
7 ਕਰੋੜ ਰੁਪਏ ਦੇ ਸਵਾਲ ਲਈ 4-5 ਸਤੰਬਰ ਨੂੰ ਹੋਵੇਗਾ ਮੁਕਾਬਲਾ
ਤਰਨਤਾਰਨ - 'ਕੌਣ ਬਣੇਗਾ ਕਰੋੜਪਤੀ 15' ਟੀਵੀ ਦਾ ਸਭ ਤੋਂ ਮਸ਼ਹੂਰ ਸ਼ੋਅ ਹੈ ਤੇ ਇਸ ਸ਼ੋਅ 'ਚ ਪੰਜਾਬ ਦੇ ਜਸਕਰਨ ਸਿੰਘ ਨੇ ਇਤਿਹਾਸ ਰਚ ਦਿੱਤਾ ਹੈ।
ਸ਼ੋਅ ਦਾ ਇਕ ਪ੍ਰੋਮੋ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਪੰਜਾਬ ਦੇ ਜਸਕਰਨ (21 ਸਾਲ) ਹੌਟ ਸੀਟ 'ਤੇ ਬੈਠਾ ਨਜ਼ਰ ਆ ਰਿਹਾ ਹੈ। ਉਸ ਨੇ ਅਪਣੀ ਮਿਹਨਤ ਤੇ ਗਿਆਨ ਨਾਲ 1 ਕਰੋੜ ਰੁਪਏ ਜਿੱਤ ਲਏ ਹਨ ਅਤੇ ਹੁਣ ਉਹ 4-5 ਸਤੰਬਰ ਨੂੰ 7 ਕਰੋੜ ਰੁਪਏ ਦੇ ਸਵਾਲ ਲਈ ਖੇਡਣ ਜਾ ਰਿਹਾ ਹੈ। ਹਾਲਾਂਕਿ 7 ਕਰੋੜ ਰੁਪਏ ਦੇ ਸਵਾਲ ਦਾ ਕੀ ਹੋਣ ਵਾਲਾ ਹੈ ਇਸ ਨੂੰ ਲੈ ਕੇ ਅਜੇ ਵੀ ਸਸਪੈਂਸ ਬਣਿਆ ਹੋਇਆ ਹੈ। ਜਸਕਰਨ ਇਸ ਸੀਜ਼ਨ ਦੇ ਪਹਿਲੇ ਪ੍ਰਤੀਯੋਗੀ ਹਨ ਜੋ 7 ਕਰੋੜ ਰੁਪਏ ਦੇ ਸਵਾਲ ਤੱਕ ਪਹੁੰਚ ਗਏ ਹਨ।
1 ਕਰੋੜ ਜਿੱਤਣ ਤੋਂ ਬਾਅਦ ਜਸਕਰਨ ਬਹੁਤ ਖੁਸ਼ ਹੈ। ਜਸਕਰਨ ਸਿੰਘ ਅੰਮ੍ਰਿਤਸਰ ਦੇ ਡੀਏਵੀ ਕਾਲਜ ਵਿਚ ਪੜ੍ਹਦਾ ਹੈ ਤੇ ਉਸ ਦਾ ਘਰ ਤਰਨਤਾਰਨ ਦੇ ਪਿੰਡ ਖਾਲੜਾ ਵਿਚ ਹੈ। ਉਸ ਦਾ ਪਰਿਵਾਰ ਕੋਲ ਕੋਈ ਖੇਤੀ ਦਾ ਕੰਮ ਨਹੀਂ ਹੈ। ਜਸਕਰਨ ਦਾ ਪਿਤਾ ਚਰਨਜੀਤ ਸਿੰਘ ਪਿੰਡ ਵਿਚ ਹੀ ਕੇਟਰਿੰਗ ਦਾ ਕੰਮ ਕਰਦਾ ਹੈ ਅਤੇ ਮਾਂ ਕੁਲਵਿੰਦਰ ਕੌਰ ਘਰ ਵਿਚ ਹੀ ਹੈ। ਉਸ ਦੇ ਇਕ ਭੈਣ ਤੇ ਇਕ ਛੋਟਾ ਭਰਾ ਹੈ। ਪਰਿਵਾਰ ਦਾ ਪੂਰਾ ਖਰਚਾ ਪਿਤਾ ਦੇ ਕੰਮ ਨਾਲ ਹੀ ਚੱਲਦਾ ਹੈ।