
ਪੁਲਿਸ ਨੇ ਮੁਲਜ਼ਮ ਮਹਿਲਾ ਨੂੰ ਕੀਤਾ ਗ੍ਰਿਫ਼ਤਾਰ
ਬਿਜਨੌਰ: ਪ੍ਰੇਮ ਸਬੰਧਾਂ ਵਿੱਚ ਅੜਿੱਕਾ ਸਮਝ ਆਪਣੇ ਹੀ ਛੇ ਮਹੀਨੇ ਦੇ ਬੱਚੇ ਦਾ ਕਤਲ ਕਰਨ ਅਤੇ ਲਾਸ਼ ਨੂੰ ਨਾਲੇ ਵਿੱਚ ਸੁੱਟਣ ਦੇ ਮਾਮਲੇ 'ਚ ਦੋਸ਼ੀ ਇੱਕ ਔਰਤ ਨੂੰ ਜ਼ਿਲ੍ਹਾ ਪੁਲੀਸ ਨੇ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਬੁੱਧਵਾਰ ਨੂੰ ਨਗੀਨਾ ਥਾਣਾ ਖੇਤਰ ਦੇ ਲੁਹਾਰੀ ਸਰਾਏ ਇਲਾਕੇ 'ਚ ਇਕ ਵਿਅਕਤੀ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਸ ਦੀ ਭਾਬੀ ਅਫ਼ਸ਼ਾਂ ਨੇ ਆਪਣੇ 6 ਮਹੀਨੇ ਦੇ ਬੱਚੇ ਅਰਹਾਨ ਦਾ ਕਤਲ ਕਰ ਦਿੱਤਾ ਹੈ, ਅਤੇ ਉਸ ਦੀ ਲਾਸ਼ ਨੂੰ ਨਾਲ਼ੇ ਵਿੱਚ ਸੁੱਟ ਦਿੱਤਾ ਹੈ।
ਨਾਲ਼ੇ ਵਿੱਚੋਂ ਬੱਚੇ ਦੀ ਲਾਸ਼ ਪੁਲਿਸ ਨੇ ਬਰਾਮਦ ਕਰ ਲਈ ਹੈ। ਅਫ਼ਸ਼ਾਂ ਨੂੰ ਉਸ ਦੇ ਘਰੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਦੱਸਿਆ ਗਿਆ ਹੈ ਕਿ ਅਫ਼ਸ਼ਾਂ ਦਾ ਪਤੀ ਆਸਿਫ਼ ਸਾਊਦੀ ਅਰਬ ਵਿਖੇ ਨੌਕਰੀ ਕਰਦਾ ਹੈ।
ਪੁਲਿਸ ਅਫ਼ਸਰਾਂ ਨੇ ਜਾਣਕਾਰੀ ਦਿੱਤੀ ਕਿ ਅਫ਼ਸ਼ਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਉਸ ਦੇ ਇਕ ਨੌਜਵਾਨ ਨਾਲ ਪ੍ਰੇਮ ਸੰਬੰਧ ਸਨ। ਆਪਣੇ ਪ੍ਰੇਮੀ ਨੂੰ ਹਾਸਲ ਕਰਨ ਅਤੇ ਖ਼ੁਦ ਨੂੰ ਕੁਆਰੀ ਦਿਖਾਉਣ ਲਈ ਉਸ ਨੇ ਆਪਣੇ ਹੀ ਬੇਟੇ ਅਰਹਾਨ ਦਾ ਕਤਲ ਕਰਕੇ ਲਾਸ਼ ਨੂੰ ਨਾਲ਼ੇ 'ਚ ਸੁੱਟ ਦਿੱਤਾ ਅਤੇ ਕਤਲ ਦਾ ਦੋਸ਼ ਬੱਚੇ ਦੀ ਦੇਖਭਾਲ ਲਈ ਰੱਖੀ 9 ਸਾਲਾ ਸੁਮੱਈਆ 'ਤੇ ਲਗਾ ਦਿੱਤਾ।