
ਅੰਦੋਲਨ ਕਰ ਰਹੇ ਲੋਕ ਅਸਲ ਵਿਚ ਕਿਸਾਨ ਨਹੀਂ ਹਨ : ਖੱਟੜ
ਚੰਡੀਗੜ੍ਹ, 30 ਜੂਨ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਕਿ ਅੰਦੋਲਨਕਾਰੀ ਕਿਸਾਨ ਜਥੇਬੰਦੀਆਂ ਨੂੰ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਜ਼ਿੱਦ ਛੱਡ ਦੇਣੀ ਚਾਹੀਦੀ ਹੈ ਅਤੇ ਸਰਕਾਰ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਇਸ ਨੂੰ ਸ਼ਰਤ ਬਣਾਉਣ ਦਾ ਕੋਈ ਫ਼ਾਇਦਾ ਨਹੀਂ ਹੈ | ਉਨ੍ਹਾਂ ਦਾਅਵਾ ਕੀਤਾ ਕਿ ਸਿਰਫ਼ ਕੁਝ ਚੋਣਵੇਂ ਲੋਕ ਹੀ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਅਤੇ ਆਮ ਕਿਸਾਨ ਖ਼ੁਸ਼ ਹਨ | ਖੱਟੜ ਨੇ ਕਿਹਾ,''ਅੰਦੋਲਨ ਕਰ ਰਹੇ ਲੋਕ ਅਸਲ ਵਿਚ ਕਿਸਾਨ ਹੈ ਹੀ ਨਹੀਂ | ਅਸਲੀ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਤੋਂ ਕੋਈ ਦਿੱਕਤ ਨਹੀਂ ਹੈ | ਉਹ ਖ਼ੁਸ਼ ਹਨ | ਉਨ੍ਹਾਂ ਕਿਹਾ ਕਿ ਕਿਸਾਨ ਸ਼ਬਦ ਬਹੁਤ ਪਵਿੱਤਰ ਸ਼ਬਦ ਹੈ | ਕਿਸਾਨਾਂ ਪ੍ਰਤੀ ਸਾਰਿਆਂ ਦੀ ਸ਼ਰਧਾ ਹੈ, ਉਨ੍ਹਾਂ ਦੀ ਵੀ ਹੀ ਜੋ ਅੰਦੋਲਨ ਕਰ ਰਹੇ ਹਨ ਪਰ ਇਸ ਅੰਦੋਲਨ ਦਾ ਇਕ ਦੁਖਦਾਈ ਪਹਿਲੂ ਨਿਕਲ ਕੇ ਸਾਹਮਣੇ ਆਇਆ ਹੈ, ਜਿਸ 'ਚ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ | ਇਨ੍ਹਾਂ ਘਟਨਾਵਾਂ ਕਾਰਨ ਕਿਸਾਨ ਸ਼ਬਦ ਬਦਨਾਮ ਹੋ ਰਿਹਾ ਹੈ | ਮੁੱਖ ਮੰਤਰੀ ਨੇ ਕਿਹਾ ਕਿ ਅੰਦੋਲਨ 'ਚ ਧੀਆਂ-ਭੈਣਾਂ ਦੀ ਇੱਜ਼ਤ ਲੁੱਟੀ ਜਾ ਰਹੀ ਹੈ, ਅਪਰਾਧ ਹੋ ਰਹੇ ਹਨ ਅਤੇ ਕਿਸਾਨਾਂ ਦਾ ਸਥਾਨਕ ਲੋਕਾਂ ਨਾਲ ਝਗੜਾ ਹੋ ਰਿਹਾ ਹੈ |
ਖੱਟੜ ਨੇ ਕਿਹਾ,''ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਲੋਕ ਸਿਆਸੀ ਕਾਰਨਾਂ ਕਰ ਕੇ ਅਜਿਹਾ ਕਰ ਰਹੇ ਹਨ | ਉਨ੍ਹਾਂ ਦੀ ਪੰਜਾਬ ਟੀਮ ਅਜਿਹਾ ਕਰ ਰਹੀ ਹੈ ਕਿਉਂਕਿ ਉਥੇ ਚੋਣਾਂ ਆ ਰਹੀਆਂ ਹਨ | ਪਰ ਸਾਡੇ ਸੂਬੇ ਵਿਚ ਕੋਈ ਚੋਣ ਨਹੀਂ ਹੈ | ਇਹ ਸਿਆਸੀ ਪੈਂਤੜੇ ਅਪਣਾ ਕੇ ਸਰਕਾਰ ਨੂੰ ਬਦਨਾਮ ਕਰਨ ਦਾ ਏਜੰਡਾ ਚਲ ਰਿਹਾ ਹੈ ਅਤੇ ਕਾਂਗਰਸ ਵੀ ਇਸ ਵਿਚ ਉਨ੍ਹਾਂ ਦਾ ਸਾਥ ਦੇ ਰਹੀ ਹੈ |'' ਉਨ੍ਹਾਂ ਕਿਹਾ ਕਿ ਸਰਕਾਰ ਗੱਲਬਾਤ ਲਈ ਤਿਆਰ ਹੈ | ਕੁਝ ਦਿਨ ਪਹਿਲਾਂ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਨੇ ਵੀ ਇਹ ਗੱਲ ਆਖੀ ਹੈ |
(ਪੀਟੀਆਈ)