
ਪੁਲਿਸ ਨੇ ਪਤਨੀ ਸਮੇਤ ਸਹੁਰੇ, ਸੱਸ, 2 ਨਨਾਣਾਂ ਸਮੇਤ ਕੁੱਲ 7 ਦੋਸ਼ੀਆਂ ਖ਼ਿਲਾਫ 306 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ
ਗੁਰਦਾਸਪੁਰ: ਥਾਣਾ ਭੈਣੀ ਮੀਆਂ ਖਾਂ ਤੋਂ ਇਕ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਜਿੱਥੇ 4 ਮਹੀਨੇ ਪਹਿਲਾਂ ਲਵ-ਮੈਰਿਜ ਕਰਵਾਉਣ ਵਾਲੇ ਇਕ ਨੌਜਵਾਨ ਨੇ ਆਪਣੀ ਪਤਨੀ ਅਤੇ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਪੱਖੇ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ।
ਇਸ ਸਬੰਧੀ ਥਾਣਾ ਭੈਣੀ ਮੀਆਂ ਖਾਂ ਪੁਲਿਸ ਨੂੰ ਇਤਲਾਹ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਨੇ ਪਤਨੀ ਸਮੇਤ ਸਹੁਰੇ, ਸੱਸ, 2 ਨਨਾਣਾਂ ਸਮੇਤ ਕੁੱਲ 7 ਦੋਸ਼ੀਆਂ ਖ਼ਿਲਾਫ 306 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਮ੍ਰਿਤਕ ਅਰਜਨ ਮਸੀਹ ਦੀ ਮਾਤਾ ਨੇ ਦੱਸਿਆ ਕਿ ਉਸ ਦੇ ਲੜਕੇ ਅਰਜਨ ਮਸੀਹ ਨੇ 4 ਮਹੀਨੇ ਪਹਿਲਾਂ ਤੁਲੀਕਾ ਪੁੱਤਰੀ ਜੰਗ ਬਹਾਦਰ ਵਾਸੀ ਅੰਮ੍ਰਿਤਸਰ ਨਾਲ ਲਵ-ਮੈਰਿਜ ਕੀਤੀ ਸੀ। 28-10-22 ਨੂੰ ਲੜਕੀ ਦਾ ਪਿਤਾ ਜੰਗ ਬਹਾਦਰ, ਮਾਂ ਨੀਲਮ, ਭੈਣਾਂ ਪੂਜਾ, ਕਾਜਲ ਸਮੇਤ ਦੋ ਹੋਰ ਵਿਅਕਤੀ ਉਨ੍ਹਾਂ ਦੇ ਘਰ ਆਏ ਅਤੇ ਆਪਣੀ ਲੜਕੀ ਤੁਲੀਕਾ ਨੂੰ ਆਪਣੇ ਨਾਲ ਲੈ ਗਏ।
ਇਸ ਤੋਂ ਬਾਅਦ ਉਸ ਦੇ ਲੜਕੇ ਅਰਜੁਨ ਨੂੰ ਫੋਨ ਕਰ ਕੇ ਉਸ ਦੇ ਸਹੁਰੇ ਪਰਿਵਾਰ ਵਾਲੇ ਧਮਕੀਆਂ ਦਿੰਦੇ ਸਨ ਕਿ ਅਸੀਂ ਕੁੜੀ ਵਾਪਸ ਨਹੀਂ ਭੇਜਣੀ ਅਤੇ ਤੈਨੂੰ ਅਤੇ ਤੇਰੇ ਪਰਿਵਾਰ ਨੂੰ ਫਸਾ ਦੇਣਾ ਹੈ। ਇਸ ਤੋਂ ਅਰਜੁਨ ਪ੍ਰੇਸ਼ਾਨ ਰਹਿੰਦਾ ਸੀ। ਜਿਸ ਨੇ 30-10-22 ਦੀ ਸ਼ਾਮ 6 ਵਜੇ ਆਪਣੀ ਪਤਨੀ, ਤੁਲੀਕਾ, ਸਹੁਰੇ ਜੰਗ ਬਹਾਦਰ, ਪਤਨੀ ਦੀਆਂ ਭੈਣਾਂ ਪੂਜਾ, ਕਾਜਲ, ਸੱਸ ਨੀਲਮ ਤੇ ਇਕ ਹੋਰ ਵਿਅਕਤੀ ਸੁਮਿਤ ਵਾਸੀ ਅੰਮ੍ਰਿਤਸਰ, ਸੋਹਨ ਮਸੀਹ ਪੁੱਤਰ ਬਿੱਲੂ ਵਾਸੀ ਚੱਕ ਸਰੀਫ ਤੋਂ ਦੁਖੀ ਹੋ ਕੇ ਆਪਣੇ ਘਰ ਦੇ ਕਮਰੇ ਵਿਚ ਪੱਖੇ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ।
ਇਸ ਸਬੰਧੀ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਰਜਨ ਮਸੀਹ ਦੀ ਮਾਂ ਸੁਨੀਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਆਂ ਖ਼ਿਲਾਫ ਮਾਮਲਾ ਦਰਜ ਕੀਤਾ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।