
ਜੇ ਮੇਰੇ ਪਰਵਾਰ ਨੂੰ ਕੇਂਦਰੀ ਏਜੰਸੀਆਂ ਤੋਂ ਨੋਟਿਸ ਮਿਲਿਆ ਤਾਂ ਮੈਂ ਇਸ ਨਾਲ ਕਾਨੂੰਨੀ ਤੌਰ 'ਤੇ ਲੜਾਂਗੀ: ਮਮਤਾ
ਕੋਲਕਾਤਾ, 31 ਅਗੱਸਤ : ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁਧਵਾਰ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਨੂੰ ਕੇਂਦਰ ਸਰਕਾਰ ਦੀ ਕਿਸੇ ਜਾਂਚ ਏਜੰਸੀ ਤੋਂ ਨੋਟਿਸ ਮਿਲਿਆ ਤਾਂ ਉਹ ਇਸ ਨਾਲ ਕਾਨੂੰਨੀ ਤੌਰ 'ਤੇ ਲੜੇਗੀ |
ਬੈਨਰਜੀ ਦੀ ਇਹ ਟਿਪਣੀ ਉਦੋਂ ਆਈ ਹੈ ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ੁਕਰਵਾਰ ਨੂੰ ਉਨ੍ਹਾਂ ਦੇ ਭਤੀਜੇ ਅਤੇ ਤਿ੍ਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਨੂੰ ਕੋਲਾ ਤਸਕਰੀ ਘਪਲੇ ਦੀ ਚੱਲ ਰਹੀ ਜਾਂਚ ਦੇ ਸਬੰਧ ਵਿਚ ਕੇਂਦਰੀ ਏਜੰਸੀ ਦੇ ਅਧਿਕਾਰੀਆਂ ਸਾਹਮਣੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ | ਮੁੱਖ ਮੰਤਰੀ ਨੇ ਇਥੇ ਪੱਤਰਕਾਰਾਂ ਨੂੰ ਕਿਹਾ, Tਜੇਕਰ ਮੇਰੇ ਪਰਵਾਰ ਨੂੰ (ਕੇਂਦਰੀ ਏਜੰਸੀਆਂ ਤੋਂ) ਨੋਟਿਸ ਮਿਲਿਆ, ਤਾਂ ਮੈਂ ਕਾਨੂੰਨੀ ਤੌਰ 'ਤੇ ਇਸ ਨਾਲ ਲੜਾਂਗੀ, ਹਾਲਾਂਕਿ ਇਹ ਅੱਜ ਕਲ ਮੁਸ਼ਕਲ ਹੋ ਗਿਆ ਹੈ | ਪਰ ਮੈਨੂੰ ਨਿਆਂਪਾਲਿਕਾ 'ਤੇ ਭਰੋਸਾ ਹੈ |''
ਉਨ੍ਹਾਂ ਕਿਹਾ, Tਉਹ (ਭਾਜਪਾ) ਦੋਸ਼ ਲਗਾਉਂਦੇ ਹਨ ਕਿ ਕੋਲਾ ਘਪਲੇ ਦਾ ਪੈਸਾ ਕਾਲੀਘਾਟ ਜਾ ਰਿਹਾ ਹੈ, ਪਰ ਉਨ੍ਹਾਂ ਨੇ ਕਿਸੇ ਦਾ ਨਾਮ ਨਹੀਂ ਲਿਆ | ਕੀ ਪੈਸਾ ਮਾਂ ਕਾਲੀ ਕੋਲ ਜਾ ਰਿਹਾ ਹੈ?'' ਬੈਨਰਜੀ ਕੋਲਕਾਤਾ ਦੇ ਕਾਲੀਘਾਟ ਇਲਾਕੇ ਵਿਚ ਰਹਿੰਦੀ ਹੈ | ਇਹ ਇਲਾਕਾ ਅਪਣੇ ਕਾਲੀ ਮੰਦਰ ਲਈ ਮਸ਼ਹੂਰ ਹੈ | ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਗ਼ੈਰ-ਕਾਨੂੰਨੀ ਢੰਗ ਨਾਲ ਜਾਇਦਾਦ ਹਾਸਲ ਕਰਨ ਵਿਚ ਕਿਸੇ ਦੀ ਮਦਦ ਨਹੀਂ ਕੀਤੀ | ਉਨ੍ਹਾਂ ਕਿਹਾ, ''ਜੇਕਰ ਇਹ ਸਾਬਤ ਹੋ ਜਾਂਦਾ ਹੈ ਕਿ ਮੈਂ ਕਿਸੇ ਜਾਇਦਾਦ 'ਤੇ ਕਬਜ਼ਾ ਕੀਤਾ ਹੈ ਜਾਂ ਅਜਿਹਾ ਕਰਨ 'ਚ ਕਿਸੇ ਦੀ ਮਦਦ ਕੀਤੀ ਹੈ ਤਾਂ ਉਸ ਨੂੰ ਢਾਹਿਆ ਜਾ ਸਕਦਾ ਹੈ |''
ਹਾਲ ਹੀ ਦੇ ਸਾਲਾਂ ਵਿਚ ਬੈਨਰਜੀ ਦੇ ਰਿਸ਼ਤੇਦਾਰਾਂ ਦੀਆਂ ਜਾਇਦਾਦਾਂ ਵਿਚ ਕਈ ਗੁਣਾ ਵਾਧਾ ਹੋਣ ਦਾ ਦੋਸ਼ ਲਗਾਉਂਦੇ ਹੋਏ, ਸੋਮਵਾਰ ਨੂੰ ਕਲਕੱਤਾ ਹਾਈ ਕੋਰਟ ਵਿਚ ਇਕ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਵਿਚ ਕੇਂਦਰੀ ਏਜੰਸੀ ਤੋਂ ਇਸਦੀ ਜਾਂਚ ਕਰਵਾਉਣ ਦੀ ਅਪੀਲ ਕੀਤੀ ਗਈ ਸੀ | (ਏਜੰਸੀ)