
ਪੁਲਿਸ ਨੇ ਦੱਸਿਆ ਕਿ ਪਾਣੀਪਤ ਦੇ ਪਿੰਡ ਆਦੀਆਣਾ ਨਿਵਾਸੀ ਰਵੀ ਨਾਗਰ ਖ਼ਿਲਾਫ਼ ਪੋਕਸੋ ਐਕਟ ਦੀ ਧਾਰਾ 23 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਚੰਡੀਗੜ੍ਹ - ਪੁਲਿਸ ਨੇ ਮੰਗਲਵਾਰ 1 ਨਵੰਬਰ ਨੂੰ ਪਾਣੀਪਤ ਤੋਂ ਇੱਕ ਯੂਟਿਊਬਰ ਗ੍ਰਿਫ਼ਤਾਰ ਕੀਤਾ, ਜਿਸ 'ਤੇ ਕਥਿਤ ਤੌਰ 'ਤੇ ਆਪਣੇ ਚੈਨਲ ਦੇ ਦਰਸ਼ਕਾਂ ਦੀ ਗਿਣਤੀ ਅਤੇ ਆਮਦਨੀ ਵਧਾਉਣ ਲਈ ਇੱਕ ਅੱਠ ਸਾਲ ਦੀ ਬਲਾਤਕਾਰ ਪੀੜਤਾ ਦੀ ਪਛਾਣ ਦਾ ਖੁਲਾਸਾ ਕਰਨ ਦਾ ਦੋਸ਼ ਹੈ। ਪੁਲਿਸ ਨੇ ਦੱਸਿਆ ਕਿ ਪਾਣੀਪਤ ਦੇ ਪਿੰਡ ਆਦੀਆਣਾ ਨਿਵਾਸੀ ਰਵੀ ਨਾਗਰ ਖ਼ਿਲਾਫ਼ ਪੋਕਸੋ ਐਕਟ ਦੀ ਧਾਰਾ 23 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪਾਣੀਪਤ ਦੇ ਐਸ.ਪੀ. ਸ਼ਸ਼ਾਂਕ ਕੁਮਾਰ ਸਾਵਨ ਨੇ ਕਿਹਾ ਕਿ ਮੁਲਜ਼ਮ ਨੇ ਪੋਕਸੋ ਐਕਟ ਦੀ ਉਲੰਘਣਾ ਕਰਦੇ ਹੋਏ ਕਥਿਤ ਤੌਰ 'ਤੇ ਪੀੜਤਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਸੰਬੰਧਿਤ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਅਪਲੋਡ ਕੀਤੀ ਸੀ, ਜਿਸ ਨਾਲ ਪੀੜਤਾ ਦੇ ਪਰਿਵਾਰਕ ਮੈਂਬਰਾਂ ਨੂੰ ਮਾਨਸਿਕ ਪੀੜਾ ਦਾ ਸਾਹਮਣਾ ਕਰਨਾ ਪਿਆ। ਜਾਂਚ ਨਾਲ ਜੁੜੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੀੜਤਾ ਦੇ ਪਿਤਾ ਨੇ ਦੋਸ਼ੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ, ਅਤੇ ਉਸ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਐਸ.ਪੀ. ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ 29 ਅਕਤੂਬਰ ਦੀ ਹੈ, ਜਦੋਂ ਇੱਕ 21 ਸਾਲਾ ਦੋਸ਼ੀ ਨੇ ਲੜਕੀ ਨਾਲ ਬਲਾਤਕਾਰ ਕੀਤਾ ਸੀ ਅਤੇ ਉਸ ਦਾ ਗਲਾ ਘੁੱਟ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਪਰ ਲੜਕੀ ਭੱਜਣ ਵਿੱਚ ਕਾਮਯਾਬ ਹੋ ਗਈ ਅਤੇ ਉਸ ਨੇ ਇਸ ਘਟਨਾ ਦਾ ਖ਼ੁਲਾਸਾ ਆਪਣੇ ਪਰਿਵਾਰਕ ਮੈਂਬਰਾਂ ਕੋਲ ਕੀਤਾ। ਹਾਲਾਂਕਿ ਪੁਲਿਸ ਨੇ ਬਲਾਤਕਾਰ ਦੇ ਦੋਸ਼ੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ, ਅਤੇ ਪੀੜਤਾ ਇਸ ਵੇਲੇ ਹਸਪਤਾਲ 'ਚ ਭਰਤੀ ਹੈ।
ਪੀੜਤਾ ਦੇ ਪਿਤਾ ਨੇ ਦੋਸ਼ ਲਾਇਆ ਕਿ ਯੂ-ਟਿਊਬਰ ਨੇ ਉਸ ਨੂੰ ਫ਼ੋਨ ਕਰਕੇ ਪਰਿਵਾਰਕ ਮੈਂਬਰਾਂ ਦਾ ਵੇਰਵਾ ਮੰਗਿਆ ਸੀ, ਅਤੇ ਉਸ ਨੇ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀ ਵੀਡੀਓ ਰਾਹੀਂ ਇਸ ਜਾਣਕਾਰੀ ਦਾ ਖੁਲਾਸਾ ਕੀਤਾ ਸੀ।