
ਸਿਆਸੀ ਅਕਸ ਖ਼ਰਾਬ ਕਰਨ ਲਈ ਲਾਏ ਸਨ ਕੇਜਰੀਵਾਲ ਨੇ ਬੇਤੁਕੇ ਦੋਸ਼- ਜੌਹਲ
ਬਠਿੰਡਾ - ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਜ਼ਦੀਕੀ ਰਿਸ਼ਤੇਦਾਰ ਤੇ ਸੀਨੀਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ ਨੇ ਅੱਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਉਨ੍ਹਾਂ ਆਪਣੇ ਵਕੀਲ ਸੰਜੇ ਗੋਇਲ ਰਾਹੀਂ ਅਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਕਪਿਲ ਦੇਵ ਸਿੰਗਲਾ ਦੀ ਅਦਾਲਤ ਵਿਚ ਕੇਜਰੀਵਾਲ ਖਿਲਾਫ ਕ੍ਰਿਮੀਨਲ ਮਾਣਹਾਨੀ ਦਾ ਕੇਸ ਦਾਇਰ ਕਰਦਿਆਂ ਦੋਸ਼ ਲਾਇਆ ਕਿ ਕੇਜਰੀਵਾਲ ਨੇ ਉਸ ਦੇ ਸਿਆਸੀ ਅਕਸ ਨੂੰ ਢਾਹ ਲਾਉਣ ਲਈ ਬੇਤੁਕੀ ਬਿਆਨਬਾਜ਼ੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਝੂਠੇ ਦੋਸ਼ਾਂ ਦੀ ਰਾਜਨੀਤੀ ਕਰਨ ਦਾ ਆਦੀ ਹੈ ਜਿਸ ਦੀ ਮਿਸਾਲ ਇਸ ਤੋਂ ਵੀ ਮਿਲਦੀ ਹੈ ਕਿ ਉਸ ਨੇ ਪਹਿਲਾਂ ਬਿਕਰਮ ਸਿੰਘ ਮਜੀਠੀਆ ਅਤੇ ਅਰੁਣ ਜੇਤਲੀ 'ਤੇ ਲਾਏ ਦੋਸ਼ਾਂ ਤਹਿਤ ਮਾਫੀ ਮੰਗ ਲਈ ਸੀ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਹੋਛੀ ਤੇ ਝੂਠੀ ਰਾਜਨੀਤੀ ਕਰਨ ਲਈ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਉਸ ਦੇ ਅਤੇ ਉਸ ਦੇ ਪਰਿਵਾਰ ਦੀ ਛਵੀ ਨੂੰ ਖ਼ਰਾਬ ਕਰਨ ਲਈ ਇਕ ਸਾਜ਼ਿਸ਼ ਤਹਿਤ ਅਜਿਹੇ ਦੋਸ਼ ਲਾਏ ਹਨ।
Arvind Kejriwal
ਜੌਹਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਭਾਵੇਂ ਅਰਵਿੰਦ ਕੇਜਰੀਵਾਲ ਨੂੰ ਝੂਠੇ ਦੋਸ਼ ਲਾਉਣ ਤੇ ਕਈ ਵਾਰ ਮਾਣ ਹਾਨੀ ਦੇ ਕੇਸਾਂ ਦਾ ਸਾਹਮਣਾ ਕਰਨਾ ਪਿਆ ਹੈ ਪਰ ਉਹ ਹਰ ਵਾਰ ਮਾਫੀ ਮੰਗ ਕੇ ਆਪਣਾ ਖਹਿੜਾ ਛਡਾ ਲੈਂਦੇ ਹਨ ਪਰ ਹੁਣ ਉਹ ਅਰਵਿੰਦ ਕੇਜਰੀਵਾਲ ਨੂੰ ਮਾਫੀ ਨਹੀਂ ਦੇਣਗੇ। ਉਨ੍ਹਾਂ ਅਦਾਲਤ ਦੇ ਧਿਆਨ ਵਿਚ ਲਿਆਂਦਾ ਹੈ ਕਿ ਅਰਵਿੰਦ ਕੇਜਰੀਵਾਲ ਸਿਆਸੀ ਮਾਈਲੇਜ ਲੈਣ ਲਈ ਚੋਣਾਂ ਤੋਂ ਪਹਿਲਾਂ ਅਜਿਹੇ ਦੋਸ਼ ਲਾਉਂਦਾ ਹੈ ਪਰ ਚੋਣਾਂ ਹੋਣ ਤੋਂ ਬਾਅਦ ਤੁਰੰਤ ਮੁਆਫ਼ੀ ਮੰਗ ਲੈਂਦਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਸਿਰਫ ਉਨ੍ਹਾਂ ਦੀ ਹੀ ਨਹੀਂ ਸਗੋਂ ਕਾਂਗਰਸ ਪਾਰਟੀ ਦੇ ਅਕਸ ਨੂੰ ਵੀ ਖ਼ਰਾਬ ਕਰਨ ਦਾ ਯਤਨ ਕੀਤਾ ਹੈ।
Jaijeet Singh Johal
ਦੱਸ ਦਈਏ ਕਿ 29 ਅਕਤੂਬਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬਠਿੰਡਾ ਵਿਚ ਵਪਾਰੀਆਂ ਨਾਲ ਮੀਟਿੰਗ ਕੀਤੀ ਸੀ ਜਿਸ ਦੌਰਾਨ ਉਨ੍ਹਾਂ ਜੈਜੀਤ ਸਿੰਘ ਜੌਹਲ ਤੇ ਕੁਝ ਟਿੱਪਣੀਆਂ ਕੀਤੀਆਂ ਸਨ। ਇਸ ਤੋਂ ਤੁਰੰਤ ਬਾਅਦ ਹੀ ਜੈਜੀਤ ਜੌਹਲ ਨੇ ਐਲਾਨ ਕਰ ਦਿੱਤਾ ਸੀ ਕਿ ਉਹ ਅਰਵਿੰਦ ਕੇਜਰੀਵਾਲ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕਰਨਗੇ। ਅੱਜ ਉਨ੍ਹਾਂ ਆਪਣੇ ਐਲਾਨ ਅਨੁਸਾਰ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਬਠਿੰਡਾ ਦੀ ਅਦਾਲਤ ਵਿਚ ਅਰਵਿੰਦ ਕੇਜਰੀਵਾਲ ਖ਼ਿਲਾਫ਼ ਕ੍ਰਿਮੀਨਲ ਮਾਣਹਾਨੀ ਦਾ ਕੇਸ ਦਾਇਰ ਕਰ ਦਿੱਤਾ ਹੈ। ਅੱਜ ਜੈਜੀਤ ਜੌਹਲ ਦੇ ਅਦਾਲਤ ਵਿਚ ਬਿਆਨ ਕਲਮਬੰਦ ਕੀਤੇ ਗਏ। ਭਾਰਤੀ ਦੰਡਾਵਲੀ ਦੀ ਧਾਰਾ 499,500 ਤਹਿਤ ਦਾਇਰ ਕੀਤੇ ਕੇਸ ਦੀ ਅਗਲੀ ਸੁਣਵਾਈ 15 ਨਵੰਬਰ 2021 ਨੂੰ ਹੋਵੇਗੀ l