
ਨਗਰ ਕੌਂਸਲ ਜ਼ੀਰਕਪੁਰ ਵਿਚ ਕਰਮਚਾਰੀਆਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਅਤੇ ਫਰਲੋ 'ਤੇ ਲਗਾਮ ਲਾਉਣ ਲਈ ਹੁਣ 1 ਅਗੱਸਤ ਤੋਂ ਸਾਰੇ ਕਰਮਚਾਰੀਆਂ ਦੀ ਹਾਜ਼ਰੀ.............
ਜ਼ੀਰਕਪੁਰ : ਨਗਰ ਕੌਂਸਲ ਜ਼ੀਰਕਪੁਰ ਵਿਚ ਕਰਮਚਾਰੀਆਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਅਤੇ ਫਰਲੋ 'ਤੇ ਲਗਾਮ ਲਾਉਣ ਲਈ ਹੁਣ 1 ਅਗੱਸਤ ਤੋਂ ਸਾਰੇ ਕਰਮਚਾਰੀਆਂ ਦੀ ਹਾਜ਼ਰੀ ਬਾਇਉਮੈਟ੍ਰਿਕ ਮਸ਼ੀਨ ਤੇ ਲਗਾਈ ਜਾਇਆ ਕਰੇਗੀ। ਮਸ਼ੀਨ ਦੀ ਦੇਖਭਾਲ ਲਈ ਇਕ ਸੇਵਾਦਾਰ ਦੀ ਡਿਊਟੀ ਲਗਾਈ ਜਾਵੇਗੀ ਤਾਂ ਜੋ ਕੋਈ ਵੀ ਕਰਮਚਾਰੀ ਉਸ ਨਾਲ ਛੇੜਛਾੜ ਨਾ ਕਰ ਸਕੇ। ਇਹ ਨਿਰਦੇਸ਼ ਕੁਲਵਿੰਦਰ ਸੋਹੀ ਪ੍ਰਧਾਨ ਨਗਰ ਕੌਂਸਲ ਜ਼ੀਰਕਪੁਰ ਵਲੋਂ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਦਿਤੇ ਗਏ।
ਮੀਟਿੰਗ ਵਿਚ ਸ਼ਹਿਰ ਦੀ ਸਫ਼ਾਈ ਵਲ ਵਿਸ਼ੇਸ਼ ਧਿਆਨ ਦੇਣ ਲਈ ਜ਼ੋਰ ਦਿਤਾ ਗਿਆ ਅਤੇ ਕਿਹਾ ਕਿ ਸੱਭ ਤੋਂ ਪਹਿਲਾਂ ਸ਼ਹਿਰ ਦੀਆਂ ਮੇਨ ਸੜਕਾਂ ਅਤੇ ਕਮਰਸ਼ੀਅਲ ਮਾਰਕੀਟਾਂ ਸਾਫ਼ ਹੋਣੀਆਂ ਚਾਹੀਦੀਆਂ ਹਨ। ਇਹ ਵੀ ਹਦਾਇਤ ਕੀਤੀ ਕਿ ਸੜਕਾਂ ਦੇ ਬਰਮਾਂ ਤੋਂ ਮਿੱਟੀ ਅਤੇ ਕਚਰਾ ਆਦਿ ਚੁਕਵਾ ਕੇ ਸਫ਼ਾਈ ਕਰਵਾਈ ਜਾਵੇ। ਉਨ੍ਹਾਂ ਸਫ਼ਾਈ ਕਰਮਚਾਰੀਆਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਲਈ ਕਾਰਜ ਸਾਧਕ ਅਫ਼ਸਰ ਨੂੰ ਹਦਾਇਤ ਕੀਤੀ। ਸੋਹੀ ਨੇ ਡਿਊਟੀ ਦੌਰਾਨ ਅਣਗਹਿਲੀ ਕਰਨ ਵਾਲੇ ਕਰਮਚਾਰੀਆਂ ਵਿਰੁਧ ਤੁਰਤ ਸਖ਼ਤ ਕਾਰਵਾਈ ਕਰਨ ਦੀਆਂ ਹਦਾਇਤਾਂ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨੂੰ ਦਿਤੀਆਂ।
ਪ੍ਰਧਾਨ ਕੁਲਵਿੰਦਰ ਸੋਹੀ ਨੇ ਬੈਠਕ ਦੌਰਾਨ ਆਵਾਰਾ ਪਸ਼ੂਆਂ ਦਾ ਵੀ ਗੰਭੀਰ ਨੋਟਿਸ ਲਿਆ ਅਤੇ ਕਾਰਜ ਸਾਧਕ ਅਫ਼ਸਰ ਨੂੰ ਕਾਰਵਾਈ ਆਰੰਭਣ ਲਈ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਸਟਰੀਟ ਵੈਂਡਰਿੰਗ ਪਾਲਿਸੀ ਬਣਾਈ ਜਾਵੇਗੀ। ਇਸੇ ਤਰ੍ਹਾਂ ਉਨ੍ਹਾਂ ਨਿਰਦੇਸ ਦਿਤੇ ਕਿ ਸ਼ਹਿਰ ਵਿਚ ਚੱਲ ਰਹੀਆਂ ਉਸਾਰੀਆਂ ਦਾ ਬਿਲਡਿੰਗ ਇੰਸਪੈਕਸ਼ਨ ਟੀਮ ਰਾਹੀਂ ਸਰਵੇ ਕਰਵਾਇਆ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ
ਕਿ ਕੋਈ ਵੀ ਉਸਾਰੀ ਮਨਜ਼ੂਰ ਸੁਦਾ ਨਕਸੇ ਤੋਂ ਬਿਨ੍ਹਾਂ ਨਾ ਹੋਵੇ ਅਤੇ ਕੋਈ ਵੀ ਕਮਰਸ਼ੀਅਲ ਗਤੀਵਿਧੀ ਰਿਹਾਇਸ਼ੀ ਅਦਾਰੇ ਵਿੱਚ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਡੇਂਗੂ-ਮਲੇਰੀਆ ਦੀ ਰੋਕਥਾਮ ਲਈ ਫ਼ੌਗਿੰਗ ਕਰਵਾਈ ਜਾਣੀ ਯਕੀਨੀ ਬਣਾਈ ਜਾਵੇ।