
ਮੁੱਖ ਮੰਤਰੀ ਦੇ ਸ਼ਲਾਘਾਯੋਗ ਫ਼ੈਸਲੇ ਨਾਲ ਖੜੇ ਹਾਂ : ਲਾਲ ਸਿੰਘ
ਕਿਹਾ, ਮੌਜੂਦਾ ਸਮੇਂ ਦੇ ਹਾਲਾਤ ਮੁਤਾਬਕ ਅਜੇ ਵੀ ਕਾਂਗਰਸ ਮਜ਼ਬੂਤ
ਚੰਡੀਗੜ੍ਹ, 31 ਅਗੱਸਤ (ਜੀ.ਸੀ. ਭਾਰਦਵਾਜ) : ਪਿਛਲੇ 2 ਮਹੀਨੇ ਤੋਂ ਕਾਂਗਰਸ ਹਾਈ ਕਮਾਂਡ ਅਤੇ ਸੂਬਿਆਂ ਦੇ ਸੀਨੀਅਰ ਤੇ ਨੌਜੁਆਨ ਨੇਤਾਵਾਂ ਵਿਚ ਉਠ ਰਹੇ ਬਵਾਲ, ਸ਼ਬਦੀ ਲੜਾਈ, ਪਾਰਟੀ ਪ੍ਰਧਾਨਗੀ ਦੇ ਸਿਸਟਮ ਵਿਰੁਧ ਉਠ ਰਹੀਆਂ ਉਂਗਲਾਂ ਅਤੇ 23 ਧੁਨੰਦਰ ਤੇ ਚੋਟੀ ਦੇ ਲੀਡਰਾਂ ਵਲੋਂ ਲਿਖੀ ਇਤਿਹਾਸਕ ਚਿੱਠੀ ਨਾਲ ਪਾਰਟੀ ਵਿਚ ਦੋ ਤਰ੍ਹਾਂ ਦੇ ਵਖਰੇਵੇਂ ਸਾਹਮਣੇ ਆਏ ਹਨ।
ਇਕ ਗੁਟ ਪੂਰੀ ਤਰ੍ਹਾਂ ਸੋਨੀਆ ਗਾਂਧੀ ਤੇ ਰਾਹੁਲ ਨਾਲ ਖੜ੍ਹ ਗਿਆ ਜਦੋਂ ਕਿ ਦੂਜਾ ਕਮਜ਼ੋਰ ਪੈ ਗਿਆ ਅਤੇ ਆਪੋ-ਅਪਣੇ ਬਚਾਅ ਵਾਸਤੇ ਰਸਤਾ ਲੱਭਣ ਦੀ ਕੋਸ਼ਿਸ਼ ਵਿਚ ਨਿਮੋਝੂਣਾ ਹੋ ਕੇ ਚੁੱਪ ਬੈਠ ਗਿਆ ਹੈ। ਪੰਜਾਬ ਦੇ 2 ਨੇਤਾਵਾਂ, ਬੀਬੀ ਭੱਠਲ ਤੇ ਮਨੀਸ਼ ਤਿਵਾੜੀ ਨੇ ਵੀ ਇਸ 23 ਮੈਂਬਰੀ ਚਿੱਠੀ 'ਤੇ ਦਸਤਖਤ ਕੀਤੇ ਸਨ ਜਦੋਂ ਕਿ ਦੋਨੋ ਰਾਜ ਸਭਾ ਮੈਂਬਰਾਂ ਪ੍ਰਤਾਪ ਬਾਜਵਾ ਤੇ ਸ਼ਮਸ਼ੇਰ ਦੂਲੋ ਨੇ ਉਂਜ ਹੀ ਪਿਛਲੇ 6 ਮਹੀਨੇ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਕਾਰਗੁਜ਼ਾਰੀ 'ਤੇ ਕਿੰਤੂ-ਪ੍ਰੰਤੂ ਕਰਨੇ ਅਤੇ ਸਖ਼ਤ ਸ਼ਬਦਾਵਲੀ ਰਾਹੀ ਬਾਗ਼ੀਸੁਰਾਂ ਕਢਣੀਆਂ ਸ਼ੁਰੂ ਕੀਤੀਆਂ ਹਨ।
ਅੱਜ ਰੋਜ਼ਾਨਾ ਸਪੋਕਸਮੈਨ ਵਲੋਂ ਸੀਨੀਅਰ ਕਾਂਗਰਸੀ ਨੇਤਾ, 6 ਵਾਰ ਵਿਧਾਇਕ ਤੇ ਕਦਵਾਰ ਮੰਤਰੀ ਰਹੇ ਸ. ਲਾਲ ਸਿੰਘ ਨਾਲ ਜਦੋਂ ਇਸ ਮੁੱਦੇ 'ਤੇ ਚਰਚਾ ਕੀਤੀ ਤਾਂ ਉਨ੍ਹਾਂ ਸਪਸ਼ਟ ਕਿਹਾ ਕਿ ਇਹ ਸਾਰੇ ਨੇਤਾ ਵਖਰੀ ਸੁਰ, ਇਸ ਕਰ ਕੇ ਕਢ ਰਹੇ ਹਨ ਕਿਉਂਕਿ ਇਹ ਪਾਰਟੀ ਹਿੱਤਾਂ ਨੂੰ ਛਡ ਕੇ ਸਵੈ ਹਿਤ ਦੇਖਦੇ ਹਨ। ਸ. ਲਾਲ ਸਿੰਘ ਜੋ ਇਸ ਵੇਲੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਨ ਅਤੇ ਕੈਬਨਿਟ ਰੈਂਕ ਵਿਚ ਹਨ ਨੇ ਸਪਸ਼ਟ ਕਿਹਾ ਕਿ ਮੁੱਖ ਮੰਤਰੀ ਦਾ ਮੌਜੂਦਾ ਸੰਕਟ ਵਿਚ ਸੋਨੀਆ ਗਾਂਧੀ ਨਾਲ ਖੜ੍ਹਨ ਦਾ ਫ਼ੈਸਲਾ ਸ਼ਲਾਘਾਯੋਗ, ਦਲੇਰਾਨਾ ਅਤੇ 100 ਫ਼ੀ ਸਦੀ ਸਹੀ ਤੇ ਉਚਿਤ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇਤਾ ਉਹੀ ਯੋਗ ਸਮਝਦਾਰ ਤੇ ਬਹਾਦਰ ਹੁੰਦਾ ਹੈ ਜੋ ਔਖੀ ਘੜੀ ਵਿਚ ਪਾਰਟੀ ਦਾ ਸਾਥ ਦੇਵੇ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਹੈ। ਇਸ ਵੇਲੇ ਪੰਜਾਬ ਵਿਚ ਸੱਭ ਤੋਂ ਸੀਨੀਅਰ, ਸੱਭ ਤੋਂ ਤਜਰਬੇਕਾਰ ਮਿਠ ਬੋਲੜੇ ਇਸ ਨੇਤਾ ਨੇ ਦਸਿਆ ਕਿ ਕਿਵੇਂ 51 ਸਾਲ ਪਹਿਲਾਂ, 1969 ਵਿਚ ਰਾਸ਼ਟਰਪਤੀ ਵੀ.ਵੀ. ਗਿਰੀ ਦੀ ਚੋਣ ਵੇਲੇ ਕਾਂਗਰਸ ਵਿਚ ਦੋ ਫਾੜ ਹੋਣ 'ਤੇ ਗਿਆਨੀ ਜ਼ੈਲ ਸਿੰਘ ਤੇ ਉਨ੍ਹਾਂ ਖੁਦ ਇੰਦਰਾ ਗਾਂਧੀ ਦੇ ਏਆਈਸੀਸੀ ਸੈਸ਼ਨ, ਮੁੰਬਈ ਵਿਚ ਹਿੱਸਾ ਲਿਆ ਅਤੇ ਮਗਰੋਂ 1978 ਵਿਚ ਮੋਰਾਰ-ਜੀ ਡਿਸਾਈ ਤੇ ਇੰਦਰਾ ਗਾਂਧੀ ਦੇ ਝਗੜੇ ਵਿਚ ਉਹ ਕੈਪਟਨ ਅਮਰਿੰਦਰ ਸਮੇਤ ਕਾਂਗਰਸ ਨਾਲ ਔਖੀ ਘੜੀ ਅਤੇ ਸੰਕਟ ਵਿਚ ਖੜ੍ਹੇ ਹੋਏ ਅਤੇ ਸਾਥ ਦਿਤਾ।
ਸ. ਲਾਲ ਸਿੰਘ ਨੇ ਕਿਹਾ, ਮੌਜੂਦਾ ਸੰਕਟ ਵਿਚ ਵੀ ਉਹ ਖ਼ੁਦ ਅਤੇ ਬਹੁਮਤ ਵਾਲੇ ਉਨ੍ਹਾਂ ਨੇਤਾਵਾਂ ਦੀ ਮਦਦ ਨਾਲ ਹਾਈ ਕਮਾਂਡ ਦੇ ਝਗੜੇ ਵਿਚੋਂ ਪਾਰਟੀ ਨੂੰ ਸਹੀ ਸੇਧ ਦੇਣ ਵਾਲਿਆਂ ਦੇ ਨਾਲ ਹਨ ਅਤੇ ਡਟ ਕੇ ਕੈਪਟਨ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਥ ਦਿੰਦੇ ਰਹਿਣਗੇ। ਪੰਜਾਬ ਵਿਚ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਪਿਛਲੇ ਪੌਣੇ 4 ਸਾਲਾਂ ਵਿਚ ਨੌਜੁਆਨ ਵਿਧਾਇਕਾਂ ਵਲੋਂ ਉਠਾਈਆਂ ਜਾ ਰਹੀਆਂ ਆਵਾਜ਼ਾਂ, ਅਪਣੇ ਹੀ ਨੇਤਾਵਾਂ ਵਲੋਂ ਕੀਤੀਆਂ ਜਾਂਦੀਆਂ ਕਰਤੂਤਾਂ ਅਤੇ ਡੇਢ ਸਾਲ ਬਾਅਦ ਹੋਣ ਵਾਲਆਂ ਅਸੈਂਬਲੀ ਚੋਣਾਂ ਬਾਰੇ ਪੁੱਛੇ ਸਵਾਲ ਦਾ ਜੁਆਬ ਦਿੰਦੇ ਹੋਏ ਸ. ਲਾਲ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਦੇ ਹਾਲਾਤ ਮੁਤਾਬਕ ਅਜੇ ਵੀ ਕਾਂਗਰਸ ਮਜਬੂਤ ਹੈ। ਵਿਰੋਧੀ ਧਿਰਾਂ ਆਪ ਤੇ ਅਕਾਲੀ ਦਲ ਦੇ ਪੈਰ ਉਖੜੇ ਹੋਏ ਹਨ, ਢੀਂਡਸਾ ਗਰੁਪ, ਟਕਸਾਲੀ ਤੇ ਹੋਰ ਜਥੇਬੰਦੀਆਂ, ਵੋਟਰਾਂ ਵਿਚ ਅਪਣੀ ਸਾਖ ਬਣਾਉਣ ਵਿਚ ਬਿਲਕੁਲ ਫੇਲ੍ਹ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ imageਨੇਤਾਵਾਂ, ਵਿਧਾਇਕਾਂ, ਮੰਤਰੀਆਂ ਨੂੰ ਚਾਹੀਦਾ ਹੈ ਕਿ ਰਹਿੰਦਾ ਡੇਢ ਸਾਲ, ਦਿਹਾਤੀ ਤੇ ਸ਼ਹਿਰੀ ਖੇਤਰਾਂ ਵਿਚ ਆਮ ਲੋਕਾਂ ਨਾਲ ਰਾਬਤਾ ਕਾਇਮ ਕਰਨ ਵਿਚ ਲਗਾਉਣ ਅਤੇ ਸਵੈ ਹਿਤਾਂ ਤੋਂ ਉਪਰ ਉਠ ਕੇ ਪਾਰਟੀ ਦੀ ਮਜ਼ਬੂਤੀ ਅਤੇ ਪੰਜਾਬ ਵਾਸਤੇ ਹੋਰ ਲਗਨ ਨਾਲ ਕੰਮ ਕਰਨ।