
ਪੰਜਾਬ ਸਰਕਾਰ ਵੱਲੋਂ ਈ.ਟੀ.ਟੀ. ਦੀਆਂ ਅਸਾਮੀਆਂ ਕੱਢਣ ਤੋਂ ਬਾਅਦ ਸੁਰਿੰਦਰਪਾਲ ਨੂੰ ਟਾਵਰ ਤੋਂ ਉਤਾਰਿਆ ਗਿਆ ਹੈ
ਪਟਿਆਲਾ (ਅਵਤਾਰ ਗਿੱਲ)- ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਦਾ ਸੰਘਰਸ਼ ਪਿਛਲੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਸੀ ਅਤੇ ਇਸ ਸੰਘਰਸ਼ ਵਿਚ ਬੇਰੁਜ਼ਗਾਰ ਈਟੀਟੀ ਅਧਿਆਪਕ ਸੁਰਿੰਦਰਪਾਲ ਸਿੰਘ ਜੋ ਪਿਛਲੇ ਲੰਬੇ ਸਮੇਂ ਤੋਂ ਟਾਵਰ ‘ਤੇ ਚੜ੍ਹ ਕੇ ਪ੍ਰਦਰਸ਼ਨ ਕਰ ਰਿਹਾ ਸੀ ਉਸ ਨੂੰ ਅੱਜ 135 ਦਿਨਾਂ ਬਾਅਦ 250 ਫੁੱਟ ਉੱਚੇ ਟਾਵਰ ਤੋਂ ਪੰਜਾਬ ਸਰਕਾਰ ਵੱਲੋਂ ਈ.ਟੀ.ਟੀ. ਦੀਆਂ ਅਸਾਮੀਆਂ ਕੱਢਣ ਤੋਂ ਬਾਅਦ ਟਾਵਰ ਤੋਂ ਹੇਠਾਂ ਉਤਾਰ ਲਿਆ ਗਿਆ ਹੈ।
ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਦੇ ਸੰਘਰਸ਼ ਸਦਕਾ 6635 ਈਟੀਟੀ ਦੀਆਂ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰ ਦਿੱਤਾ ਗਿਆ ਹੈ। ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਦਾ ਇਕ ਸਾਥੀ ਸੁਰਿੰਦਰਪਾਲ ਗੁਰਦਾਸਪੁਰ ਵਿਚ 134 ਦਿਨਾਂ ਤੋਂ ਟਾਵਰ ‘ਤੇ ਡਟਿਆ ਹੋਇਆ ਸੀ।
ਦੂਜੇ ਪਾਸੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਦਾ ਸੰਘਰਸ਼ ਸੰਗਰੂਰ ਵਿਚ ਲਗਾਤਾਰ ਡੀ.ਸੀ. ਦਫ਼ਤਰ ਦੇ ਬਾਹਰ ਜਾਰੀ ਸੀ। ਅਨੇਕਾਂ ਵਾਰ ਪੁਲਿਸ ਦੀਆਂ ਡਾਂਗਾਂ ਦਾ ਤਸ਼ੱਦਦ ਝੱਲਣ ਤੋਂ ਬਾਅਦ, ਨਹਿਰਾਂ ਵਿਚ ਛਾਲਾਂ ਮਾਰਨ, ਟੈਂਕੀਆਂ ਟਾਵਰਾਂ ਤੇ ਚੜ੍ਹਨ ਤੋਂ ਬਾਅਦ ਅੱਜ ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ਨੂੰ ਬੂਰ ਪਿਆ ਹੈ ਕਿਉਂਕਿ ਸਰਕਾਰ ਨੇ ਈ.ਟੀ.ਟੀ. ਦੀਆਂ ਅਸਾਮੀਆਂ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ।