
ਪੰਜਾਬ 'ਚ ਤਿੰਨ ਰੁਪਏ ਸਸਤੀ ਹੋਈ ਬਿਜਲੀ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੂਬੇ ਦੇ ਲੋਕਾਂ ਨੂੰ ਦੀਵਾਲੀ ਦਾ ਵੱਡਾ ਤੋਹਫ਼ਾ ਦਿੱਤਾ ਹੈ। ਕੈਬਨਿਟ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨੇ ਪ੍ਰੈੱਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਚੰਨੀ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਹੁਣ ਸੂਬੇ ਦੇ ਲੋਕਾਂ ਨੂੰ ਬਿਜਲੀ 3 ਰੁਪਏ ਸਸਤੀ ਮਿਲੇਗੀ। 100 ਯੂਨਿਟ ਤੱਕ ਦੀ ਬਿਜਲੀ ਹੁਣ 1.19 ਰੁਪਏ ਵਿਚ ਪਵੇਗੀ, ਜੋ ਪਹਿਲਾਂ 4.19 ਰੁਪਏ ਪ੍ਰਤੀ ਯੂਨਿਟ ਸੀ। ਬਿਜਲੀ ਦਰਾਂ ਵਿੱਚ ਕੀਤੀ ਗਈ ਕਟੌਤੀ ਅੱਜ ਤੋਂ ਲਾਗੂ ਹੋ ਗਈ ਹੈ।
CM Channi
ਉੱਥੇ ਹੀ, 100 ਤੋਂ 300 ਯੂਨਿਟ ਤੱਕ ਦੀ ਬਿਜਲੀ 4 ਰੁਪਏ ਪ੍ਰਤੀ ਯੂਨਿਟ ਕਰ ਦਿੱਤੀ ਗਈ ਹੈ। 300 ਤੋਂ ਉੱਪਰ 5.76 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਬਿੱਲ ਆਵੇਗਾ। ਇਸ ਛੋਟ ਦਾ ਫਾਇਦਾ 0 ਤੋਂ 7 ਕਿਲੋਵਾਟ ਤੱਕ ਮਿਲੇਗਾ। ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਅਣਖੀ ਹਨ ਅਤੇ ਉਹ ਕੁੱਝ ਵੀ ਮੁਫ਼ਤ ਨਹੀਂ ਚਾਹੁੰਦੇ। ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਸਰਕਾਰ ਬਿਜਲੀ ਪੂਰੀ ਅਤੇ ਸਸਤੇ ਰੇਟਾਂ ‘ਤੇ ਦੇਵੇ। ਅਸੀਂ ਵੱਡੇ ਲੋਕਾਂ ਨੂੰ ਨਹੀਂ ਆਮ ਅਤੇ ਗਰੀਬਾਂ ਨੂੰ ਰਾਹਤ ਦੇਣੀ ਹੈ।
CM Channi
ਇਸ ਦੇ ਨਾਲ ਹੀ ਮੁੱਖ ਮੰਤਰੀ ਚੰਨੇ ਨੇ ਪੰਜਾਬ ਦੇ ਸਰਕਾਰੀ ਕਰਮਚਾਰੀਆਂ ਨੂੰ ਵੀ ਦੀਵਾਲੀ ਦਾ ਤੋਹਫਾ ਦਿੱਤਾ। ਉਹਨਾਂ ਕਿਹਾ ਕਿ ਸੂਬੇ ਦਾ ਸਾਰੇ ਕਰਮਚਾਰੀ ਸਰਕਾਰ ਵਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਵਾਉਣ ਵਿਚ ਮੁੱਖ ਭੂਮਿਕਾ ਨਿਭਾਉਂਦੇ ਹਨ। ਸਰਕਾਰ ਜੋ ਵੀ ਹੁਕਮ ਜਾਂ ਹਦਾਇਤਾਂ ਜਾਰੀ ਕਰਦੀ ਹੈ ਕਰਮਚਾਰੀ ਹੀ ਉਸ ਨੂੰ ਰੈਗੂਲੇਟ ਕਰਦੇ ਹਨ। ਇਸ ਲਈ ਪੰਜਾਬ ਦੇ ਸਰਕਾਰੀ ਕਰਮਚਾਰੀਆਂ ਲਈ ਸੂਬਾ ਸਰਕਾਰ ਵਲੋਂ 11 ਫੀਸਦੀ ਡੀਏ ਵਧਾਉਣ ਦਾ ਫੈਸਲਾ ਲਿਆ ਗਿਆ ਹੈ। ਪੰਜਾਬ ਸਰਕਾਰ ਆਪਣੇ ਸਰਕਾਰੀ ਕਰਮਚਾਰੀਆਂ ਲਈ ਹਰ ਮਹੀਨੇ 440 ਕਰੋੜ ਰੁਪਏ ਵਧੇਰੇ ਖਰਚ ਕਰੇਗੀ।