
ਕਿਹਾ, ਜੇ ਸਾਰੇ 122 ਸਮਝੌਤੇ ਰੱਦ ਕਰ ਦਿਤੇ ਤਾਂ ਪੰਜਾਬ ’ਚ ਵੱਡਾ ਬਿਜਲੀ ਸੰਕਟ ਪੈਦਾ ਹੋ ਜਾਵੇਗਾ, ਇੰਨੀ ਬਿਜਲੀ ਦਾ ਪ੍ਰਬੰਧ ਕਿਥੋਂ ਕਰਾਂਗੇ?
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (CM Capt Amarinder Singh) ਨੇ ਅੱਜ ਸਪਸ਼ਟ ਕਰ ਦਿਤਾ ਹੈ ਕਿ ਸਾਰੇ ਬਿਜਲੀ ਸਮਝੌਤੇ (Power agreements) ਰੱਦ ਨਹੀਂ ਕੀਤੇ ਜਾ ਸਕਦੇ। ਪੰਜਾਬ ਭਵਨ ਵਿਚ ਇਕ ਪ੍ਰੋਗਰਾਮ ’ਚ ਸ਼ਾਮਲ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਸਾਡੀ 14000 ਮੈਗਾਵਾਟ ਬਿਜਲੀ ਦੀ ਮੰਗ ਹੈ ਤੇ 7000 ਮੈਗਾਵਾਟ ਅਸੀਂ ਨੈਸ਼ਨਲ ਗਰਿੱਡ ਤੋਂ ਖਰੀਦ ਰਹੇ ਹਾਂ। ਕੁਲ 122 ਬਿਜਲੀ ਸਮਝੌਤੇ ਹੋਏ ਹਨ ਅਤੇ ਇਹ ਸਾਰੇ ਰੱਦ ਹੋਣ ਨਾਲ ਬਿਜਲੀ ਦਾ ਵੱਡਾ ਸੰਕਟ ਪੈਦਾ ਹੋ ਜਾਵੇਗਾ। ਇੰਨੀ ਬਿਜਲੀ ਅਸੀਂ ਕਿਥੋਂ ਲਿਆਵਾਂਗੇ?
Captain Amarinder Singh
ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸਿਰਫ਼ ਇਕ ਦਿਨ ਦਾ ਹੋਣ ਕਾਰਨ ਇਸ ਨੂੰ ਵਿਰੋਧੀ ਪਾਰਟੀਆਂ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ (Navjot Sidhu) ਵਲੋਂ ਵਧਾਏ ਜਾਣ ਦੀ ਮੰਗ ਸਬੰਧੀ ਪੁਛੇ ਜਾਣ ’ਤੇ ਕੈਪਟਨ ਨੇ ਕਿਹਾ ਕਿ ਇਕ ਦਿਨ ਦਾ ਵਿਸ਼ੇਸ਼ ਸੈਸ਼ਨ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਮਨਾਉਣ ਲਈ ਸੱਦਿਆ ਗਿਆ ਹੈ ਪਰ ਇਸ ਨੂੰ ਉਠਾਇਆ ਨਹੀਂ ਜਾਵੇਗਾ ਅਤੇ ਇਸ ਸੈਸ਼ਨ ਦਾ ਸਮਾਂ ਵਧਾ ਕੇ ਕੀਤਾ ਜਾਵੇਗਾ। ਪਰਗਟ ਸਿੰਘ ਵਲੋਂ ਪਾਰਟੀ ਇੰਚਾਰਜ ਹਰੀਸ਼ ਰਾਵਤ ਦੇ ਮੁੱਖ ਮੰਤਰੀ ਚਿਹਰੇ ਬਾਰੇ ਬਿਆਨ ’ਤੇ ਉਠਾਏ ਸਵਾਲ ’ਤੇ ਦਿਤੇ ਜਾ ਰਹੇ ਹੋਰ ਬਿਆਨਾਂ ਬਾਰੇ ਕਿਹਾ ਕਿ ਇਹ ਪਾਰਟੀ ਹਾਈ ਕਮਾਨ ਨੇ ਵੇਖਣਾ ਹੈ ਕਿ ਅਜਿਹੇ ਬਿਆਨ ਕਿਵੇਂ ਰੋਕਣੇ ਹਨ ਅਤੇ ਹਾਈ ਕਮਾਨ ਨੇ ਹੀ ਚਿਹਰੇ ਦਾ ਫ਼ੈਸਲਾ ਕਰਨਾ ਹੈ।
ਹੋਰ ਪੜ੍ਹੋ: CM ਨੂੰ ਤਲਬ ਕਰਨ ’ਤੇ ਬੋਲੇ ਰਵਨੀਤ ਬਿੱਟੂ- 'ਜਣਾ-ਖਣਾ ਬਣਿਆ ਫਿਰਦੈ ਅਕਾਲ ਤਖ਼ਤ ਦਾ ‘ਜਥੇਦਾਰ’'
ਨਸ਼ਿਆਂ ਦੇ ਮੁੱਦੇ ’ਤੇ ਨਵਜੋਤ ਸਿੱਧੂ ਵਲੋਂ ਚੁੱਕੇ ਜਾ ਰਹੇ ਸਵਾਲਾਂ ਬਾਰੇ ਕੈਪਟਨ ਨੇ ਕਿਹਾ ਕਿ ਨਸ਼ਿਆਂ ਦੀ ਰੋਕਥਾਮ (Drug prevention) ਲਈ ਲਗਾਤਾਰ ਕਾਰਵਾਈ ਹੋ ਰਹੀ ਹੈ ਅਤੇ ਅੱਜ ਵੀ 70 ਕਿਲੋ ਹੈਰੋਇਨ ਫੜੀ ਹੈ। ਵੱਡੀ ਪੱਧਰ ’ਤੇ ਰਿਕਵਰੀ ਤੇ ਗ੍ਰਿਫ਼ਤਾਰੀਆਂ ਹੋਈਆਂ ਹਨ। ਉਨ੍ਹਾਂ ਸਰਹੱਦੀ ਖੇਤਰਾਂ ’ਚ ਬਰਾਮਦ ਹੋ ਰਹੇ ਵਿਸਫ਼ੋਟਕ ਤੇ ਗਰਨੇਡ ਆਦਿ ਬਾਰੇ ਕਿਹਾ ਕਿ ਇਸ ਪਿਛੇ ਕੋਈ ਵੱਡੀ ਸਾਜਿਸ਼ ਹੈ ਪਰ ਇਸ ਦਾ ਕਿਸਾਨ ਅੰਦੋਲਨ (Farmers Protest) ਨਾਲ ਕੋਈ ਸਬੰਧ ਨਹੀਂ। ਅਸੀਂ ਸਾਜਿਸ਼ ਦਾ ਸੁਰਾਗ਼ ਕੱਢਣ ਲਈ ਪੂਰੀ ਜਾਂਚ ਕਰ ਰਹੇ ਹਾਂ।
PHOTO
ਵਿਧਾਇਕਾਂ ਦਾ ਇਨਕਮ ਟੈਕਸ (Income tax) ਸਰਕਾਰੀ ਖ਼ਜ਼ਾਨੇ ’ਚੋਂ ਭਰੇ ਜਾਣ ਬਾਰੇ ਪੁੱਛੇ ਸਵਾਲ ਦਾ ਮੁੱਖ ਮੰਤਰੀ ਨਾਲ ਬੈਠੇ ਵਿੱਤ ਮੰਤਰੀ ਮਨਪ੍ਰੀਤ ਬਾਦਲ (Manpreet Badal) ਨੇ ਜਵਾਬ ਦਿੰਦੇ ਹੋਏ ਕਿਹਾ ਕਿ ਸਰਕਾਰ ਨੇ ਮੰਤਰੀਆਂ ਬਾਰੇ ਫ਼ੈਸਲਾ ਕਰਨਾ ਹੁੰਦਾ ਹੈ ਪਰ ਵਿਧਾਇਕਾਂ ਦੇ ਇਨਕਮ ਟੈਕਸ ਤੇ ਤਨਖ਼ਾਹਾਂ ਦਾ ਫ਼ੈਸਲਾ ਵਿਧਾਨ ਸਭਾ ਦੀ ਸਪੀਕਰ ਵਲੋਂ ਕਮੇਟੀ ਕਰਦੀ ਹੈ। ਕੈਪਟਨ ਨੇ ਐਸ.ਟੀ.ਐਫ਼. ਦੇ ਗੁਰਪਤਵੰਤ ਸਿੰਘ ਪਨੂੰ ਦੀਆਂ ਧਮਕੀਆਂ ਬਾਰੇ ਕਿਹਾ ਕਿ ਹਿੰਮਤ ਹੈ ਤਾਂ ਪੰਜਾਬ ’ਚ ਵੜ ਕੇ ਤਾਂ ਵੇਖੇ, ਸਿੱਧਾ ਕਰ ਦਿਆਂਗੇ।