Ashwani Kumar Sharma
ਭਾਜਪਾ ਇਕਾਈ ਦੁਚਿੱਤੀ ਵਿਚ 'ਕਰੀਏ ਤਾਂ ਕੀ ਕਰੀਏ'
ਚੰਡੀਗੜ੍ਹ: ਭਾਜਪਾ ਹਾਈਕਮਾਨ ਨੇ ਪੰਜਾਬ ਇਕਾਈ ਨੂੰ ਫ਼ਰਮਾਨ ਜਾਰੀ ਕਰ ਦਿਤਾ ਹੈ ਕਿ ਪ੍ਰਦੇਸ਼ ਭਾਜਪਾ ਪਿੰਡ ਪਿੰਡ ਜਾ ਕੇ ਕਿਸਾਨਾਂ ਨੂੰ ਖੇਤੀ ਬਿਲਾਂ ਬਾਰੇ ਜਾਗਰੂਕ ਕਰੇ। ਦਿੱਲੀ ਵਿਖੇ ਪਿਛਲੇ ਦਿਨੀ ਭਾਜਪਾ ਹਾਈਕਮਾਨ ਨਾਲ ਪੰਜਾਬ ਇਕਾਈ ਦੀ ਹੋਈ ਬੈਠਕ ਵਿਚ ਇਹ ਫ਼ਰਮਾਨ ਜਾਰੀ ਕੀਤਾ ਗਿਆ ਪਰ ਪੰਜਾਬ ਵਿਚ ਜਿਸ ਤਰੀਕੇ ਨਾਲ ਕਿਸਾਨ ਗੁੱਸੇ ਵਿਚ ਨੇ ਉਸਨੂੰ ਦੇਖਦੇ ਹੋਏ ਪੰਜਾਬ ਇਕਾਈ ਦੁਚਿੱਤੀ ਵਿਚ ਫਸੀ ਹੋਈ ਹੈ।
Farmer Protest
ਇਕ ਪਾਸੇ ਕੇਂਦਰੀ ਹਾਈਕਮਾਨ ਦਾ ਦਬਾਅ ਤੇ ਦੂਜੇ ਪਾਸੇ ਕਿਸਾਨਾਂ ਦਾ ਗੁੱਸਾ। ਦਰਅਸਲ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਮੁਸ਼ਕਲ 'ਚ ਘਿਰੀ ਨਜ਼ਰ ਆ ਰਹੀ ਹੈ। ਮੁੱਦਾ ਅਸਲ ਵਿਚ ਇਹ ਹੈ ਕਿ ਪਿਛਲੇ ਦਿਨੀ ਦਿੱਲੀ ਵਿਖੇ ਭਾਜਪਾ ਹਾਈਕਮਾਨ ਦੀ ਪੰਜਾਬ ਇਕਾਈ ਨਾਲ ਹੋਈ ਬੈਠਕ ਵਿਚ ਹਾਈਕਮਾਨ ਵਲੋਂ ਸਖ਼ਤੀ ਨਾਲ ਪੁਛਿਆ ਗਿਆ ਕਿ ਪੰਜਾਬ ਦਾ ਆਗੂ ਹੁਣ ਤਕ ਕਿਸਾਨਾਂ ਨਾਲ ਰਾਬਤਾ ਕਰ ਕੇ ਉਨ੍ਹਾਂ ਨੂੰ ਖੇਤੀ ਕਾਨੂੰਨਾਂ ਬਾਰੇ ਸਮਝਾ ਕਿਉਂ ਨਹੀਂ ਪਾਏ?
BJP
ਸੂਤਰਾਂ ਮੁਤਾਬਕ ਹਾਈਕਮਾਨ ਵਲੋਂ ਇਹ ਸਪੱਸ਼ਟ ਕਰ ਦਿਤਾ ਗਿਆ ਹੈ ਕਿ ਖੇਤੀ ਬਿਲ ਕਿਸੇ ਵੀ ਹਾਲਤ 'ਚ ਵਾਪਸ ਨਹੀਂ ਲਏ ਜਾਣਗੇ, ਨਾਲ ਹੀ ਪੰਜਾਬ ਇਕਾਈ ਨੂੰ ਇਹ ਫ਼ਰਮਾਨ ਜਾਰੀ ਕੀਤਾ ਗਿਆ ਕਿ ਹੁਣ ਪ੍ਰਦੇਸ਼ ਇਕਾਈ ਬਿਨਾਂ ਸਮਾਂ ਗਵਾਏ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਖੇਤੀ ਬਿਲਾਂ ਬਾਰੇ ਸਮਝਾਏ। ਮੀਟਿੰਗ ਤੋਂ ਬਾਅਦ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਪੱਸ਼ਟ ਤੌਰ 'ਤੇ ਤਾਂ ਕੁਝ ਨਹੀਂ ਕਿਹਾ ਪਰ ਸਾਰੇ ਮੁੱਦਿਆਂ 'ਤੇ ਚਰਚਾ ਦੀ ਗੱਲ ਜ਼ਰੂਰ ਕਹੀ।
Farmer
ਖੈਰ ਹਾਈਕਮਾਨ ਨੇ ਤਾਂ ਫਰਮਾਨ ਸੁਣਾ ਦਿਤਾ ਪਰ ਸੂਤਰਾਂ ਮੁਤਾਬਕ ਸੂਬਾ ਇਕਾਈ ਕਿਸਾਨਾਂ ਦੇ ਗੁੱਸੇ ਨੂੰ ਵੇਖਦੇ ਹੋਏ ਦੁਚਿੱਤੀ 'ਚ ਹੈ ਕਿ ਉਹ ਕਿਸਾਨਾਂ ਵਿਚ ਜਾਵੇ ਜਾਂ ਨਾਂ ਜਾਵੇ ? ਕਿਉਂਕਿ ਪੰਜਾਬ ਭਾਜਪਾ ਦੀ ਸੱਭ ਤੋਂ ਵੱਡੀ ਸਮੱਸਿਆ ਇਹ ਵੀ ਹੈ ਕਿ ਪਿਛਲੇ ਸਮੇਂ 'ਚ ਭਾਜਪਾ ਨੇ ਸੂਬੇ 'ਚ ਅਪਣੇ ਆਪ ਨੂੰ 23 ਸੀਟਾਂ ਤਕ ਹੀ ਜ਼ਿਆਦਾਤਰ ਸੀਮਿਤ ਕਰ ਕੇ ਰਖਿਆ ਹੋਇਆ ਹੈ ਤੇ ਭਾਜਪਾ ਦੀ ਸੂਬਾ ਕਾਰਜਕਾਰਨੀ 'ਚ ਕਿਸਾਨੀ ਪਿਛੋਕੜ ਵਾਲੇ ਆਗੂਆਂ ਦੀ ਗਿਣਤੀ ਬਹੁਤ ਹੀ ਘੱਟ ਹੈ ।
BJP
ਪੰਜਾਬ ਭਾਜਪਾ ਲਈ ਸਥਾਨਕ ਨੇਤਾਵਾਂ ਖਾਸਕਰ ਸਿੱਖ ਚਿਹਰਿਆਂ ਦਾ ਪਾਰਟੀ ਛੱਡ ਕੇ ਜਾਣਾ ਵੀ ਵੱਡੀ ਸਿਰਦਰਦੀ ਬਣ ਰਿਹਾ ਹੈ, ਸੂਤਰਾਂ ਮੁਤਾਬਿਕ ਜਦ ਦਿੱਲੀ ਬੈਠਕ ਵਿਚ ਪੰਜਾਬ ਇਕਾਈ ਨੇ ਕੈਡਰ ਮਜਬੂਤ ਕਰਨ ਦੀ ਗੱਲ ਕਹੀ ਤਾਂ ਹਾਈਕਮਾਨ ਨੇ ਸਾਫ਼ ਕਿਹਾ ਕਿ ਉਨ੍ਹਾਂ ਕੋਲ ਤਾਂ ਨੇਤਾਵਾਂ ਦੇ ਪਾਰਟੀ ਛੱਡਣ ਦੀਆਂ ਖ਼ਬਰਾਂ ਪਹੁੰਚ ਰਹੀਆਂ ਹਨ ਤੇ ਜੇ ਪੰਜਾਬ ਇਕਾਈ ਅਪਣੇ ਨੇਤਾਵਾਂ ਨੂੰ ਹੀ ਸਮਝਾ ਨਹੀਂ ਸਕਦੀ ਤਾਂ ਕਿਸਾਨਾਂ ਨੂੰ ਕਿਵੇਂ ਸਮਝਾਏਗੀ ?
PM modi
ਕੁੱਲ ਮਿਲਾ ਕੇ ਪੰਜਾਬ ਭਾਜਪਾ ਲਈ ਬੜੀ ਅਜੀਬੋ ਗ਼ਰੀਬ ਸਥਿਤੀ ਬਣ ਗਈ ਹੈ, ਕਿਉਕਿ ਇਕ ਪਾਸੇ ਹਾਈਕਮਾਨ ਦਾ ਦਬਾਅ ਹੈ ਤੇ ਦੂਜੇ ਪਾਸੇ ਪਿਛਲੇ ਦਿਨੀਂ ਅਸ਼ਵਨੀ ਸ਼ਰਮਾ ਦੀ ਗੱਡੀ 'ਤੇ ਹੋਏ ਹਮਲੇ ਕਾਰਣ ਇਹ ਡਰ ਵੀ ਹੈ ਗੁੱਸੇ ਵਿਚ ਆਏ ਕਿਸਾਨਾਂ ਕੋਲ ਪਿੰਡ ਪਿੰਡ ਜਾਣਾ ਕਿੰਨਾਂ ਮੁਸ਼ਕਲ ਭਰਿਆ ਹੋ ਸਕਦਾ ਹੈ ਖਾਸਕਰ ਉਦੋਂ ਜਦੋਂ ਹਾਈਕਮਾਨ ਪੰਜਾਬ ਲੀਡਰਸ਼ਿਪ ਨੂੰ ਇਹ ਸਪੱਸ਼ਟ ਕਰ ਚੁੱਕੀ ਹੈ ਕਿ ਖੇਤੀ ਬਿਲ ਕਿਸੇ ਵੀ ਹਾਲਤ 'ਚ ਵਾਪਸ ਨਹੀਂ ਹੋਣਗੇ ।
end-of