
ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਦੀਆਂ ਧੀਆਂ ਨੇ ਸੰਭਾਲੇ ਮੋਰਚੇ
ਟੋਲ ਪਲਾਜ਼ਾ ਮਾਝੀ, ਕਾਲਾਝਾੜ ਤੇ ਰਿਲਾਇੰਸ ਪੰਪ ਬਾਲਦ ਕਲਾਂ ਵਿਖੇ 31ਵੇਂ ਦਿਨ ਵੀ ਧਰਨੇ ਜਾਰੀ ਰੱਖੇ
ਭਵਾਨੀਗੜ੍ਹ, 31 ਅਕਤੂਬਰ (ਗੁਰਪ੍ਰੀਤ ਸਿੰਘ ਸਕਰੌਦੀ)-ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਟੌਲ ਪਲਾਜ਼ਾ ਮਾਝੀ, ਟੌਲ ਪਲਾਜ਼ਾ ਕਾਲਾਝਾੜ ਅਤੇ ਪੈਟਰੌਲ ਪੰਪ ਬਾਲਦ ਕਲਾਂ ਵਿਖੇ 31ਵੇਂ ਦਿਨ ਧਰਨੇ ਜਾਰੀ ਰੱਖੇ ਗਏ।
ਭਵਾਨੀਗੜ੍ਹ-ਨਾਭਾ ਮੁੱਖ ਮਾਰਗ ਤੇ ਸਥਿੱਤ ਟੌਲ ਪਲਾਜ਼ਾ ਮਾਝੀ ਵਿਖੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਸਕੂਲ ਵਿਦਿਆਰਥਣ ਜਸ਼ਨਦੀਪ ਕੌਰ ਮਾਝੀ ਨੇ ਕਿਹਾ ਕਿ ਹੁਣ ਜਦੋਂ ਸਾਡੇ ਮਾਪੇ ਝੋਨੇ ਦੀ ਫਸਲ ਨੂੰ ਸੰਭਾਲਣ ਵਿੱਚ ਰੁਝੇ ਹੋਏ ਹਨ ਤਾਂ ਕੇਂਦਰ ਸਰਕਾਰ ਦੀ ਧੱਕੇਸ਼ਾਹੀ ਖਿਲਾਫ ਕਿਸਾਨਾਂ ਦੀਆਂ ਧੀਆਂ ਮੈਦਾਨ ਵਿੱਚ ਨਿੱਤਰੀਆਂ ਹਨ। ਉਸ ਨੇ ਕਿਹਾ ਕਿ ਸਾਡੇ ਮਾਪਿਆਂ ਦੀ ਜਮੀਨ ਵੱਲ ਉਹ ਕਿਸੇ ਵੀ ਧਾੜਵੀ ਨੂੰ ਝਾਕਣ ਵੀ ਨਹੀਂ ਦੇਣਗੀਆਂ।
ਇਸ ਮੌਕੇ ਕਿਸਾਨ ਆਗੂ ਰਣਧੀਰ ਸਿੰਘ ਭੱਟੀਵਾਲ, ਅੰਗਰੇਜ ਸਿੰਘ, ਬੁੱਧ ਸਿੰਘ ਬਾਲਦ, ਭਰਪੂਰ ਸਿੰਘ ਥੰਮਣਸਿੰਘਵਾਲਾ, ਹਰਦੀਪ ਸਿੰਘ ਨਕਟੇ, ਜਰਨੈਲ ਸਿੰਘ ਮਾਝੀ, ਜੀਤ ਸਿੰਘ, ਕਰਨੈਲ ਸਿੰਘ ਬੁੱਟਰ ਅਤੇ ਰੋਹੀ ਸਿੰਘ ਨੇ ਮੋਦੀ ਸਰਕਾਰ ਖਿਲਾਫ ਸੰਘਰਸ਼ ਹੋਰ ਤਿੱਾ ਕਰਨ ਦਾ ਐਲਾਨ ਕੀਤਾ।
ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਟੌਲ ਪਲਾਜ਼ਾ ਕਾਲਾਝਾੜ ਅਤੇ ਰਿਲਾਇੰਸ ਪੰਪ ਬਾਲਦ ਕਲਾਂ ਵਿਖੇ ਧਰਨਿਆਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ, ਹਰਜਿੰਦਰ ਸਿੰਘ ਘਰਾਚੋਂ, ਮਨਜੀਤ ਸਿੰਘ ਘਰਾਚੋਂ, ਜਸਵੀਰ ਸਿੰਘ ਗੱਗੜਪੁਰ ਅਤੇ ਹਰਜੀਤ ਸਿੰਘ ਮਹਿਲਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਕਾਰਨ ਸੰਘਰਸ਼ ਕਰ ਰਹੇ ਕਿਸਾਨਾਂ ਅੰਦਰ ਰੋਹ ਅਤੇ ਗੁੱਸਾ ਵਧਦਾ ਜਾ ਰਿਹਾ ਹੈ।
ਫੋਟੋ ਨੰ: 31 ਐਸਐਨਜੀ 24