
ਚੰਡੀਗੜ੍ਹ, 3
ਅਕਤੂਬਰ (ਨੀਲ ਭਲਿੰਦਰ ਸਿੰਘ): ਬਲਾਤਕਾਰ ਦੇ ਦੋਸ਼ਾਂ ਤਹਿਤ 20 ਸਾਲ ਦੀ ਸਜ਼ਾ ਭੁਗਤ ਰਹੇ
ਸੌਦਾ ਸਾਧ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਇੰਸਾਂ ਉਰਫ਼ ਪ੍ਰਿਯੰਕਾ ਤਨੇਜਾ ਨੂੰ ਆਖ਼ਰਕਾਰ
ਪੁਲਿਸ ਨੇ 38 ਦਿਨ ਬਾਅਦ ਮੁਹਾਲੀ ਜ਼ਿਲ੍ਹੇ ਦੀ ਪੰਚਕੂਲਾ ਨਾਲ ਲਗਦੀ ਸਬ-ਡਵੀਜ਼ਨ ਜ਼ੀਰਕਪੁਰ
ਤੋਂ ਗ੍ਰਿਫ਼ਤਾਰ ਕਰ ਲਿਆ ਹੈ।
ਦਸਿਆ ਜਾ ਰਿਹਾ ਹੈ ਕਿ ਪੰਚਕੂਲਾ ਪਲਿਸ ਦੀ ਟੀਮ ਨੇ ਉਸ
ਨੂੰ ਪੰਜਾਬ ਪੁਲਿਸ ਦੀ ਮਦਦ ਨਾਲ ਗ੍ਰਿਫ਼ਤਾਰ ਕੀਤਾ ਹੈ ਪਰ ਦੇਰ ਸ਼ਾਮ ਪੰਜਾਬ ਪੁਲਿਸ ਨੇ
ਅਧਿਕਾਰਤ ਤੌਰ 'ਤੇ ਸਪੱਸ਼ਟ ਕਰ ਦਿਤਾ ਹੈ ਕਿ ਨਾ ਤਾਂ ਹਨੀਪ੍ਰੀਤ ਨੂੰ ਪੰਜਾਬ ਪੁਲਿਸ ਵਲੋਂ
ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਨਾ ਹੀ ਕਿਸੇ ਕਿਸਮ ਦੀ ਕੋਈ ਹੋਰ ਮਦਦ ਕੀਤੀ ਗਈ ਹੈ।
ਦਸਣਯੋਗ ਹੈ ਕਿ ਬੀਤੀ 25 ਅਗੱਸਤ ਨੂੰ ਵਿਸ਼ੇਸ਼ ਸੀਬੀਆਈ ਅਦਾਲਤ ਪੰਚਕੂਲਾ ਵਲੋਂ ਸੌਦਾ ਸਾਧ
ਨੂੰ ਬਲਾਤਕਾਰ ਅਤੇ ਹੋਰ ਸੰਗੀਨ ਦੋਸ਼ਾਂ ਤਹਿਤ ਦੋਸ਼ੀ ਠਹਿਰਾਏ ਜਾਣ ਮਗਰੋਂ ਰੋਹਤਕ ਦੀ
ਸੁਨਾਰੀਆ ਜੇਲ 'ਚ ਸਾਧ ਨੂੰ ਛੱਡ ਹਨੀਪ੍ਰੀਤ ਅਚਾਨਕ
ਗ਼ਾਇਬ ਹੋ ਗਈ ਸੀ। ਉਹ ਉਦੋਂ
ਤੋਂ ਹੀ ਲਗਾਤਾਰ ਪੁਲਿਸ ਅਤੇ ਖ਼ੁਫ਼ੀਆ ਏਜੰਸੀਆਂ ਨੂੰ ਚਕਮਾ ਦੇਣ ਵਿਚ ਕਾਮਯਾਬ ਹੋ ਰਹੀ ਸੀ
ਪਰ ਆਖ਼ਰ ਅੱਜ ਪੁਲਿਸ ਦੇ ਹੱਥ ਕਾਮਯਾਬੀ ਲੱਗ ਹੀ ਗਈ। ਇਸ ਤੋਂ ਪਹਿਲਾਂ ਸੋਮਵਾਰ ਰਾਤ
ਹਨੀਪ੍ਰੀਤ ਨੇ ਦੋ ਕੌਮੀ ਨਿਊਜ਼ ਚੈਨਲਾਂ ਰਾਹੀਂ ਅਪਣੇ ਆਪ ਨੂੰ ਬੇਕਸੂਰ ਦਸਦੇ ਹੋਏ ਨਿਆਂ
ਦੀ ਅਰਜੋਈ ਕੀਤੀ ਸੀ। ਨਾਲ ਹੀ ਉਸ ਨੇ ਅੱਜ ਮੰਗਲਵਾਰ ਨੂੰ ਹਰਿਆਣਾ ਦੀ ਅਦਾਲਤ ਵਿਚ ਆਤਮ
ਸਮਰਪਣ ਕਰਨ ਦਾ ਵੀ ਵਾਅਦਾ ਕੀਤਾ ਸੀ। ਫ਼ਿਲਹਾਲ ਪੁਲਿਸ ਹਨੀਪ੍ਰੀਤ ਕੋਲੋਂ ਪੁਛਗਿਛ ਕਰਨ
ਵਿਚ ਜੁਟ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਹਨੀਪ੍ਰੀਤ ਦੇ ਫੜੇ ਜਾਣ ਮਗਰੋਂ ਸੌਦਾ ਸਾਧ
ਬਾਰੇ ਹੋਰ ਵੀ ਪ੍ਰਗਟਾਵੇ ਹੋ ਸਕਦੇ ਹਨ।