ਨੇਪਾਲ 'ਚ 'ਅਯੁਧਿਆਪੁਰੀ ਧਾਮ' ਲਈ 40 ਏਕੜ ਜ਼ਮੀਨ ਅਲਾਟ
ਕਾਠਮੰਡੂ, 30 ਸਤੰਬਰ : ਭਗਵਾਨ ਰਾਮ ਦੀ ਜਨਮ ਭੂਮੀ ਨੂੰ ਲੈ ਕੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦੀ ਵਿਵਾਦਤ ਟਿੱਪਣੀ ਤੋਂ ਬਾਅਦ ਹੁਣ ਨੇਪਾਲ 'ਚ ਅਯੁਧਿਆਪੁਰੀ ਧਾਮ ਦੇ ਨਿਰਮਾਣ ਲਈ 100 ਬੀਘਾ (40 ਏਕੜ ਜ਼ਮੀਨ ਅਲਾਟ ਕਰ ਦਿਤੀ ਗਈ ਹੈ। ਨੇਪਾਲ ਦੇ ਪੀਐੱਮ ਓਲੀ ਨੇ 14 ਜੁਲਾਈ ਨੂੰ ਭਗਵਾਨ ਰਾਮ ਦੇ ਜਨਮ ਅਸਥਾਨ ਨੂੰ ਲੈ ਕੇ ਸਨਸਨੀਖੇਜ਼ ਬਿਆਨ ਦਿਤਾ ਸੀ।
ਓਲੀ ਨੇ ਦਾਅਵਾ ਕੀਤਾ ਸੀ ਕਿ ਭਗਵਾਨ ਰਾਮ ਦਾ ਜਨਮ ਭਾਰਤ ਦੇ ਅਯੁੱਧਿਆ 'ਚ ਨਹੀਂ, ਬਲਕਿ ਨੇਪਾਲ 'ਚ ਹੋਇਆ ਸੀ। ਓਲੀ ਨੇ ਭਾਰਤ 'ਤੇ ਫਰਜ਼ੀ ਅਯੁੱਧਿਆ ਬਣਾਉਣ ਦਾ ਵੀ ਦੋਸ਼ ਲਾਇਆ ਸੀ। ਬਕੌਲ ਓਲੀ, ਇਹ ਭਾਰਤ ਦਾ ਨੇਪਾਲ ਦੇ ਖ਼ਿਲਾਫ਼ ਸੱਭਿਆਚਾਰਕ ਹਮਲਾ ਹੈ। ਓਲੀ ਦੇ ਇਸ ਬਿਆਨ ਨੇ ਦੋਵਾਂ ਦੇਸ਼ਾਂ 'ਚ ਹੰਗਾਮਾ ਮਚਾ ਦਿਤਾ ਸੀ।
ਓਲੀ ਦੇ ਦਾਅਵੇ ਮੁਤਾਬਕ ਭਗਵਾਨ ਰਾਮ ਦਾ ਜਨਮ ਚਿਤਵਨ ਜ਼ਿਲ੍ਹੇ ਦੀ ਮਾਡੀ ਨਗਰ ਪਾਲਿਕਾ ਖੇਤਰ 'ਚ ਹੋਇਆ ਸੀ। ਖਬਰ ਇਹ ਹੈ ਕਿ ਮਾਡੀ ਨਗਰ ਪਾਲਿਕਾ ਦੀ ਮੰਗਲਵਾਰ ਨੂੰ ਹੋਈ ਬੈਠਕ 'ਚ ਵਾਰਡ 8 ਤੇ 9 'ਚ ਅਯੁਧਿਆਪੁਰੀ ਧਾਮ ਦੇ ਨਿਰਮਾਣ ਲਈ ਜ਼ਮੀਨ ਅਲਾਟ ਕਰ ਦਿੱਤੀ ਗਈ ਹੈ। ਮੇਅਰ ਠਾਕੁਰ ਪ੍ਰਸਾਦ ਢਕਾਲ ਨੇ ਨੇਪਾਲ ਦੀ ਨੈਸ਼ਨਲ ਨਿਊਜ਼ ਏਜੰਸੀ ਨੂੰ ਇਹ ਜਾਣਕਾਰੀ ਦਿਤੀ ਹੈ। (ਏਜੰਸੀ)