
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਖਿਡਾਰੀਆਂ ਲਈ ਬੁੱਕ ਕਰਵਾਏ ਸੀ ਹੋਟਲ
ਬਠਿੰਡਾ - ਬਠਿੰਡਾ ਦੇ ਕਈ ਹੋਟਲ ਮਾਲਕਾਂ ਨੇ ਇਹ ਦੋਸ਼ ਲਗਾਇਆ ਹੈ ਕਿ ਤਤਕਾਲੀ ਅਕਾਲੀ ਸਰਕਾਰ ਨੇ ਉਹਨਾਂ ਦੇ ਕਈ ਪੈਂਡਿੰਗ ਬਿੱਲਾਂ ਦੀ ਰਕਮ ਅਦਾ ਨਹੀਂ ਕੀਤੀ ਹੈ। ਇਹ ਮਾਮਲਾ ਉਸ ਵੇਲੇ ਦਾ ਹੈ ਜਦੋਂ ਅਕਾਲੀ ਸਰਕਾਰ ਨੇ 2016 ਵਿਚ ਵਰਲਡ ਕਬੱਡੀ ਕੱਪ ਕਰਵਾਇਆ ਸੀ ਤੇ ਉਸ ਸਮੇਂ ਜੋ ਖਿਡਾਰੀਆਂ ਲਈ ਹੋਟਲ ਬੁੱਕ ਕਰਵਾਏ ਸਨ ਉਸ ਦੀ ਵੱਡੀ ਰਕਮ ਅਜੇ ਤੱਕ ਹੋਟਲ ਮਾਲਕਾਂ ਨੂੰ ਨਹੀਂ ਮਿਲੀ।
ਵੱਖ-ਵੱਖ ਹੋਟਲਾਂ ਦੇ ਮਾਲਕਾਂ ਨੇ ਅਕਾਲੀ ਸਰਕਾਰ 'ਤੇ ਇਹ ਦੋਸ਼ ਲਗਾਏ ਹਨ ਕਿ ਉਹਨਾਂ ਨੂੰ ਉਹਨਾਂ ਦੀ ਬਣਦੀ ਰਕਮ ਅਜੇ ਤੱਕ ਨਹੀਂ ਮੋੜੀ ਗਈ 2016 ਤੋਂ ਲੈ ਕੇ ਹੁਣ ਤੱਕ 7 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਸ ਸਮੇਂ ਮਾਂ ਖੇਡ ਕਬੱਡੀ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਉਣ ਦੀ ਗੱਲ ਕਹੀ ਸੀ ਪਰ ਉਸ ਸਮੇਂ ਜੋ ਕਬੱਡੀ ਕੱਪ ਕਰਵਾਇਆ ਗਿਆ ਸੀ ਤੇ ਉਸ ਸਮੇਂ ਜੋ ਹੋਟਲ ਬੁੱਕ ਕੀਤੇ ਗਏ ਸਨ ਉਹਨਾਂ ਵਿਚੋਂ 9 ਹੋਟਲਾਂ ਦੀ ਬਣਦੀ ਰਕਮ ਕਰੀਬ 20 ਲੱਖ ਰੁਪਏ ਹੈ।
ਹੋਟਲ ਮਾਲਕਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਥੋੜ੍ਹੀ ਸੁਣਵਾਈ ਹੋਈ ਸੀ ਪਰ ਸੁਖਬੀਰ ਬਾਦਲ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇਹ ਬਿੱਲ ਦੇਣ ਤੋਂ ਭੱਜ ਰਹੇ ਹਨ। ਕਪੱਡੀ ਕੱਪ ਦੇ ਸਾਰੇ ਖਿਡਾਰੀ ਬਠਿੰਡਾ ਦੇ ਵੱਖ-ਵੱਖ ਹੋਟਲਾਂ ਵਿਚ ਰੁਕੇ ਹੋਏ ਸਨ ਤੇ ਉਸ ਸਮੇਂ ਤਾਂ ਅਕਾਲੀਆਂ ਨੇ ਪੂਰਾ ਐਸ਼ੋ-ਅਰਾਮ ਕੀਤਾ ਪਰ ਹੁਣ ਬਿੱਲ ਦੇਣ ਤੋਂ ਕੰਨੀ ਕਤਰਾ ਰਹੇ ਹਨ।
ਪੰਜਾਬ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਅਰੋੜਾ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਕਾਲੀ ਤਾਂ ਅਪਣਾ ਕਬੱਡੀ ਮੈਚ ਖੇਡ ਕੇ ਚਲੇ ਗਏ ਪਰ ਉਹਨਾਂ ਦਾ ਕਬੱਡੀ ਮੈਚ ਅਜੇ ਵੀ ਸਰਕਾਰਾਂ ਨਾਲ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਉਸ ਸਮੇਂ ਉਹਨਾਂ ਦਾ ਵੈਡਿੰਗ ਸੀਜ਼ਨ ਚੱਲ ਰਿਹਾ ਸੀ ਪਰ ਉਦੋਂ ਪ੍ਰਸਾਸਨ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਖਿਡਾਰੀਆਂ ਨੂੰ ਸਹੂਲਤ ਦੇਣੀ ਹੈ ਰਹਿਣ ਲਈ ਜਗ੍ਹਾ ਦੇਣੀ ਹੈ ਤੇ ਉਹਨਾਂ ਨੇ ਵੀ ਭਰੋਸਾ ਕਰ ਕੇ ਉਹਨਾਂ ਨੂੰ ਵਧੀਆ ਤੋਂ ਵਧੀਆ ਸਹੂਲਤ ਦਿੱਤੀ ਤੇ ਇਹਨਾਂ ਦਾ ਕਬੱਡੀ ਕੱਪ ਵੀ ਬਹੁਤ ਕਾਮਯਾਬ ਰਿਹਾ ਤੇ ਖਿਡਾਰੀਆਂ ਤੇ ਪ੍ਰਸ਼ਾਸਨ ਨੇ ਬਕਾਇਦਾ ਉਙਨਾਂ ਨੂੰ ਵਧੀਆ ਸਹੂਲਤ ਲਈ ਪ੍ਰਸ਼ੰਸਾ ਪੱਤਰ ਵੀ ਦਿੱਤੇ ਪਰ ਜਦੋਂ ਗੱਲ ਬਿੱਲਾਂ ਦੀ ਆਈ ਤਾਂ ਇਹ ਕਰਦੇ-ਕਰਦੇ ਕਰ ਕੇ ਅੱਜ ਕਰ ਰਹੇ ਹਨ।
ਸਤੀਸ਼ ਅਰੋੜਾ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਵੇਲੇ ਵਿੱਤ ਮੰਤਰੀ ਨੇ ਜ਼ਰੂਰ ਥੋੜ੍ਹੇ ਬਿੱਲ ਕਲੀਅਰ ਕਰਵਾ ਕੇ ਦਿੱਤੇ ਪਰ ਉਸ ਤੋਂ ਬਾਅਦ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਹਾਲਾਂਕਿ ਉਹਨਾਂ ਨੇ ਹਰ ਇਕ ਦਾ ਦਰਵਾਜ਼ਾ ਖੜਕਾ ਕੇ ਦੇਖ ਲਿਆ ਪਰ ਅਜੇ ਤੱਕ ਰਕਮ ਨਹੀਂ ਮਿਲੀ। ਸਤੀਸ਼ ਅਰੋੜਾ ਨੇ ਕਿਹਾ ਕਿ ਸਰਕਾਰ ਲਈ ਇੰਨੀ ਕੁ ਰਕਮ ਊਠ ਦੇ ਮੂੰਹ ਵਿਚ ਜ਼ੀਰੇ ਵਾਲੀ ਗੱਲ ਹੁੰਦੀ ਹੈ ਉਸ ਸਮੇਂ ਤਾਂ ਇਹ ਕਹਿੰਦੇ ਸੀ ਕਿ ਅਡਵਾਂਸ ਵਿਚ ਪੈਸੇ ਦੇ ਦੇਵਾਂਗੇ ਪਰ ਇੰਨਾ ਨੇ ਅਡਵਾਂਸ ਤਾਂ ਕੀ ਦੇਣਾ ਸੀ ਹੁਣ ਬਣਦੀ ਰਕਮ ਵੀ ਨਹੀਂ ਦੇ ਰਹੇ।