
Punjab News: ਕਿਸਾਨਾਂ ਨੂੰ ਅਦਾਇਗੀ ਵਾਸਤੇ 41340 ਕਰੋੜ ਦੀ ਕੈਸ਼ ਕੈ੍ਰਡਿਟ ਲਿਮਿਟ ਜਾਰੀ
Punjab News: ਮੌਜੂਦਾ ਆਪ ਸਰਕਾਰ ਨੇ ਮਾਰਚ 2022 ਤੋਂ ਹੁਣ ਤਕ ਝੋਨਾ ਕਣਕ ਦੀਆਂ 5 ਫ਼ਸਲਾਂ ਦੀ ਸਫ਼ਲ ਖ਼ਰੀਦ ਉਪਰੰਤ ਇਸ ਸਾਉਣੀ ਦੀ ਫ਼ਸਲ ਯਾਨੀ ਝੋਨੇ ਦੀ 230 ਲੱਖ ਟਨ ਦੀ ਪੈਦਾਵਾਰ ਹੋਣ ਦੀ ਸੰਭਾਵਨਾ ਦੇ ਚਲਦਿਆਂ ਕੇਂਦਰੀ ਭੰਡਾਰ ਲਈ ਚਾਵਲ ਦੇਣ ਵਾਸਤੇ 185 ਲੱਖ ਟਨ ਝੋਨੇ ਦੀ ਖ਼ਰੀਦ ਅੱਜ ਤੋਂ ਕਰਨ ਦੇ ਪੂਰੇ ਪ੍ਰਬੰਧ ਕਰ ਲਏ ਹਨ।
2100 ਤੋਂ ਵੱਧ ਮੰਡੀਆਂ ਅਤੇ ਆਰਜ਼ੀ ਖ਼ਰੀਦ ਕੇਂਦਰਾਂ ਵਿਚ ਬਿਜਲੀ ਪਾਣੀ ਦੇ ਪ੍ਰਬੰਧ, ਸਾਫ਼ ਸਫ਼ਾਈ ਤੋਂ ਇਲਾਵਾ 500 ਬੋਰੀਆ ਵਾਲੀਆਂ 5 ਲੱਖ ਗੰਢਾਂ ਅਤੇ ਹੋਰ ਬਾਰਦਾਨੇ ਦਾ ਇੰਤਜ਼ਾਮ ਵੀ ਕਰ ਲਿਆ ਗਿਆ ਹੈ। ਅਨਾਜ ਸਪਲਾਈ ਵਿਭਾਗ ਤੇ ਮੰਡੀ ਬੋਰਡ ਦੇ ਸੀਨੀਅਰ ਅਧਿਕਾਰੀਆਂ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ 4 ਸਰਕਾਰੀ ਏਜੰਸੀਆਂ ਪਨਸਪ, ਪਨਗਰੇਨ, ਮਾਰਕਫ਼ੈੱਡ ਅਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੂੰ 185 ਲੱਖ ਟਨ ਖ਼ਰੀਦ ਲਈ ਮੰਡੀਆ ਦੀ ਅਲਾਟਮੈਟ ਅਤੇ ਵੱਖੋ ਵੱਖ ਟੀਚੇ ਦੇ ਦਿਤੇ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਏਜੰਸੀ ਐਫ਼.ਸੀ.ਆਈ. ਨੂੰ ਵੀ ਖ਼ਰੀਦ ਦਾ ਟੀਚਾ ਦੇ ਦਿਤਾ ਹੈ ਜੋ ਮਾਮੂਲੀ 5 ਲੱਖ ਟਨ ਝੋਨਾ ਤਕ ਦਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵਲੋਂ ਕੇਂਦਰ ਸਰਕਾਰ ਨੂੰ ਲਿਖਣ ’ਤੇ ਰਿਜ਼ਰਵ ਬੈਂਕ ਨੇ ਇਸ ਝੋਨੇ ਦੀ ਖ਼ਰੀਦ ਬਦਲੇ ਕਿਸਾਨਾਂ ਨੂੰ ਅਦਾਇਗੀ ਕਰਨ ਲਈ 41340 ਕਰੋੜ ਦੀ ਕੈਸ਼ ਕ੍ਰੈਡਿਟ ਲਿਮਟ ਦੀ ਰਕਮ ਪੰਜਾਬ ਦੇ ਬੈਂਕਾਂ ਨੂੰ ਜਾਰੀ ਹੋ ਗਈ ਹੈ ਜਿਸ ਵਿਚੋਂ ਕਿਸਾਨਾਂ ਅਤੇ ਆੜ੍ਹਤੀਆਂ ਦੇ ਖ਼ਾਤਿਆਂ ਵਿਚ ਨਾਲੋਂ ਨਾਲ ਜਾਂਦੀ ਰਹੇਗੀ। ਅਧਿਕਾਰੀਆਂ ਨੇ ਦਸਿਆ ਕਿ ਲੋੜ ਪੈਣ ’ਤੇ ਹੋਰ ਵਾਧੂ ਰਕਮ ਨਵੰਬਰ ਮਹੀਨੇ ਵਿਚ ਜਾਰੀ ਕੀਤੀ ਜਾਵੇਗੀ।
ਦਸਣਾ ਬਣਦਾ ਹੈ ਕਿ ਕਈ ਲੇਬਰ ਯੂਨੀਅਨਾਂ, ਆੜ੍ਹਤੀ ਜਥੇਬੰਦੀਆਂ ਅਤੇ ਸ਼ੈਲਰ ਮਾਲਕਾਂ ਨਲੇ ਇਸ ਖ਼ਰੀਦ ਮੌਸਮ ਦੇ ਚਲਦਿਆਂ ਕਈ ਕਿਸਮਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਅਨਾਜ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਰਖਿਆ ਹੋਇਆ ਹੈ।
ਮੁੱਖ ਮੰਤਰੀ ਨੇ ਕਲ ਐਲਾਨ ਕੀਤਾ ਸੀ ਕਿ ਕਿਸਾਨ ਦੀ ਫ਼ਸਲ ਦਾ ਦਾਣਾ ਦਾਣਾ ਖ਼ਰੀਦਿਆ ਜਾਵੇਗਾ। ਇਨ੍ਹਾਂ ਅਧਿਕਾਰੀਆਂ ਨੇ ਇਹ ਵੀ ਦਸਿਆ ਕਿ ਪਿਛਲੀ ਸਰਕਾਰ ਵੇਲੇ ਦੀਆਂ 2 ਫ਼ਸਲਾ ਅਤੇ ਮੌਜੂਦਾ ਸਰਕਾਰ ਵੇਲੇ ਦੀਆਂ 5 ਫ਼ਸਲਾਂ ਦੀ ਖ਼ਰੀਦ ਦਾ 8000 ਕਰੋੜ ਤੋਂ ਵੱਧ ਦਾ ਦਿਹਾਤੀ ਵਿਕਾਸ ਫ਼ੰਡ ਅਜੇ ਕੇਂਦਰ ਸਰਕਾਰ ਵਲ ਬਕਾਇਆ ਪਿਆ ਹੈ, ਸੁਪਰੀਮ ਕੋਰਟ ਵਿਚ ਕੇਸ ਪਾਇਆ ਹੋਇਆ ਹੈ।
ਸਟੋਰਾਂ ਅਤੇ ਗੋਦਾਮਾਂ ਦੀ ਹਾਲਤ ਬਾਰੇ ਅਧਿਕਾਰੀਆਂ ਨੇ ਦਸਿਆ ਕਿ 4 ਏਜੰਸੀਆਂ ਦੇ ਗੋਦਾਮਾਂ ਵਿਚ 175 ਲੱਖ ਟਨ ਅਨਾਜ ਭਰਿਆ ਹੈ, ਨਵੀਂ ਫ਼ਸਲ ਵਿਚੋਂ ਛੜਨ ਵਾਲੇ ਚਾਵਲਾਂ ਵਾਸਤੇ ਕੋਈ ਥਾਂ ਨਹੀਂ ਹੈ ਅਤੇ ਮੁੱਖ ਮੰਤਰੀ ਨੇ ਕੇਂਦਰ ਨੂੰ 2 ਵਾਰ ਲਿਖਤੀ ਰੂਪ ਵਿਚ ਤੇ 2 ਵਾਰ ਫ਼ੋਨ ’ਤੇ ਬੇਨਤੀ ਕੀਤੀ ਹੈ ਕਿ ਲੋੜਵੰਦ ਰਾਜਾਂ ਵਿਚ ਇਹ ਅਨਾਜ ਤੇਜ਼ੀ ਨਾਲ ਰੇਲਾਂ ਰਾਹੀਂ ਭੇਜਣ ਦਾ ਬੰਦੋਬਸਤ ਕੀਤਾ ਜਾਵੇ।