ਕੋਚਿੰਗ ਸੈਂਟਰ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ
ਮੋਗਾ: ਮੋਗਾ ਜ਼ਿਲ੍ਹੇ ਦੇ ਸਮਾਲਸਰ ਕਸਬੇ ਦੀ ਰਹਿਣ ਵਾਲੀ 24 ਸਾਲਾ ਸੁਖਪ੍ਰੀਤ ਕੌਰ ਨੂੰ ਬੱਸ ਨੇ ਟੱਕਰ ਮਾਰ ਦਿਤੀ। ਹਾਦਸੇ ਵਿਚ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਦੀ ਇਕ ਲੱਤ ਬੁਰੀ ਤਰ੍ਹਾਂ ਕੁਚਲੀ ਗਈ ਹੈ। ਉਸ ਦੀ ਹਾਲਤ ਨੂੰ ਦੇਖਦੇ ਹੋਏ ਸਰਕਾਰੀ ਹਸਪਤਾਲ ਤੋਂ ਮੈਡੀਕਲ ਕਾਲਜ ਫਰੀਦਕੋਟ ਲਈ ਰੈਫਰ ਕਰ ਦਿਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸੁਖਪ੍ਰੀਤ ਕਸਬਾ ਬਾਘਾਪੁਰਾਣਾ ਸਥਿਤ ਇਕ ਸੈਂਟਰ ਵਿਚ ਪੜ੍ਹਨ ਲਈ ਆਉਂਦੀ ਹੈ। ਰੋਜ਼ ਦੀ ਤਰ੍ਹਾਂ ਵੀਰਵਾਰ ਸਵੇਰੇ ਵੀ ਉਹ ਪੜ੍ਹਾਈ ਤੋਂ ਬਾਅਦ ਵਾਪਸ ਸਮਾਲਸਰ ਜਾਣ ਲਈ ਬੱਸ ਸਟੈਂਡ ਪਹੁੰਚੀ। ਉਥੇ ਰਾਜਧਾਨੀ ਕੰਪਨੀ ਦੀ ਬੱਸ ਅਬੋਹਰ ਤੋਂ ਜਲੰਧਰ ਜਾ ਰਹੀ ਸੀ। ਉਹ ਤੇਜ਼ ਰਫ਼ਤਾਰ ਨਾਲ ਬਾਘਾਪੁਰਾਣਾ ਦੇ ਬੱਸ ਸਟੈਂਡ ਵਿਚ ਦਾਖ਼ਲ ਹੋ ਰਹੀ ਸੀ।
ਸੁਖਪ੍ਰੀਤ ਕੌਰ ਦਾ ਕਹਿਣਾ ਹੈ ਕਿ ਜਦੋਂ ਉਹ ਬੱਸ ਦੇ ਨੇੜੇ ਤੋਂ ਲੰਘਣ ਲੱਗੀ ਤਾਂ ਤੇਜ਼ ਰਫ਼ਤਾਰ ਕਾਰਨ ਬੱਸ ਨੇ ਉਸ ਨੂੰ ਟੱਕਰ ਮਾਰ ਦਿਤੀ। ਬੱਸ ਨੇ ਉਸ ਦੀ ਇਕ ਲੱਤ ਬੁਰੀ ਤਰ੍ਹਾਂ ਕੁਚਲ ਦਿਤੀ। ਲੋਕ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲੈ ਗਏ, ਜਿਥੇ ਡਾਕਟਰ ਨੇ ਦਸਿਆ ਕਿ ਲੱਤ ਵਿਚ 20 ਸੈਂਟੀਮੀਟਰ ਦਾ ਕੱਟ ਹੈ। ਰਿਸਕ ਲਏ ਬਿਨਾਂ ਫਰੀਦਕੋਟ ਰੈਫਰ ਕਰ ਦਿਤਾ।