
ਕਾਂਗਰਸ ਛੱਡ ਰਿਹਾ ਹਾਂ ਪਰ ਭਾਜਪਾ ਵਿਚ ਸ਼ਾਮਲ ਨਹੀਂ ਹੋ ਰਿਹਾ : ਕੈਪਟਨ
ਦਿੱਲੀ ਦੇ ਵੱਡੇ ਕਾਂਗਰਸੀ ਵੀ ਨਹਿਰੂ ਪ੍ਰਵਾਰ ਵਿਰੁਧ ਤੇ ਕੈਪਟਨ ਦੇ ਹੱਕ ਵਿਚ ਨਿਤਰੇ
ਚੰਡੀਗੜ੍ਹ/ਨਵੀਂ ਦਿੱਲੀ, 30 ਸਤੰਬਰ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਉਹ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚ ਸ਼ਾਮਲ ਨਹੀਂ ਹੋ ਰਹੇ। ਪਰ ਇਸ ਨਾਲ ਹੀ ਉਨ੍ਹਾਂ ਦਾ ਕਾਂਗਰਸ ਵਿਚ ਵੀ ਬਣੇ ਰਹਿਣ ਦਾ ਕੋਈ ਇਰਾਦਾ ਨਹੀਂ, ਜੋ ਕਿ ਸੀਨੀਅਰ ਆਗੂਆਂ ਨੂੰ ਅਣਦੇਖਿਆ ਕਰਨ ਅਤੇ ਉਨ੍ਹਾਂ ਦੀ ਆਵਾਜ਼ ਅਣਸੁਣੀ ਕਰਨ ਦੇ ਚਲਦਿਆਂ ਲਗਾਤਾਰ ਹੇਠਾਂ ਵਲ ਜਾ ਰਹੀ ਹੈ।
ਭਾਜਪਾ ਵਿਚ ਸ਼ਾਮਲ ਹੋਣ ਵਰਗੇ ਕਿਸੇ ਵੀ ਕਦਮ ਤੋਂ ਇਨਕਾਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਨੂੰ ਛੱਡ ਦੇਣਗੇ ਜਿਥੇ ਉਨ੍ਹਾਂ ਨੂੰ ਬੇਇੱਜ਼ਤ ਕੀਤਾ ਗਿਆ ਸੀ ਅਤੇ ਉਨ੍ਹਾਂ ’ਤੇ ਭਰੋਸਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ,‘‘ਮੈਂ ਅਸਤੀਫ਼ਾ ਦੇ ਦਿਆਂਗਾ ਅਤੇ ਪਾਰਟੀ ਵਿਚ ਨਹੀਂ ਰਹਾਂਗਾ।’’ ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਪੰਜਾਬ ਦੇ ਹਿਤ ਵਿਚ, ਜਿਸ ਦੀ ਸੁਰੱਖਿਆ ਉਨ੍ਹਾਂ ਲਈ ਅਜੇ ਵੀ ਮੁੱਖ ਤਰਜੀਹ ਹੈ, ਨੂੰ ਲੈ ਕੇ ਅਪਣੇ ਵਿਕਲਪਾਂ ਬਾਰੇ ਵਿਚਾਰ ਕਰ ਰਹੇ ਹਨ। ਕੈਪਟਨ ਨੇ ਕਿਹਾ ਕਿ ਉਹ ਇਸ ਤਰ੍ਹਾਂ ਦਾ ਅਪਮਾਨਜਨਕ ਰਵਈਆ ਬਰਦਾਸ਼ਤ ਨਹੀਂ ਕਰਨਗੇ ਅਤੇ ਨਾ ਹੀ ਉਹ ਇਸ ਬੇਇੱਜ਼ਤੀ ਨੂੰ ਸਹਿਣਗੇ। ਉਨ੍ਹਾਂ ਦੇ ਸਿਧਾਂਤ ਹੁਣ ਉਨ੍ਹਾਂ ਨੂੰ ਕਾਂਗਰਸ ਵਿਚ ਰਹਿਣ ਦੀ ਆਗਿਆ ਨਹੀਂ ਦਿੰਦੇ।
ਨਵਜੋਤ ਸਿੰਘ ਸਿੱਧੂ ਬਾਰੇ ਅਪਣੀ ਰਾਏ ਨੂੰ ਦੁਹਰਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਉਸ ਨੂੰ ਸਿਰਫ਼ ਇਕ ਭੀੜ ਇਕੱਠੀ ਕਰਨ ਵਾਲਾ
ਦਸਿਆ ਜੋ ਕਿ ਇਹ ਨਹੀਂ ਜਾਣਦਾ ਕਿ ਅਪਣੀ ਟੀਮ ਨੂੰ ਨਾਲ ਲੈ ਕੇ ਅੱਗੇ ਕਿਵੇਂ ਚਲਣਾ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਉਨ੍ਹਾਂ ਅਪਣੇ ਆਪ ਤੋਂ ਇਲਾਵਾ ਨਿਜੀ ਤੌਰ ਤੇ ਕਈ ਪੀਪੀਸੀਸੀ ਮੁਖੀਆਂ ਨਾਲ ਕੰਮ ਕੀਤਾ ਹੈ ਅਤੇ ਉਹ ਸਿੱਧੂ ਵਾਂਗ ਡਰਾਮੇਬਾਜ਼ੀ ਵਿਚ ਸ਼ਾਮਲ ਹੋਏ ਬਗ਼ੈਰ, ਅਪਣੇ ਮਸਲੇ ਸੁਲਝਾਉਂਦੇ ਰਹੇ ਹਨ। (ਏਜੰਸੀ)