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲ ਕੇਸ ਸੰਬੰਧੀ ਆਈਜੀ ਬਠਿੰਡਾ ਰੇਂਜ ਵਲੋਂ ਗਠਿਤ ਸਪੈਸ਼ਲ ਜਾਂਚ ਟੀਮ ਨੂੰ ਕੇਸ ਸੰਬੰਧੀ ਲਗਾਤਾਰ ਅਹਿਮ ਸੁਰਾਗ ਮਿਲ ਰਹੇ ਹਨ।
ਉਹਨਾਂ ਦੱਸਿਆ ਕਿ ਇਸ ਕਤਲ ਕੇਸ 'ਚ ਸ਼ਾਮਲ ਵਿਅਕਤੀਆਂ ਦਾ ਰੂਟ ਵੀ ਟਰੇਸ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵੱਖ-ਵੱਖ ਤਕਨੀਕੀ ਟੀਮਾਂ ਤੋਂ ਅਹਿਮ ਜਾਣਕਾਰੀਆਂ ਮਿਲੀਆਂ ਹਨ। ਉਹਨਾਂ ਦੱਸਿਆ ਕਿ ਤਫ਼ਤੀਸ਼ ਦੌਰਾਨ ਬੀਤੇ ਦਿਨ 2 ਗੈਂਗਸਟਰਾਂ ਨੂੰ ਪ੍ਰੋਡਕਸ਼ਨ ਵਰੰਟ 'ਤੇ ਲਿਆਂਦਾ ਗਿਆ ਹੈ ਅਤੇ ਇਕ ਹੋਰ ਮੁਲਜ਼ਮ ਨੂੰ ਮੁਕੱਦਮੇ 'ਚ ਸ਼ਾਮਲ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਮਾਨਸਾ ਪੁਲਿਸ ਲਾਰੈਂਸ ਬਿਸ਼ਨੋਈ ਨੂੰ ਵੀ ਕਾਨੂੰਨ ਅਨੁਸਾਰ ਤਫ਼ਤੀਸ਼ 'ਚ ਸ਼ਾਮਲ ਕਰੇਗੀ।
ਫਿਲਹਾਲ ਲਾਰੈਂਸ 5 ਦਿਨਾਂ ਦੇ ਪੁਲਸ ਰਿਮਾਂਡ 'ਤੇ ਦਿੱਲੀ ਦੇ ਸਪੈਸ਼ਲ ਸੈੱਲ ਕੋਲ ਹੈ। ਜਾਣਕਾਰੀ ਮੁਤਾਬਕ ਸਪੈਸ਼ਲ ਸੈੱਲ ਮੂਸੇਵਾਲਾ ਕਤਲ ਮਾਮਲੇ 'ਚ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਕਰੇਗਾ। ਦੱਸ ਦੇਈਏ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ।