
ਨਵਾਂ ਪੁਲ ਵਿਚ-ਵਿਚਾਲੇ ਤੇ ਪੁਰਾਣੇ ਪੁਲ ਦੀ ਪਾਣੀ ਲੰਘਾਉਣ ਦੀ ਸਮਰਥਾ ਘੱਟ
ਮਾਨਸਾ/ਸਰਦੂਲਗੜ੍ਹ (ਸੁਖਵੰਤ ਸਿੱਧੂ/ਵਿਨੋਦ ਜੈਨ) : ਮਾਨਸਾ-ਸਿਰਸਾ ਨੂੰ ਜੋੜਨ ਵਾਲਾ ਘੱਗਰ ਦਰਿਆ ’ਤੇ ਬਣਿਆ ਪੁਲ ਪ੍ਰਸ਼ਾਸਨ ਨੇ ਇਤਹਿਆਤ ਵਜੋਂ ਬੰਦ ਕਰ ਦਿਤਾ ਹੈ। ਘੱਗਰ ਦਰਿਆ ਵਿਚ ਲਗਾਤਾਰ ਪਾਣੀ ਵਧਣ ਅਤੇ ਦਰਿਆ ਵਿਚਲੀ ਜੰਗਲੀ ਬੂਟੀ ਪੁਲ ਵਿਚ ਫਸਣ ਕਾਰਨ ਪਾਣੀ ਦੀ ਡਾਫ ਪੁਲ ਨਾਲ ਲੱਗ ਗਈ। ਪ੍ਰਸ਼ਾਸਨ ਵਲਂੋ ਇਸ ਦੀ ਸਫ਼ਾਈ ਕਰਾਉਣ ਲਈ ਪੁਲ ਨੂੰ ਬੰਦ ਕਰ ਦਿਤਾ ਗਿਆ ਹੈ, ਜਿਸ ਕਾਰਨ ਲੋਕਾ ਨੂੰ ਸਰਦੂਲਗੜ੍ਹ ਆਉਣ ਲਈ 10 ਤੋਂ 15 ਕਿਲੋਮੀਟਰ ਦਾ ਰਸਤਾ ਤੈਅ ਕਰ ਕੇ ਸਰਦੂਲਗੜ੍ਹ ਆਉਣਾ ਪੈ ਰਿਹਾ ਹੈ।
ਮਾਨਸਾ ਵਲੋਂ ਆ ਰਹੇ ਲੋਕਾਂ ਨੂੰ ਪਿੰਡ ਭਗਵਾਨਪੁਰ ਹੀਂਗਣਾ ਅਤੇ ਸਿਰਸਾ ਵਲੋਂ ਆ ਰਹੇ ਲੋਕਾਂ ਨੂੰ ਪਿੰਡ ਝੰਡਾ ਖ਼ੁਰਦ ਤੋਂ ਰੰਗਾ ਹੋ ਕੇ ਆਉਣਾ ਪੈ ਰਿਹਾ ਹੈ। ਕਦੇ ਪਾਣੀ ਦੀਆਂ ਲੋੜਾਂ ਦੀ ਪੂਰਤੀ ਕਰਦਾ ਸਰਦੂਲਗੜ੍ਹ ਇਲਾਕੇ ਦਾ ਘੱਗਰ ਦਰਿਆ ਅੱਜ ਜ਼ਹਿਰੀਲੇ ਰਸਾਇਣਾਂ ਦਾ ਦਰਿਆ ਬਣ ਗਿਆ। ਪੰਜਾਬ ’ਚ 208 ਕਿਲੋਮੀਟਰ ਵਗਣ ਵਾਲਾ ਇਹ ਦਰਿਆ ਪਹਿਲਾਂ ਹੜ੍ਹ ਕਰ ਕੇ ਫ਼ਸਲਾਂ ਦੀ ਤਬਾਹੀ ਦਾ ਕਾਰਨ ਬਣਦਾ ਸੀ ਤੇ ਹੁਣ ਪ੍ਰਦੂਸ਼ਤ ਪਾਣੀ ਨਾਲ ਫ਼ਸਲਾਂ ਨੂੰ ਤਬਾਹ ਕਰਦਾ ਹੈ। ਹਿਮਾਚਲ ਦੀਆਂ ਟਾਂਗਰੀ ਤੇ ਮਾਰਕੰਡਾ ਬਰਸਾਤੀ ਨਦੀਆਂ ਦੇ ਸੁਮੇਲ ’ਚੋਂ ਵਗਣ ਵਾਲਾ ਘੱਗਰ ਦਰਿਆ ਇਨ੍ਹਾਂ ਨਦੀਆਂ ਦੇ ਬਰਸਾਤੀ ਪਾਣੀ ਤੋਂ ਇਲਾਵਾ ਹਿਮਾਚਲ, ਹਰਿਆਣਾ ਤੇ ਪੰਜਾਬ ਦੇ ਲਗਪਗ 35 ਤੋਂ 40 ਡਰੇਨਾਂ ਨੂੰ ਵੀ ਅਪਣੇ ਕਲਾਵੇ ਵਿਚ ਸਮੇਟਦਾ ਹੈ।
ਹੁਣ ਤਕ ਇਹ ਦਰਿਆ ਸਰਦੂਲਗੜ ਇਲਾਕੇ ਵਿਚ 6 ਵਾਰ 1962, 1988, 1993, 1994, 1995 ਤੇ 2010 ’ਚ ਹੜ੍ਹ ਲਿਆ ਚੁੱਕਾ ਹੈ। ਇਸ ਖੇਤਰ ਵਿਚ ਹੜ੍ਹ ਆਉਣ ਦਾ ਸੱਭ ਤੋਂ ਵੱਡਾ ਕਾਰਨ ਸਰਦੂਲਗੜ੍ਹ-ਸਿਰਸਾ ਸੜਕ ’ਤੇ ਬਣਿਆ ਪੁਲ ਹੈ। 1955 ਵਿਚ ਬਣਿਆ ਇਹ ਪੁਲ 1984 ’ਚ ਪੰਜਾਬ ’ਚ ਲੱਗੇ ਕਰਫ਼ਿਊ ਦੌਰਾਨ ਇਥੋਂ ਲੰਘਣ ਸਮੇਂ ਮਿਲਟਰੀ ਨੇ ਇਸ ਨੂੰ ਅਸੁਰੱਖਿਅਤ ਐਲਾਨ ਦਿਤਾ ਸੀ ਤੇ ਇਸ ਉਪਰੋਂ ਲੰਘਣ ਤੋਂ ਇਨਕਾਰ ਕਰ ਦਿਤਾ ਸੀ। ਇਸ ਦੇ ਬਾਵਜੂਦ ਬੀਤੇ 35-36 ਸਾਲਾਂ ਤੋਂ ਕਿਸੇ ਵੀ ਸਰਕਾਰ ਨੇ ਇਸ ਪੁਲ ਦੀ ਸਾਰ ਨਹੀਂ ਲਈ। ਸਰਕਾਰਾਂ ਬਣਦੀਆਂ ਰਹੀਆਂ ਤੇ ਜਾਂਦੀਆਂ ਰਹੀਆਂ ਪਰ ਇਸ ਪੁਲ ਦੇ ਨਸੀਬ ਨਾ ਬਦਲੇ। ਕਈ ਬੰਦੇ ਇਥੋਂ ਵਿਧਾਇਕ ਬਣੇ ਪਰ ਕਿਸੇ ਨੇ ਵੀ ਇਸ ਇਲਾਕੇ ਦੀ ਕੋਈ ਸਾਰ ਨਾ ਲਈ। ਹੁਣ ਇਹ ਪੁਲ ਬਣਨਾ ਸ਼ੁਰੂ ਹੋਇਆ ਹੈ
Ghaggar River
ਜਿਸ ਦਾ ਕੰਮ ਚੱਲ ਰਿਹਾ ਹੈ ਪਰ ਹੁਣ ਘੱਗਰ ਦਰਿਆ ’ਚ ਪਾਣੀ ਦਾ ਪੱਧਰ ਉੱਚਾ ਹੋਣ ਕਾਰਨ ਪੁਲ ਉਸਾਰੀ ਕਾਰਜਾਂ ’ਚ ਖੜੋਤ ਆ ਗਈ ਹੈ। ਹੁਣ ਜਦੋਂ ਭਾਰੀ ਬਰਸਾਤਾਂ ਕਾਰਨ ਪਾਣੀ ਦਾ ਪੱਧਰ ਘੱਗਰ ਦਰਿਆ ਵਿਚ ਉੱਚਾ ਹੋ ਗਿਆ ਹੈ ਤਾਂ ਸਰਕਾਰ ਨੂੰ ਨਵਾਂ ਪੁਲ ਬਣਾਉਣ ਦੀ ਸੋਝੀ ਆਈ ਹੈ। ਸੂਬੇ ਵਿਚ ਕਾਂਗਰਸ ਸਰਕਾਰ ਬਣੇ ਹੋਏ ਵੀ ਪੂਰੇ ਸਾਢੇ ਚਾਰ ਸਾਲ ਬੀਤ ਗਏ ਪਰ ਹੁਣ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਗਈਆਂ ਤਾਂ ਇਸ ਪੁਲ ਦੀ ਯਾਦ ਆ ਗਈ। ਇਹ ਪੁਲ ਅਪਣੇ ਹੇਠੋਂ 21000 ਕਿਊਸਿਕ ਪਾਣੀ ਲੰਘਾਉਣ ਦੀ ਸਮਰਥਾ ਰਖਦਾ ਹੈ ਜਦਕਿ ਬਰਸਾਤਾਂ ’ਚ ਜਦੋਂ ਪਿਛਲੀਆਂ ਨਦੀਆਂ ਅਤੇ ਡਰੇਨ ਉਫ਼ਾਨ ’ਤੇ ਹੁੰਦੇ ਹਨ ਤਾਂ ਘੱਗਰ ਦਰਿਆ ਵਿਚ 50000 ਕਿਊਸਿਕ ਤਕ ਪਾਣੀ ਵਗਦਾ ਹੈ।
ਸਮਰਥਾ ਤੋਂ ਵੱਧ ਪਾਣੀ ਘੱਗਰ ਵਿਚ ਆਉਣ ਕਰ ਕੇ ਪੁਰਾਣੇ ਪੁਲ ਦੀ ਡਾਫ ਲੱਗਣ ਕਰ ਕੇ ਪਿਛਲੇ ਕਿਨਾਰੇ ਟੁੱਟ ਜਾਂਦੇ ਹਨ ਤੇ ਆਸੇ ਪਾਸੇ ਦੇ ਖੇਤਰ ਹੜ੍ਹਾਂ ਦੀ ਭੇਟ ਚੜ੍ਹ ਜਾਂਦੇ ਹਨ। ਹਿਮਾਚਲ ਦੇ ਪਰਵਾਣੂ ਤੋਂ ਇਸ ਦਰਿਆ ’ਚ ਸੁੱਟਿਆ ਜਾਣ ਵਾਲਾ ਸੀਵਰੇਜ, ਹਰਿਆਣੇ ਦੇ 20 ਵੱਡੇ ਸ਼ਹਿਰਾਂ ਦਾ ਸੀਵਰੇਜ ਅਤੇ ਫ਼ੈਕਟਰੀਆਂ ਦਾ ਗੰਦ, ਪੰਜਾਬ ਦੇ 21 ਵੱਡੇ ਸ਼ਹਿਰਾਂ ਦੇ ਸੀਵਰੇਜ ਅਤੇ ਫ਼ੈਕਟਰੀਆਂ ਦਾ ਗੰਦਾ ਪਾਣੀ ਇਸ ਦਰਿਆ ਦੇ ਪਾਣੀ ਨੂੰ ਜ਼ਹਿਰੀਲਾ ਤੇ ਪ੍ਰਦੂਸ਼ਤ ਕਰਦਾ ਹੈ। ਜੇਕਰ ਕਿਹਾ ਜਾਵੇ ਕਿ ਘੱਗਰ ਕਿਨਾਰੇ ਵਸਦੇ ਲੋਕ ਕਾਲੇ ਪਾਣੀ ਦੀ ਸਜ਼ਾ ਕੱਟ ਰਹੇ ਹਨ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ। ਇਸ ਵੇਲੇ ਇਸ ਹਲਕੇ ਦੇ ਲੋਕ ਦਹਿਸ਼ਤ ਵਿਚ ਹਨ ਤੇ ਦੇਖਣਾ ਹੋਵੇਗਾ ਕਿ ਸਰਕਾਰ ਤੇ ਪ੍ਰਸ਼ਾਸਨ ਕਿੰਨੀ ਫ਼ੁਰਤੀ ਦਿਖਾਉਂਦੇ ਹਨ।