22 ਮੁਕੱਦਮਿਆਂ ਵਿਚ ਲੋੜੀਂਦਾ ਅਪਰਾਧੀ ਪ੍ਰਿੰਸ ਜਹਾਜ਼ ਅਤੇ ਸਾਥੀ ਗ੍ਰਿਫ਼ਤਾਰ
ਪੁਲਿਸ ਪਾਰਟੀ ਉਤੇ ਚਲਾਈ ਗੋਲੀ ਇਕ ਸਿਪਾਹੀ ਗੰਭੀਰ ਜ਼ਖ਼ਮੀ
ਅੰਮ੍ਰਿਤਸਰ, 31 ਅਕਤੂਬਰ (ਗੁਰਿੰਦਰ ਸਿੰਘ ਜੌਹਲ): ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਵਲੋਂ ਗੈਗਸਟਰਾਂ ਅਤੇ ਗੁੰਡਾ ਅਨਸਰਾਂ ਦੇ ਵਿਰੁਧ ਵਿੱਢੀ ਮੁਹਿੰਮ ਦੇ ਤਹਿਤ ਆਈ.ਏ.ਸਟਾਫ਼ ਅੰਮ੍ਰਿਤਸਰ ਵਲੋਂ ਇੰਸਪੈਕਟਰ ਸੁਖਵਿੰਦਰ ਸਿੰਘ ਦੀ ਅਗਵਾਈ ਵਿਚ ਵੱਡੀ ਕਾਰਵਾਈ ਕਰਦਿਆਂ 22 ਮੁਕੱਦਮਿਆ ਵਿਚ ਲੋੜੀਂਦਾ ਅਪਰਾਧੀ ਕਮਲਦੀਪ ਸਿੰਘ ਉਰਫ਼ ਪ੍ਰਿੰਸ ਜਹਾਜ ਅਤੇ ਉਸ ਦੇ ਸਾਥੀ ਰਣਧੀਰ ਸਿੰਘ ਉਰਫ਼ ਹੈਪੀ ਨੂੰ ਪਲਿਸ ਨਾਲ ਹੋਏ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਨੂੰ ਸੂਚਨਾ ਮਿਲੀ ਕਿ ਕਮਲਦੀਪ ਸਿੰਘ ਉਰਫ਼ ਪ੍ਰਿੰਸ ਜਹਾਜ ਅਪਣੇ ਸਾਥੀ ਨਾਲ ਮਿਲ ਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਹੈ, ਜਿਸ ਨੂੰ ਰੋਕਣ ਲਈ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਪੁਲਿਸ ਪਾਰਟੀ ਦੇ ਨਾਲ ਏਕ ਰੂਪ ਐਵੀਨਿਉ ਦੇ ਟੀ-ਪਵਾਇਂਟ ਅਤੇ ਨਾਕਾ ਲਗਾ ਕੇ ਹਰ ਵਾਹਨ ਦੀ ਚੌਕਸੀ ਨਾਲ ਚੈਕਿੰਗ ਕੀਤੀ। ਇਸ ਦੌਰਾਨ ਇਕ ਪਲਸਰ ਬਾਇਕ ਉਤੇ ਦੋ ਮੋਨੇ ਨੌਜਵਾਨ ਅੰਮ੍ਰਿਤਸਰ ਵਾਲੀ ਸਾਇਡ ਤੋਂ ਆਏ ਜਿਨ੍ਹਾਂ ਨੂੰ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ ਪਰ ਉਨ੍ਹਾਂ ਮੋਟਰਸਾਈਕਲ ਭਜਾ ਲਿਆ ਅਤੇ ਇਕ ਨੌਜਵਾਨ ਨੇ ਪੁਲਿਸ ਪਾਰਟੀ ਉਤੇ ਗੋਲੀਬਾਰੀ ਸ਼ੁਰੂ ਕਰ ਦਿਤੀ।
ਪੁਲਿਸ ਨੇ ਇਨ੍ਹਾਂ ਦਾ ਦਲੇਰੀ ਨਾਲ ਸਾਹਮਣਾ ਕੀਤਾ ਅਤੇ ਇਸ ਗੋਲੀਬਾਰੀ ਵਿਚ ਪੁਲਿਸ ਦੇ ਸਿਪਾਹੀ ਨਵਜੋਤ ਸਿੰਘ ਦੇ ਪੇਟ ਵਿਚ ਗੋਲੀ ਲੱਗੀ ਜੋ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਹਸਪਤਾਲ ਵਿਚ ਜੇਰੇ ਇਲਾਜ ਹੈ। ਇਹ ਦੋਨੇਂ ਨੌਜਵਾਨ ਗੋਲੀ ਚਲਾਉਂਦੇ ਹੋਏ ਮਜੀਠਾ ਵਲ ਨਿਕਲ ਗਏ। ਪੁਲਿਸ ਨੇ ਪਿੱਛਾ ਜਾਰੀ ਰਖਿਆ ਅਤੇ ਪਿੰਡ ਬੱਲ ਕਲਾਂ ਦੇ ਨੇੜੇ ਜਾ ਕੇ ਇਨ੍ਹਾਂ ਨੂੰ ਦਬੋਚ ਲਿਆ।
ਪੁਲਿਸ ਨੇ ਦਸਿਆ ਕਿ ਕਮਲਦੀਪ ਸਿੰਘ ਇਕ ਪੇਸ਼ੇਵਰ ਅਪਾਰਧੀ ਹੈ ਅਤੇ ਇਸ ਨੇ ਕੁੱਝ ਦਿਨ ਪਹਿਲਾਂ ਸਾਥੀ ਨਾਲ ਮੋਟਰਸਾਈਕਲ ਉਤੇ ਸਵਾਰ ਹੋ ਕੇ ਸ਼ਹਿਰ ਦੇ ਇਲਾਕੇ ਅਮਰਕੋਟ ਗਲੀ ਨੰਬਰ 2 ਵਿਚ ਗੋਲੀ ਚਲਾ ਕੇ ਦਹਿਸ਼ਤ ਪੈਦਾ ਕਰਨ ਦੀ ਕੋਸ਼ਿਸ ਕੀਤੀ ਸੀ ਇਸ ਤੋਂ ਇਲਾਵਾ ਉਸ ਦੇ ਵਿਰੁਧ ਵੱਖ-ਵੱਖ ਧਾਰਵਾਂ ਤਹਿਤ ਵੱਖ-ਵੱਖ ਥਾਣਿਆਂ ਵਿਚ 22 ਮੁਕੱਦਮੇ ਦਰਜ ਹਨ।
ਫ਼ੋਟੋ : ਅੰਮ੍ਰਿਤਸਰ--ਗੋਲੀ