
ਭਾਜਪਾ ਵਿਧਾਇਕ ਨੇ ਓਵੈਸੀ ਨੂੰ ਕਿਹਾ 'ਸਿਆਸੀ ਅਤਿਵਾਦੀ'
ਬਲੀਆ, ਲਖਨਊ, 30 ਜੂਨ : ਅਪਣੇ ਵਿਵਾਦਤ ਬਿਆਨਾਂ ਲਈ ਅਕਸਰ ਚਰਚਾ ਵਿਚ ਰਹਿਣ ਵਾਲੇ ਭਾਜਪਾ ਵਿਧਾਇਕ ਸੁਰਿੰਦਰ ਸਿੰਘ ਨੇ ਕਿਹਾ ਕਿ ਆਲ ਇੰਡੀਆ ਮਜਲਿਸ ਏ ਇੱਤੇਹਾਦੁਲ ਮੁਸਲਮੀਨ (ਏਆੲਾਐਮਆਈਐਮ) ਆਗੂ ਅਸਦੁਦੀਨ ਓਵੈਸੀ 'ਸਿਆਸੀ ਅਤਿਵਾਦੀ' ਦੇ ਰੂਪ ਧਾਰਦੇ ਜਾ ਰਹੇ ਹਨ |
ਬਲੀਆ ਜ਼ਿਲ੍ਹੇ ਦੇ ਬੈਰਿਆ ਖੇਤਰ ਵਿਚ ਭਾਜਪਾ ਵਿਧਾਇਕ ਨੇ ਮੰਗਲਵਾਰ ਸ਼ਾਮ ਖੇਤਰ ਵਿਚ ਇਕ ਸੜਕ ਨਿਰਮਾਨ ਦਾ ਨਿਰੀਖਣ ਕਰਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਿਹਾ,''ਏਆਈਐਮਆਈਐਮ ਦੇ ਮੁਖੀ ਅਤੇ ਸਾਂਸਦ ਅਸਦੁਦੀਨ ਓਵੈਸੀ ਸਿਆਸੀ ਅਤਿਵਾਦੀ ਦਾ ਰੂਪ ਧਾਰ ਰਹੇ ਹਨ ਅਤੇ ਉਨ੍ਹਾਂ ਦੀ ਨੀਅਤ ਸਮਾਜ ਨੂੰ ਭੜਕਾਉਣ, ਉਸ ਤੋੜਨ ਦੀ ਹੈ |'' ਉਨ੍ਹਾਂ ਕਿਹਾ ਕਿ ਓਵੈਸੀ ਨੂੰ ਭਾਰਤ ਦੀ ਧਰਮ ਨਿਰਪੱਖਤਾ 'ਤੇ ਉਦੋਂ ਤਕ ਹੀ ਵਿਸ਼ਵਾਸ ਹੈ, ਜਦੋਂ ਤਕ ਹਿੰਦੂ ਸਮਾਜ ਬਹੁ ਗਿਣਤੀ ਹੈ |
ਇਸ ਵਿਚਾਲੇ ਏਆਈਐਮਆਈਐਮ ਦੀ ਉਤਰ ਪ੍ਰਦੇਸ਼ ਇਕਾਈ ਦੇ ਪ੍ਰਧਾਨ ਸ਼ੋਕਤ ਅਲੀ ਨੇ ਭਾਜਪਾ ਵਿਧਾਇਕ ਸੁਰਿੰਦਰ ਸਿੰਘ ਦੇ ਇਸ ਬਿਆਨ 'ਤੇ ਕਿਹਾ ਕਿ,''ਇਹ ਉਨ੍ਹਾਂ ਦੀ ਮਾਨਸਿਕ ਦਿਵਾਲੀਅਪਣ ਨੂੰ ਜ਼ਾਹਰ ਕਰਦਾ ਹੈ |'' ਅਲੀ ਨੇ ਕਿਹਾ ਕਿ ਭਾਰਤ ਇਕ ਲੋਕਤੰਤਰੀ ਦੇਸ਼ ਹੈ ਅਤੇ ਇਸ ਵਿਚ 'ਸਿਆਸੀ ਅਤਿਵਾਦ' ਵਰਗੇ ਸ਼ਬਦਾਂ ਦੀ ਕੋਈ ਥਾਂ ਨਹੀਂ ਹੈ | ਉਨ੍ਹਾਂ ਕਿਹਾ ਕਿ ਇਹ ਜਗਜਾਹਰ ਹੈ ਕਿ ਭਾਜਪਾ ਖ਼ੁਦ ਹੀ ਸਮਾਜ ਨੂੰ ਭੜਕਾਉਣ ਅਤੇ ਨਫ਼ਰਤ ਫ਼ੈਲਾਉਣ ਦੀ ਸਿਆਸਤ ਕਰ ਰਹੀ ਹੈ |'' (ਪੀਟੀਆਈ)