
ਦਿੱਲੀ ਗੁਰਦਵਾਰਾ ਕਮੇਟੀ ਵਲੋਂ ਅੱਜ ਤੋਂ ਦਸਮ ਗ੍ਰੰਥ ਦੀ ਕਥਾ ਕਰਾਉਣ ਦੀ ਤਿਆਰੀ?
ਉਘੇ ਧਾਰਮਕ ਵਿਦਵਾਨਾਂ ਵਲੋਂ ਕਰੜੀ ਆਲੋਚਨਾ
ਕੋਟਕਪੂਰਾ, 31 ਅਗੱਸਤ (ਗੁਰਿੰਦਰ ਸਿੰਘ) : ਜੇਕਰ ਰੋਜ਼ਾਨਾ ਸਪੋਕਸਮੈਨ ਵਲੋਂ ਨਵੰਬਰ 2006 'ਚ ਬਚਿੱਤਰ ਨਾਟਕ (ਦਸਮ ਗ੍ਰੰਥ) ਦੇ ਸਮਾਗਮਾਂ ਦਾ ਬਾਈਕਾਟ ਕਰਦਿਆਂ ਕਾਲੇ ਦਿਨ ਵਜੋਂ ਮਨਾ ਕੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਸੁਚੇਤ ਨਾ ਕੀਤਾ ਜਾਂਦਾ ਤਾਂ ਹੁਣ ਤਕ ਸੰਪਰਦਾਈ ਤਾਕਤਾਂ ਦੇ ਦਬਾਅ ਹੇਠ ਤਖ਼ਤਾਂ ਦੇ ਜਥੇਦਾਰਾਂ, ਸ਼੍ਰੋਮਣੀ ਕਮੇਟੀ ਅਤੇ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ 'ਤੇ ਕਾਬਜ਼ ਧਿਰਾਂ ਨੇ ਗੁਰਦਵਾਰਿਆਂ 'ਚ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਦਸਮ ਗ੍ਰੰਥ ਦੀ ਸਥਾਪਨਾ ਕਰ ਦੇਣੀ ਸੀ।
ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਚੇਅਰਮੈਨ ਰਾਣਾ ਇੰਦਰਜੀਤ ਸਿੰਘ, ਪ੍ਰਿੰ. ਗੁਰਬਚਨ ਸਿੰਘ ਪੰਨਵਾਂ, ਭਾਈ ਸੁਖਵਿੰਦਰ ਸਿੰਘ ਦਦੇਹਰ, ਭਾਈ ਸਰਬਜੀਤ ਸਿੰਘ ਧੁੰਦਾ ਅਤੇ ਕੈਪਟਨ ਅਵਤਾਰ ਸਿੰਘ ਪਰਿੰਗੜੀ ਨੇ ਹੈਰਾਨੀ ਪ੍ਰਗਟਾਈ ਕਿ ਜੇਕਰ ਅਕਾਲੀ ਦਲ ਬਾਦਲ ਤੋਂ ਬਿਨਾਂ ਕਿਸੇ ਹੋਰ ਪਾਰਟੀ ਦੇ ਨੁਮਾਇੰਦੇ ਪਾਸੋਂ ਕਿਸੇ ਅੱਖਰ ਦਾ ਵਾਧਾ ਘਾਟਾ ਹੋ ਜਾਵੇ ਤਾਂ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਤਖ਼ਤਾਂ ਦੇ ਜਥੇਦਾਰ ਅਸਮਾਨ ਸਿਰ 'ਤੇ ਚੁੱਕ ਲੈਂਦੇ ਹਨ ਕਿ ਪੰਥ ਨੂੰ ਬਹੁਤ ਵੱਡਾ ਖ਼ਤਰਾ ਪੈਦਾ ਹੋ ਗਿਆ ਹੈ, ਪਰ ਹੁਣ ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਵਲੋਂ ਇਤਿਹਾਸ ਨੂੰ ਪੁੱਠਾ ਗੇੜਾ ਦਿੰਦਿਆਂ ਗੁਰਦਵਾਰਾ ਬੰਗਲਾ ਸਾਹਿਬ ਦੀ ਇਤਿਹਾਸਕ ਸਟੇਜ ਤੋਂ ਗੁਰੂ ਗ੍ਰੰਥ ਸਾਹਿਬ ਦੀ ਕਥਾ ਛੱਡ ਕੇ ਬਚਿੱਤਰ ਨਾਟਕ ਦੀ ਕਥਾ ਕਰਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਥੇ ਸਾਰਾ ਸਿੱਖ ਜਗਤ 1 ਸਤੰਬਰ ਨੂੰ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਵੇਗਾ, ਉੱਥੇ ਦਿੱਲੀ ਕਮੇਟੀ ਸ਼ਰੇਆਮ ਸਿੱਖੀ ਵਿਚਾਰਧਾਰਾ, ਸਿੱਖ ਰਹਿਤ ਮਰਿਆਦਾ ਅਤੇ ਸਿੱਖ ਸਿਧਾਂਤਾਂ ਦਾ ਮਖ਼ੌਲ ਉਡਾਉਂਦਿਆਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇਕ ਹੋਰ ਗ੍ਰੰਥ ਸਥਾਪਤ ਕਰ ਕੇ ਸਮੁੱਚੀ ਸਿੱਖ ਕੌਮ ਨੂੰ ਚੁਨੌਤੀ ਦੇਵੇਗੀ।
ਉਕਤ ਪ੍ਰਚਾਰਕਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਡੰਗ ਟਪਾਊ ਨੀਤੀ ਕੌਮ imageਲਈ ਬਹੁਤ ਘਾਤਕ ਸਾਬਤ ਹੋ ਰਹੀ ਹੈ, ਜਿਸ ਕੌਮ ਦੀ ਆਧਾਰਸ਼ਿਲਾ ਹੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ ਉਸ ਦੀ ਬੇਅਦਬੀ ਵਾਲੀਆਂ ਘਟਨਾਵਾਂ ਵਾਪਰਨ, ਘਰ ਦੇ ਰਾਖੇ ਹੀ ਪਾਵਨ ਸਰੂਪ ਗੁੰਮ ਕਰ ਦੇਣ, ਉਸ ਕੌਮ ਦਾ ਤਾਂ ਫਿਰ ਰੱਬ ਹੀ ਰਾਖਾ ਹੋ ਸਕਦਾ ਹੈ। ਸ਼੍ਰੋਮਣੀ ਕਮੇਟੀ ਵਲੋਂ ਅਪਣੇ-ਆਪ ਨੂੰ ਸਮੇਂ ਦਾ ਹਾਣੀ ਕਰਦਿਆਂ ਕੌਮਾਂਤਰੀ ਪੱਧਰ ਦੇ ਵਿਦਵਾਨਾਂ ਦੀਆਂ ਸੇਵਾਵਾਂ ਲੈਣੀਆਂ ਚਾਹੀਦੀਆਂ ਹਨ।