
ਸੂਬੇ ਦੇ ਸਭ ਤੋਂ ਜਿਆਦਾ ਰੁਝੇਵੇਂ ਵਾਲੇ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਆਉਣ ਵਾਲੇ ਯਾਤਰੀਆਂ ਨੂੰ ਹੁਣ ਸਟੇਡੀਅਮ ਵਾਲੇ ਪਾਸੇ ਵੀ 'ਐਕਸੀਲੇਟਰ' ਪੌੜੀਆਂ............
ਲੁਧਿਆਣਾ : ਸੂਬੇ ਦੇ ਸਭ ਤੋਂ ਜਿਆਦਾ ਰੁਝੇਵੇਂ ਵਾਲੇ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਆਉਣ ਵਾਲੇ ਯਾਤਰੀਆਂ ਨੂੰ ਹੁਣ ਸਟੇਡੀਅਮ ਵਾਲੇ ਪਾਸੇ ਵੀ 'ਐਕਸੀਲੇਟਰ' ਪੌੜੀਆਂ ਦੀ ਸਹੂਲਤ ਵੀ ਮਿਲੇਗੀ। ਇਹ ਸਹੂਲਤ ਸੰਬੰਧੀ ਬੁਨਿਆਦੀ ਢਾਂਚਾ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ, ਜਿਨ੍ਹਾਂ ਦਾ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਜਾਇਜ਼ਾ ਲਿਆ। ਇਹ ਸਹੂਲਤ 15 ਸਤੰਬਰ, 2018 ਤੱਕ ਆਮ ਲੋਕਾਂ ਦੀ ਸਹੂਲਤ ਲਈ ਸ਼ੁਰੂ ਕਰਨ ਦਾ ਟੀਚਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਪ੍ਰੈੱਲ 2018 ਵਿੱਚ ਵੀ ਇੱਕ ਐਕਸੀਲੇਟਰ ਦੀ ਸਹੂਲਤ ਸ਼ੁਰੂ ਕੀਤੀ ਗਈ ਸੀ। ਇਸ ਕਾਰਜ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ 'ਤੇ ਰੇਲਵੇ ਸਟੇਸ਼ਨ ਪੁੱਜੇ
ਸ੍ਰ. ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਲੁਧਿਆਣਾ ਦਾ ਰੇਲਵੇ ਸਟੇਸ਼ਨ ਪੰਜਾਬ ਦਾ ਸਭ ਤੋਂ ਅਹਿਮ ਰੇਲਵੇ ਸਟੇਸ਼ਨ ਹੈ ਅਤੇ ਇਥੇ ਰੋਜ਼ਾਨਾ ਹਜ਼ਾਰਾਂ ਯਾਤਰੀ ਆਉਣ ਜਾਣ ਕਰਦੇ ਹਨ। ਇਹ ਸਟੇਸ਼ਨ ਦੀ ਮਾੜੀ ਢਾਂਚਾਗਤ ਹਾਲਤ ਸੰਬੰਧੀ ਪੰਜਾਬ ਸਰਕਾਰ ਅਤੇ ਉਨ੍ਹਾਂ (ਬਿੱਟੂ) ਨੇ ਕੇਂਦਰ ਸਰਕਾਰ ਤੱਕ ਕਈ ਵਾਰ ਪਹੁੰਚ ਕੀਤੀ ਸੀ। ਇਸ ਸਟੇਸ਼ਨ ਦੀ ਕਾਇਆ ਕਲਪ ਕਰਨ ਸੰੰਬੰਧੀ ਸ਼ੁਰੂ ਕੀਤੀ ਗਈ ਕਵਾਇਦ ਤਹਿਤ ਜਿੱਥੇ ਇਥੇ ਦੋ ਲਿਫ਼ਟਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਉਥੇ ਇੱਕ ਹੋਰ ਐਕਸੀਲੇਟਰ ਚਾਲੂ ਕਰਨ ਦੀ ਤਿਆਰੀ ਹੈ।
ਉਨ੍ਹਾਂ ਕਿਹਾ ਕਿ ਲਿਫ਼ਟਾਂ ਦੇ ਨਾਲ-ਨਾਲ ਇਥੇ ਆਉਣ ਵਾਲੇ ਯਾਤਰੀਆਂ ਨੂੰ ਐਕਸੀਲੇਟਰ ਪੋੜੀਆਂ ਦੀ ਵੀ ਵੱਡੀ ਲੋੜ ਦਰਪੇਸ਼ ਸੀ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਇਸ ਸਹੂਲਤ ਨੂੰ ਤਿਆਰ ਕਰਵਾਇਆ ਗਿਆ ਹੈ। ਇਹ ਸਹੂਲਤ ਸ਼ੁਰੂ ਹੋਣ ਨਾਲ ਇਥੇ ਆਉਣ ਵਾਲੇ ਹਜ਼ਾਰਾਂ ਯਾਤਰੀਆਂ ਨੂੰ ਵੱਡੀ ਸਹੂਲਤ ਮਿਲੇਗੀ। ਸ੍ਰ. ਬਿੱਟੂ ਨੇ ਹੋਰ ਕਿਹਾ ਕਿ ਪੰਜਾਬ ਸਰਕਾਰ ਰੇਲਵੇ ਵਿਭਾਗ ਨਾਲ ਮਿਲਕੇ ਸੂਬੇ ਦੇ ਸਾਰੇ ਰੇਲਵੇ ਸਟੇਸ਼ਨਾਂ ਦੀ ਕਾਇਆ ਕਲਪ ਕਰਾਉਣ ਲਈ ਵਚਨਬੱਧ ਹੈ। ਇਸ ਮੌਕੇ ਨਿੱਜੀ ਸਹਾਇਕ ਗੁਰਦੀਪ ਸਿੰਘ ਸਰਪੰਚ, ਹਰਜਿੰਦਰ ਸਿੰਘ ਢੀਂਡਸਾ ਅਤੇ ਹੋਰ ਹਾਜ਼ਰ ਸਨ।