
ਮੋਦੀ-ਸਰਕਾਰ ਦੀਆਂ ਚਾਲਾਂ ਨੂੰ ਅਸਫ਼ਲ ਕਰਦਿਆਂ ਕਿਸਾਨ-ਅੰਦੋਲਨ ਜਿੱਤਾਂਗੇ : ਬੂਟਾ ਸਿੰਘ ਬੁਰਜਗਿੱਲ
ਕਿਹਾ, 7 ਮਹੀਨਿਆਂ ਦਾ ਸਾਡਾ ਅੰਦੋਲਨ, 7 ਵਰਿ੍ਹਆਂ ਦੀਆਂ ਮੋਦੀ ਸਰਕਾਰ 'ਤੇ ਭਾਰੀ ਪਿਆ
ਨਵੀਂ ਦਿੱਲੀ, 30 ਜੂਨ (ਸੁਖਰਾਜ ਸਿੰਘ): ਸੰਯੁਕਤ ਕਿਸਾਨ ਮੋਰਚੇ ਦੀ ਸਿੰਘੂ ਬਾਰਡਰ ਸਟੇਜ ਤੋਂ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਜਨਰਲ-ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ 'ਹੁਲ ਕ੍ਰਾਂਤੀ ਦਿਵਸ' ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਦੇ ਦਿਨ ਸੰਨ 1855 ਵਿੱਚ ਸੰਥਾਲ ਪਰਗਨਾ ਇਲਾਕੇ ਦੇ 400 ਪਿੰਡਾਂ ਦੇ 50000 ਕਬਾਇਲੀ ਲੋਕਾਂ ਨੇ ਸਾਹਿਬ ਗੰਜ ਜ਼ਿਲ੍ਹੇ ਦੇ ਭੋਗਨਾਡੀ ਪਿੰਡ ਵਿਚ ਇਕੱਠੇ ਹੋ ਕੇ ਅੰਗਰੇਜ਼ਾਂ ਨੂੰ ਲਾਗਾਨ ਨਾ ਦੇਣ ਦਾ ਐਲਾਨ ਕੀਤਾ ਸੀ | ਤਦ ਤੋਂ ਇਸ ਵਿਦਰੋਹ ਨੂੰ 'ਹੁਲ ਕ੍ਰਾਂਤੀ' ਵਜੋਂ ਯਾਦ ਕੀਤਾ ਜਾਂਦਾ ਹੈ | ਆਦਿਵਾਸੀ ਲੋਕਾਂ ਦਾ ਸੰਘਰਸ਼ ਅੱਜ ਵੀ ਕਿਸਾਨਾਂ ਲਈ ਪ੍ਰੇਰਨਾ-ਸ੍ਰੋਤ ਹੈ |
ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਭਾਵੇਂ ਬਹੁਤ ਕੋਝੀਆਂ ਚਾਲਾਂ ਚੱਲ ਰਹੀ ਹੈ ਪਰ ਕਿਸਾਨਾਂ ਦੀ ਦਿ੍ੜਤਾ ਇਨ੍ਹਾਂ ਚਾਲਾਂ ਨੂੰ ਲਗਾਤਾਰ ਅਸਫਲ ਕਰ ਰਹੀ ਹੈ | ਅਸਲ 'ਚ ਭਾਜਪਾ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਚੁੱਕੀ ਹੈ | ਭਾਜਪਾ ਦੇ ਅੰਦਰ ਉੱਠਦੀਆਂ ਬਗਾਵਤੀ ਸੁਰਾਂ ਸਭ ਸਪੱਸ਼ਟ ਕਰਦੀਆਂ ਹਨ | ਦੇਸ਼ ਦੇ ਕਿਸਾਨਾਂ ਅਤੇ ਸਮਰਥਕਾਂ ਵੱਲੋਂ 26 ਜੂਨ ਨੂੰ ਕੀਤੇ ਸਫਲ ਪ੍ਰਦਰਸ਼ਨਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਮੋਦੀ ਦੀ 7 ਸਾਲਾਂ ਦੀ ਸਰਕਾਰ 'ਤੇ 7 ਮਹੀਨਿਆਂ ਦਾ ਅੰਦੋਲਨ ਭਾਰੀ ਪੈ ਚੁੱਕਾ ਹੈ | ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨ ਝੋਨੇ ਦੀ ਲਵਾਈ ਦਾ ਕੰਮ ਨਿਬੇੜਦਿਆਂ ਮੋਰਚਿਆਂ 'ਤੇ ਪਰਤ ਰਹੇ ਹਨ, ਉਹ ਉਦੋਂ ਤੱਕ ਡਟੇ ਰਹਿਣਗੇ, ਜਦੋਂ ਤਕ 3 ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ | ਕਿਸਾਨ ਆਗੂ ਬੁਰਜਗਿੱਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੇਤਾਂ ਲਈ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ, ਕਿਉਂਕਿ ਝੋਨੇ ਦਾ ਸੀਜ਼ਨ ਸਿਖ਼ਰਾਂ 'ਤੇ ਹੈ, ਕਿਸਾਨ ਜਲਦ ਕੰਮ ਨਿਪਟਾ ਕੇ ਸੰਘਰਸ਼ਾਂ ਦੇ ਮੈਦਾਨ 'ਚ ਮੁੜਨਾ ਚਾਹੁੰਦੇ ਹਨ |