
Punjab News : ਰਾਜ ਦਾ ਕਰਜ਼ਾ GSDP ਅਨੁਪਾਤ ਦੇਸ਼ ’ਚ ਦੂਜੇ ਸਥਾਨ 'ਤੇ
Punjab will take a Loan of Rs 8500 Crore between July and September Latest News in Punjabi ਚੰਡੀਗੜ੍ਹ, ਪੰਜਾਬ ਸਰਕਾਰ ਅੱਜ ਸ਼ੁਰੂ ਹੋ ਰਹੇ ਮੌਜੂਦਾ ਵਿੱਤੀ ਸਾਲ ਦੀ ਦੂਜੀ ਤਿਮਾਹੀ ਵਿਚ 8500 ਕਰੋੜ ਰੁਪਏ ਦਾ ਕਰਜ਼ਾ ਲਵੇਗੀ। ਇਸ ਨੂੰ ਭਾਰਤੀ ਰਿਜ਼ਰਵ ਬੈਂਕ (RBI) ਨੇ ਮਨਜ਼ੂਰੀ ਦੇ ਦਿਤੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਨਕਦੀ ਦੀ ਤੰਗੀ ਦਾ ਸਾਹਮਣਾ ਕਰ ਰਹੀ ਸੂਬਾ ਸਰਕਾਰ ਨੂੰ ਜੁਲਾਈ ਵਿਚ 2000 ਕਰੋੜ ਰੁਪਏ ਇਕੱਠੇ ਕਰਨੇ ਹਨ, ਜਦੋਂ ਕਿ ਅਗੱਸਤ ਵਿਚ ਸੂਬੇ ਵਲੋਂ 3000 ਕਰੋੜ ਰੁਪਏ ਦਾ ਵਾਧੂ ਕਰਜ਼ਾ ਇਕੱਠਾ ਕੀਤਾ ਜਾਵੇਗਾ। ਸਤੰਬਰ ਵਿਚ, ਸੂਬਾ ਸਰਕਾਰ 3500 ਕਰੋੜ ਰੁਪਏ ਦਾ ਕਰਜ਼ਾ ਇਕੱਠਾ ਕਰੇਗੀ। ਇਨ੍ਹਾਂ ਕਰਜ਼ਿਆਂ ਨਾਲ, ਇਸ ਵਿੱਤੀ ਸਾਲ ਦੌਰਾਨ ਪੰਜਾਬ ਸਰਕਾਰ ਵਲੋਂ ਚੁੱਕਿਆ ਗਿਆ ਕੁੱਲ ਕਰਜ਼ਾ 14741.92 ਕਰੋੜ ਰੁਪਏ ਹੋ ਜਾਵੇਗਾ। ਇਸ ਸਾਲ, ਪੰਜਾਬ ਨੇ 34201.11 ਕਰੋੜ ਰੁਪਏ ਦਾ ਕਰਜ਼ਾ ਇਕੱਠਾ ਕਰਨ ਦਾ ਟੀਚਾ ਰੱਖਿਆ ਹੈ।
ਮਾਰਚ, 2026 ਦੇ ਅੰਤ ਤੱਕ ਸੂਬੇ ਦਾ ਕੁੱਲ ਕਰਜ਼ਾ 4 ਲੱਖ ਕਰੋੜ ਰੁਪਏ ਤਕ ਪਹੁੰਚਣ ਦੀ ਉਮੀਦ ਹੈ। ਇਸ ਦਾ ਮਤਲਬ ਹੈ ਕਿ ਸੂਬੇ ਦੀ ਤਿੰਨ ਕਰੋੜ ਦੀ ਆਬਾਦੀ ਦੇ ਹਿਸਾਬ ਨਾਲ ਹਰ ਪੰਜਾਬੀ 'ਤੇ 1.33 ਲੱਖ ਰੁਪਏ ਦਾ ਕਰਜ਼ਾ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨਾਲ ਜਦੋਂ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸੂਬੇ ਦਾ ਕੁੱਲ ਕਰਜ਼ਾ ਵਧ ਰਿਹਾ ਹੈ। ਮਾਰਚ 2024 ਤਕ ਸੂਬੇ ਦਾ ਕੁੱਲ ਬਕਾਇਆ ਕਰਜ਼ਾ 3.82 ਲੱਖ ਕਰੋੜ ਰੁਪਏ ਸੀ, ਜੋ ਕਿ ਸੂਬੇ ਦੇ ਜੀਡੀਪੀ ਦੇ 44 ਪ੍ਰਤੀਸ਼ਤ ਤੋਂ ਵੱਧ ਹੈ। ਇਸ ਸਾਲ ਦੇ ਸ਼ੁਰੂ ਵਿਚ ਕੇਂਦਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਦੁਆਰਾ ਸੰਸਦ ਵਿਚ ਪੇਸ਼ ਕੀਤੀ ਗਈ ਦੇਸ਼ ਦੇ ਕਰਜ਼ਦਾਰ ਸੂਬਿਆਂ ਬਾਰੇ ਇਕ ਰਿਪੋਰਟ ਵਿਚ ਚਿੰਤਾ ਪ੍ਰਗਟ ਕੀਤੀ ਗਈ ਸੀ ਕਿ ਪੰਜਾਬ ਦਾ ਕਰਜ਼ਾ ਜੀਐਸਡੀਪੀ ਅਨੁਪਾਤ ਵਿਚ ਦੇਸ਼ ਵਿਚ ਦੂਜਾ ਸੱਭ ਤੋਂ ਵੱਧ ਸੀ।
'ਇਕ ਰੋਡਮੈਪ ਤਿਆਰ ਕਰਨ ਦੀ ਲੋੜ’
ਪ੍ਰਸਿੱਧ ਅਰਥਸ਼ਾਸਤਰੀ ਆਰਐਸ ਘੁੰਮਣ ਨੇ ਦਸਿਆ ਕਿ ਭਾਵੇਂ ਸੂਬੇ ਵਲੋਂ ਲਏ ਜਾ ਰਹੇ ਉਧਾਰ ਆਰਬੀਆਈ ਦੁਆਰਾ ਨਿਰਧਾਰਤ ਸਵੀਕਾਰਯੋਗ ਸੀਮਾ ਦੇ ਅੰਦਰ ਹਨ, ਪਰ ਸੂਬੇ ਨੂੰ ਭਾਰੀ ਅਤੇ ਅਸਥਿਰ ਕਰਜ਼ੇ ਨੂੰ ਦੇਖਦੇ ਹੋਏ ਇਕ ਰੋਡਮੈਪ ਤਿਆਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੂੰ ਦਰਮਿਆਨੇ ਅਤੇ ਲੰਬੇ ਸਮੇਂ ਵਿਚ ਕਰਜ਼ੇ ਦੇ ਬੋਝ ਨੂੰ ਘਟਾਉਣ ਬਾਰੇ ਸੋਚਣਾ ਚਾਹੀਦਾ ਹੈ। ਕੇਵਲ ਤਦ ਹੀ ਪੰਜਾਬ ਕੋਲ ਪੂੰਜੀ ਸੰਪਤੀ ਸਿਰਜਣ 'ਤੇ ਖ਼ਰਚ ਕਰਨ ਲਈ ਪੈਸਾ ਹੋਵੇਗਾ।
ਕਦੋਂ ਅਤੇ ਕਿੰਨਾ ਉਧਾਰ ਲੈ ਸਕਦੀ ਹੈ ਪੰਜਾਬ ਸਰਕਾਰ
8 ਜੁਲਾਈ 500 ਕਰੋੜ ਰੁਪਏ
15 ਜੁਲਾਈ 500 ਕਰੋੜ ਰੁਪਏ
22 ਜੁਲਾਈ 500 ਕਰੋੜ ਰੁਪਏ
29 ਜੁਲਾਈ 500 ਕਰੋੜ ਰੁਪਏ
5 ਅਗੱਸਤ 1500 ਕਰੋੜ ਰੁਪਏ
12 ਅਗੱਸਤ 1000 ਕਰੋੜ ਰੁਪਏ
19 ਅਗੱਸਤ 500 ਕਰੋੜ ਰੁਪਏ
2 ਸਤੰਬਰ 1500 ਕਰੋੜ ਰੁਪਏ
9 ਸਤੰਬਰ 500 ਕਰੋੜ ਰੁਪਏ
23 ਸਤੰਬਰ 500 ਕਰੋੜ ਰੁਪਏ
30 ਸਤੰਬਰ 1000 ਕਰੋੜ ਰੁਪਏ