
Amritsar Railway: ਪਾਸਪੋਰਟ, ਟਿਕਟ ਅਤੇ ਜ਼ਰੂਰੀ ਕਾਗਜ਼ ਗੁੰਮ ਹੋਏ ਬੈਗ ਵਿਚ ਸਨ
Amritsar Railway News: ਅੰਮ੍ਰਿਤਸਰ ਤੋਂ ਨਵੀਂ ਦਿੱਲੀ ਜਾ ਰਹੀ ਇਕ ਮੁਸਾਫ਼ਰ ਦਾ ਬੈਗ ਗਾਇਬ ਹੋ ਗਿਆ। ਵਿਦੇਸ਼ ਜਾਣ ਲਈ ਦਿੱਲੀ ਤੋਂ ਫਲਾਈਟ ਫੜਨ ਲਈ ਸ਼ਤਾਬਦੀ ਐਕਸਪ੍ਰੈਸ ’ਚ ਇਹ ਔਰਤ ਯਾਤਰਾ ਕਰ ਰਹੀ ਸੀ। ਇਸ ਨਾਲ ਔਰਤ ਪਰੇਸ਼ਾਨ ਹੋ ਗਈ ਕਿਉਂਕਿ ਉਸ ਦਾ ਪਾਸਪੋਰਟ, ਏਅਰ ਟਿਕਟ ਆਦਿ ਦਸਤਾਵੇਜ਼ ਇਸ ਵਿਚ ਸਨ।
ਦਿੱਲੀ ਪੁੱਜਣ 'ਤੇ ਇਸ ਔਰਤ ਮੁਸਾਫ਼ਰ ਨੇ ਅੰਮ੍ਰਿਤਸਰ 'ਚ ਆਪਣੀ ਭੈਣ ਨੂੰ ਆਪਣਾ ਦੁੱਖੜਾ ਸੁਣਾਇਆ। ਭੈਣ ਨੇ ਤੁਰੰਤ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਅਜੇ ਠਾਕੁਰ ਨਾਲ ਸੰਪਰਕ ਕੀਤਾ ਅਤੇ ਸਾਰੀ ਗੱਲ ਦੱਸੀ। ਜਿਸ ਤੋਂ ਬਾਅਦ ਰੇਲਵੇ ਹਰਕਤ 'ਚ ਆਇਆ ਅਤੇ ਅੱਧੇ ਘੰਟੇ 'ਚ ਹੀ ਔਰਤ ਨੂੰ ਆਪਣਾ ਬੈਗ ਮਿਲ ਗਿਆ। ਜਿਸ ਕਾਰਨ ਔਰਤ ਯਾਤਰੀ ਆਪਣੀ ਵਿਦੇਸ਼ ਯਾਤਰਾ 'ਤੇ ਸਹੀ ਸਲਾਮਤ ਰਵਾਨਾ ਹੋ ਗਈ।
ਸਟੇਸ਼ਨ ਸੁਪਰਡੈਂਟ ਨੇ ਦੱਸਿਆ ਕਿ ਰਮਨਦੀਪ ਕੌਰ 31 ਅਕਤੂਬਰ ਨੂੰ ਸ਼ਤਾਬਦੀ ਐਕਸਪ੍ਰੈਸ (12014) ਵਿਚ ਕੋਚ ਨੰਬਰ ਸੀ-8 ਵਿੱਚ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਜਾ ਰਹੀ ਸੀ। ਰਮਨਦੀਪ ਕੌਰ ਨੇ ਦਿੱਲੀ ਤੋਂ ਜਹਾਜ਼ ਰਾਹੀਂ ਵਿਦੇਸ਼ ਜਾਣਾ ਸੀ। ਜਦੋਂ ਰੇਲ ਗੱਡੀ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਪਹੁੰਚੀ ਤਾਂ ਉਸ ਨੇ ਵੇਖਿਆ ਕਿ ਉਸ ਦਾ ਬੈਗ ਆਪਣੀ ਜਗ੍ਹਾ ਤੋਂ ਗਾਇਬ ਸੀ। ਉਸ ਦੇ ਪਾਸਪੋਰਟ ਅਤੇ ਟਿਕਟ ਤੋਂ ਇਲਾਵਾ ਉਸ ਦਾ ਸਾਰਾ ਕੀਮਤੀ ਸਮਾਨ ਵੀ ਇਸ ਬੈਗ ਵਿਚ ਸੀ। ਸ਼ਾਮ ਕਰੀਬ 4 ਵਜੇ ਰਮਨਦੀਪ ਕੌਰ ਦੀ ਭੈਣ ਉਸ ਨੂੰ ਮਿਲੀ। ਇਸ ਤੋਂ ਬਾਅਦ ਉਨ੍ਹਾਂ ਸਟੇਸ਼ਨ ਸੁਪ੍ਰਿਟੈਂਡੈਂਟ ਅੰਮ੍ਰਿਤਸਰ ਨਾਲ ਗੱਲ ਕੀਤੀ। ਜਿਸ ਤੋਂ ਬਾਅਦ ਉਸ ਨੇ ਨੀਲਮ ਮਲਹੋਤਰਾ ਚੀਫ ਰਿਜ਼ਰਵੇਸ਼ਨ ਸੁਪਰਵਾਈਜ਼ਰ ਅੰਮ੍ਰਿਤਸਰ, ਨਰੇਸ਼ ਮਹਿਰਾ ਚੀਫ ਟਿਕਟ ਇੰਸਪੈਕਟਰ ਅੰਮ੍ਰਿਤਸਰ ਅਤੇ ਸਟੇਸ਼ਨ ਸੁਪ੍ਰਿਟੈਂਡੈਂਟ ਨਵੀਂ ਦਿੱਲੀ ਰਾਕੇਸ਼ ਸ਼ਰਮਾ ਨਾਲ ਸੰਪਰਕ ਕੀਤਾ।
ਟੀਮ ਦੇ ਯਤਨਾਂ ਸਦਕਾ ਕੋਚ ਨੰਬਰ ਸੀ-8 ਵਿਚ ਸਫ਼ਰ ਕਰ ਰਹੇ ਯਾਤਰੀਆਂ ਨਾਲ ਸੰਪਰਕ ਕਰਨ ’ਤੇ ਪਤਾ ਲੱਗਿਆ ਕਿ ਰਮਨਦੀਪ ਕੌਰ ਦਾ ਬੈਗ ਉਸੇ ਕੋਚ ਵਿਚ ਸਫ਼ਰ ਕਰ ਰਹੇ ਅਜੈ ਘਈ ਵਲੋਂ ਗਲਤੀ ਨਾਲ ਆਪਣਾ ਬੈਗ ਸਮਝ ਕੇ ਉਤਾਰ ਲਿਆ ਗਿਆ ਸੀ। ਦੋਵੇਂ ਬੈਗ ਇੱਕੋ ਜਿਹੇ ਲਾਲ ਰੰਗ ਦੇ ਸਨ। ਇਸੇ ਲਈ ਅਜੈ ਘਈ ਗਲਤੀ ਨਾਲ ਔਰਤ ਦਾ ਬੈਗ ਲੈ ਗਿਆ।
(For more news apart from Amritsar railway found a woman's bag in half-an-hour, stay tuned to Rozana Spokesman)