
ਥਾਣਾ ਮੁਖੀ ਨੇ ਦਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਅਧਾਰ 'ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।
ਲੁਧਿਆਣਾ: ਬੀਤੇ ਦਿਨ ਲੁਧਿਆਣਾ ਤੋਂ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਇਸ ਮਾਮਲੇ ਵਿਚ ਪੁਲਿਸ ਨੇ ਕਿਹਾ ਹੈ ਕਿ ਗੋਲ਼ੀ ਬੱਚੇ ਕੋਲੋਂ ਨਹੀਂ, ਸਗੋਂ ਦਲਜੀਤ ਸਿੰਘ ਕੋਲੋਂ ਖ਼ੁਦ ਚੱਲੀ ਸੀ।
ਕਿਹਾ ਗਿਆ ਸੀ ਕਿ ਪਿਸਤੌਲ ਨਾਲ ਖੇਡ ਰਹੇ 9 ਸਾਲਾਂ ਦੇ ਇਕ ਬੱਚੇ ਤੋਂ ਅਚਾਨਕ ਗੋਲੀ ਚੱਲ ਗਈ, ਜੋ ਕਿ ਉਸ ਦੇ ਪਿਤਾ ਨੂੰ ਲੱਗ ਗਈ। ਜਿਨ੍ਹਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਮ੍ਰਿਤਕ ਦੀ ਪਹਿਚਾਣ ਦਲਜੀਤ ਸਿੰਘ ਵਾਸੀ ਅਕਾਲਗੜ੍ਹ ਖ਼ੁਰਦ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਆਪਣੀ ਕਾਰ 'ਚ ਪਤਨੀ ਅਤੇ ਪੁੱਤਰ ਨਾਲ ਆਪਣੀ ਭੈਣ ਦੇ ਘਰ ਸੰਧਾਰਾ ਦੇਣ ਜਾ ਰਿਹਾ ਸੀ।
ਪੁਲਿਸ ਨੇ ਕਿਹਾ ਹੈ ਕਿ ਇਸ ਘਟਨਾ ਵਿਚ ਬੱਚੇ ਦਾ ਕਸੂਰ ਨਹੀਂ ਸੀ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਹਰਦੀਪ ਸਿੰਘ ਨੇ ਦਸਿਆ ਕਿ ਉਕਤ ਘਟਨਾ 29 ਜੁਲਾਈ ਦੀ ਹੈ। ਦਲਜੀਤ ਸਿੰਘ ਉਰਫ਼ ਜੀਤਾ ਪੁੱਤਰ ਨਾਹਰ ਸਿੰਘ ਵਾਸੀ ਅਕਾਲਗੜ੍ਹ ਅਪਣੀ ਪਤਨੀ ਜਸਮੀਤ, ਪੁੱਤਰ ਰੂਪਕਰਨ ਸਿੰਘ ਅਤੇ ਦਰਪਿੰਦਰ ਸਿੰਘ ਨਾਲ ਆਪਣੀ ਭੈਣ ਪਰਮਜੀਤ ਕੌਰ ਨੂੰ ਮਾਛੀਵਾੜਾ ਵਿਚ ਮਿਲਣ ਜਾ ਰਹੇ ਸਨ। ਉਨ੍ਹਾਂ ਦਸਿਆ ਕਿ ਮ੍ਰਿਤਕ ਦੀ ਪਤਨੀ ਜਸਮੀਤ ਨੇ ਦਸਿਆ ਹੈ ਕਿ ਇਸ ਦੌਰਾਨ ਦਲਜੀਤ ਸਿੰਘ ਨੇ ਗੱਡੀ ਦੀ ਪਿਛਲੀ ਸੀਟ 'ਤੇ ਪਿਆ ਪਿਸਟਲ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਹੱਥ ਨਹੀਂ ਪਿਆ। ਪਿਸਟਲ ਕਵਰ ਦੇ ਹੁੱਕ ਵਿਚ ਅੜ ਗਈ। ਇਸ ਕਾਰਨ ਗੋਲ਼ੀ ਚੱਲ ਗਈ ਜੋ ਦਲਜੀਤ ਦੀ ਪਿੱਠ 'ਤੇ ਲੱਗ ਗਈ।
ਥਾਣਾ ਮੁਖੀ ਨੇ ਦਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਅਧਾਰ 'ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।