
ਮੋਰਬੀ ਪੁਲ ਹਾਦਸਾ ਗੁਜਰਾਤ ਵਿਚ ਭਿ੍ਸ਼ਟਾਚਾਰ ਦਾ ਨਤੀਜਾ : ਕੇਜਰੀਵਾਲ
ਨਵੀਂ ਦਿੱਲੀ, 1 ਨਵੰਬਰ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਕਿਹਾ ਕਿ ਮੋਰਬੀ ਪੁਲ ਹਾਦਸਾ ਗੁਜਰਾਤ 'ਚ ਵਿਆਪਕ ਭਿ੍ਸ਼ਟਾਚਾਰ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਪੀੜਤਾਂ ਨਾਲ ਉਨ੍ਹਾਂ ਦੀ ਹਮਦਰਦੀ ਹੈ | ਦਸਣਯੋਗ ਹੈ ਕਿ ਗੁਜਰਾਤ ਦੇ ਮੋਰਬੀ 'ਚ ਮੱਛੂ ਨਦੀ 'ਤੇ ਬਣਿਆ ਬਿ੍ਟਿਸ਼ ਯੁੱਗ ਦਾ ਪੁਲ ਐਤਵਾਰ ਨੂੰ ਟੁੱਟ ਗਿਆ ਸੀ, ਜਿਸ ਵਿਚ ਹੁਣ ਤਕ 134 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ | ਕੇਜਰੀਵਾਲ ਨੇ ਗੁਜਰਾਤ ਸਰਕਾਰ ਦੇ ਸੱਤਾ ਛੱਡਣ ਅਤੇ ਸੂਬੇ 'ਚ ਤੁਰਤ ਵਿਧਾਨ ਸਭਾ ਚੋਣ ਕਰਵਾਉਣ ਦੀ ਮੰਗ ਵੀ ਕੀਤੀ |
ਕੇਜਰੀਵਾਲ ਨੇ ਇਕ ਪੱਤਰਕਾਰ ਸੰਮੇਲਨ 'ਚ ਕਿਹਾ,''ਮੋਰਬੀ ਪੁਲ ਹਾਦਸਾ ਵਿਆਪਕ ਭਿ੍ਸ਼ਟਾਚਾਰ ਦਾ ਨਤੀਜਾ ਹੈ | ਪੀੜਤਾਂ ਨਾਲ ਮੇਰੀਆਂ ਦੁਆਵਾਂ ਹਨ | ਇਕ ਘੜੀ ਬਣਾਉਣ ਵਾਲੀ ਅਜਿਹੀ ਕੰਪਨੀ ਨੂੰ ਪੁਲ ਨਿਰਮਾਣ ਦਾ ਠੇਕਾ ਕਿਉਂ ਦਿਤਾ ਗਿਆ, ਜਿਸ ਨੂੰ ਇਸ ਦਾ ਕੋਈ ਅਨੁਭਵ ਨਹੀਂ ਸੀ?'' ਆਪ ਮੁਖੀ ਨੇ ਕਿਹਾ ਕਿ ਗੁਜਰਾਤ 'ਚ ਭਾਜਪਾ (ਭਾਰਤੀ ਜਨਤਾ ਪਾਰਟੀ) ਸੰਘਰਸ਼ ਕਰ ਰਹੀ ਹੈ, ਕਿਉਂਕਿ ਆਉਣ ਵਾਲੀਆਂ ਚੋਣਾਂ 'ਚ 'ਆਪ' ਉਸ ਨੂੰ ਚੁਣੌਤੀ ਦੇਣ ਵਾਲੀ ਹੈ | (ਏਜੰਸੀ)