
ਪ੍ਰਦੂਸ਼ਣ ਨੂੰ ਲੈ ਕੇ ਭਾਜਪਾ ਨੇ ਭਗਵੰਤ ਮਾਨ ਤੇ ਕੇਜਰੀਵਾਲ ਤੋਂ ਮੰਗੇ ਅਸਤੀਫ਼ੇ
ਨਵੀਂ ਦਿੱਲੀ, 1 ਨਵੰਬਰ : ਭਾਜਪਾ ਨੇ ਰਾਸ਼ਟਰੀ ਰਾਜਧਾਨੀ 'ਚ ਪ੍ਰਦੂਸ਼ਣ ਲੈ ਕੇ ਦਿੱਲੀ ਤੇ ਪੰਜਾਬ ਦੇ ਮੁੱਖ ਮੰਤਰੀਆਂ 'ਤੇ ਤਿੱਖੇ ਹਮਲੇ ਕੀਤੇ ਅਤੇ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕਰਦੇ ਹੋਏ ਕਿਹਾ ਕਿ ਇਹ ''ਅਪਰਾਧਕ ਲਾਪਰਵਾਹੀ ਤੋਂ ਘੱਟ ਨਹੀਂ'' ਹੈ ਜਿਸ ਕਾਰਨ ਹਵਾ ਗੁਣਵੱਤਾ ਖ਼ਰਾਬ ਹੋਈ | ਭਾਜਪਾ ਦੇ ਰਾਸ਼ਟਰੀ ਬੁਲਾਰੇ ਗੌਰਵ ਭਾਟੀਆ ਨੇ ਕਿਹਾ ਕਿ ਦਿੱਲੀ ਅਤੇ ਪੰਜਾਬ ਦੇ ਲੋਕ ਹਵਾ 'ਚ ''ਜ਼ਹਿਰ'' ਲਈ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰਾਂ ਨੂੰ ਦੋਸ਼ ਦੇ ਰਹੇ ਹਨ | ਉਨ੍ਹਾਂ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲਿਆਂ ਦੀ ਗਿਣਤੀ ਪਿਛਲੇ ਸਾਲ 7648 ਸੀ ਜੋ ਇਸ ਸਾਲ ਵਧ ਕੇ 10,214 ਹੋ ਗਈ ਹੈ | ਭਾਟੀਆ ਨੇ ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਦੋਸ਼ ਲਾਇਆ ਕਿ ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ 'ਭਿ੍ਸ਼ਟਾਚਾਰ' ਕਰਨ ਅਤੇ ਲੋਕਾਂ ਨੂੰ 'ਲੁੱਟਣ' ਵਿਚ ਵਿਅਸਤ ਰਹੀ ਅਤੇ ਇਸੇ ਸਾਲ ਫ਼ਰਵਰੀ ਮਹੀਨੇ 'ਚ ਪਰਾਲੀ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਕੇਂਦਰ ਵਲੋਂ ਦਿਤੇ ਗਏ ਦਿਸ਼ਾ ਨਿਰਦੇਸ਼ਾਂ ਨੂੰ ਨਜ਼ਰਅੰਦਾਜ ਕੀਤਾ | ਉਨ੍ਹਾਂ ਕਿਹਾ, ''ਕੇਜਰੀਵਾਲ ਜੀ ਦਾ ਭਿ੍ਸ਼ਟਾਚਾਰ ਫੁਲ ਹੈ ਪਰ ਜਵਾਬਦੇਹੀ ਗੁਲ ਹੈ | ਕੇਜਰੀਵਾਲ ਜੀ ਤੁਹਾਡੇ ਤੋਂ ਨਹੀਂ ਹੋ ਪਾ ਰਿਹਾ ਹੈ ਤਾਂ ਅਸਤੀਫ਼ਾ ਦੇ ਦਿਉ | ਪਰ ਲੋਕਾਂ ਦੀ ਸਿਹਤ ਨਾਲ ਨਾ ਖੇਡੋ |'' (ਏਜੰਸੀ)
ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਪ੍ਰਦੂਸ਼ਣ ਕੰਟਰੋਲ ਕਰਨ ਲਈ ਪੰਜਾਬ ਨੂੰ 1350 ਕਰੋੜ ਅਤੇ ਹਰਿਆਣਾ ਨੂੰ 693 ਕਰੋੜ ਰੁਪਏ ਦਿਤੇ | ਇਸ ਦੇ ਨਾਲ ਹੀ ਕੇਂਦਰ ਨੇ 1.20 ਲੱਖ ਮਸ਼ੀਨਾਂ ਵੀ ਦਿਤੀਆਂ ਪਰ ਉਨ੍ਹਾਂ ਨੇ ਕੁੱਝ ਨਹੀਂ ਕੀਤਾ | (ਏਜੰਸੀ)