
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ ਅਤੇ ਕੇਹਰ ਸਿੰਘ ਦੀ ਯਾਦ ਵਿਚ ਕਰਵਾਇਆ ਅਰਦਾਸ ਸਮਾਗਮ
ਨਵੀਂ ਦਿੱਲੀ, 31 ਅਕਤੂਬਰ (ਸੁਖਰਾਜ ਸਿੰਘ): ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਹਰ ਵਰ੍ਹੇ ਦੀ ਤਰ੍ਹਾਂ ਦਿੱਲੀ ਦੇ ਇਤਿਹਾਸਕ ਗੁਰਦਵਾਰਾ ਸ੍ਰੀ ਰਕਾਬ ਗੰਜ ਸਾਹਿਬ ਵਿਖੇ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਤ ਅਰਦਾਸ ਸਮਾਗਮ ਕਰਵਾਇਆ ਗਿਆ।
ਇਸ ਮੌਕੇ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸਿੱਖ ਕੌਮ ਦੀ ਲੱਥੀ ਪੱਗ ਨੂੰ ਦੁਬਾਰਾ ਸਿੱਖ ਕੌਮ ਦੇ ਸਿਰ ਸਜਾਉਣ ਵਾਲੇ ਤੇ ਜ਼ਾਲਮ ਇੰਦਰਾ ਗਾਂਧੀ ਨੂੰ ਸੋਧਾ ਲਾ ਕੇ ਸ਼ਹਾਦਤ ਪ੍ਰਾਪਤ ਕਰਨ ਵਾਲੇ ਯੋਧਿਆਂ ਦੀ ਸਿੱਖ ਕੌਮ ਸਦਾ ਕਰਜ਼ਦਾਰ ਰਹੇਗੀ। ਇਸ ਨੂੰ ਰਹਿੰਦੀ ਦੁਨੀਆਂ ਤਕ ਯਾਦ ਕੀਤਾ ਜਾਂਦਾ ਰਹੇਗਾ। ਸ. ਮਾਨ ਨੇ ਕਿਹਾ ਕਿ 1947 ਤੋਂ ਲੈ ਕੇ ਅੱਜ ਹਿੰਦ ਹਕੂਮਤਾਂ ਨੇ ਜੋ ਜਬਰ, ਧੱਕੇਸ਼ਾਹੀਆ, ਬੇਇਨਸਾਫ਼ੀਆ ਅਤੇ ਵਿਤਕਰੇ ਸਿੱਖ ਕੌਮ ਤੇ ਦੇਸ਼ ’ਚ ਵੱਸਣ ਵਾਲੀਆ ਕੌਮਾਂ ਨਾਲ ਕੀਤੇ, ਇਹ ਹਿੰਦ ਹਕੂਮਤ ਦੀ ਮਤਸਵੀ ਸੋਚ ਨੂੰ ਉਜਾਗਰ ਕਰਦੀ ਹੈ। ਸ. ਮਾਨ ਨੇ ਕਿਹਾ ਕਾਂਗਰਸ ਵਲੋਂ 1984 ਵਿਚ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਵਿਚ ਮੋਹਰੀ ਰੋਲ ਨਿਭਾਉਣ ਵਾਲੇ ਜਗਦੀਸ਼ ਟਾਈਟਲਰ ਨੂੰ ਕਾਂਗਰਸ ਪਾਰਟੀ ਦਾ ਵੱਡਾ ਅਹੁਦੇਦਾਰ ਬਣਾ ਕੇ ਸਿੱਖ ਕੌਮ ਨੂੰ ਮੁੜ ਗੁਲਾਮੀ ਦਾ ਅਹਿਸਾਸ ਕਰਵਾਇਆ ਹੈ ਪਰ ਸਿੱਖ ਕੌਮ ਅਪਣੇ ਤੇ ਹੋਏ ਜਬਰ ਜ਼ੁਲਮ ਨੂੰ ਹਮੇਸ਼ਾ ਯਾਦ ਰਖਦੀ ਹੈ।
ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇ-ਅਦਬੀਆ ਕਰਨ ਵਾਲੀਆਂ ਸ਼ਕਤੀਆਂ ਤੇ ਦੋਸ਼ੀਆਂ ਵਿਰੁਧ ਕੋਈ ਕਾਰਵਾਈ ਨਹੀਂ, ਸਾਨੂੰ ਆਰਥਕ ਤੌਰ ਕਮਜ਼ੋਰ ਕਰਨ ਲਈ ਤਿੰਨ ਮਾਰੂ ਖੇਤੀ ਕਾਨੂੰਨ ਬਣਾ ਕੇ ਜ਼ੁਲਮ ਕੀਤਾ ਜਾ ਰਿਹਾ ਹੈ। ਇਸ ਮੌਕੇ ਦਲ ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਪੀ. ਏ.ਸੀ ਮੈਂਬਰ ਹਰਭਜਨ ਸਿੰਘ ਕਸ਼ਮੀਰੀ, ਸਕੱਤਰ ਗੁਰਜੰਟ ਸਿੰਘ ਕੱਟੂ, ਦਲ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਸੰਸਾਰ ਸਿੰਘ, ਗੁਰਦੀਪ ਸਿੰਘ ਆਦਿ ਆਗੂ ਮੌਜੂਦ ਸਨ।