
ਸਿਹਤ ਵਿਭਾਗ ਦੀਆ ਟੀਮਾਂ ਨੇ ਘਰਾਂ ਅੰਦਰ ਖਾਣ-ਪੀਣ ਦੀਆਂ ਵਸਤਾਂ ਦੀ ਚੈਕਿੰਗ ਕੀਤੀ
Food Poisoning News Abohar: ਅਬੋਹਰ ਵਿਚ ਕਰੀਬ ਦਸ ਦਿਨ ਪਹਿਲਾਂ ਪਿੰਡ ਤਾਜਾ ਪੱਤੀ ਵਿਚ ਇੱਕੋ ਪਰਿਵਾਰ ਦੇ ਇੱਕ ਦਰਜਨ ਤੋਂ ਵੱਧ ਲੋਕ ਦੋ ਦਿਨਾਂ ਵਿਚ ਜ਼ਹਿਰੀਲੇ ਭੋਜਨ ਕਾਰਨ ਬੇਹੋਸ਼ ਹੋ ਗਏ ਸਨ। ਜਿਨ੍ਹਾਂ ਨੂੰ ਬੇਹੋਸ਼ੀ ਦੀ ਹਾਲਤ 'ਚ ਹਸਪਤਾਲ ਦਾਖਲ ਕਰਵਾਇਆ ਗਿਆ। ਜਿਨ੍ਹਾਂ ਵਿਚੋਂ ਕੁਝ ਨੂੰ ਮਿਡਲੀ ਸਹਾਇਤਾ ਤੋਂ ਬਾਅਦ ਫਰੀਦਕੋਟ ਰੈਫਰ ਕੀਤਾ ਗਿਆ। ਇਸ ਤੋਂ ਬਾਅਦ ਉਹ ਵਾਪਿਸ ਘਰ ਆ ਗਏ ਜਿੱਥੇ ਇਕ ਨੌਜਵਾਨ ਜੈਮਲ ਰਾਮ ਦੀ ਬੀਤੀ ਰਾਤ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਬੀਤੀ ਰਾਤ ਰਾਜਬਾਲਾ ਪਤਨੀ ਰਾਕੇਸ਼ ਵਾਸੀ ਪਿੰਡ ਤਾਜਾ ਪੱਤੀ, ਜੈਮਲ ਪੁੱਤਰ ਖੇਤਾ ਰਾਮ ਉਮਰ ਕਰੀਬ 50 ਸਾਲ, ਮਨਜੋਤ ਪੁੱਤਰ ਰਾਕੇਸ਼ ਉਮਰ ਕਰੀਬ 6 ਸਾਲ, ਮਨਰਾਜ ਪੁੱਤਰੀ ਰਾਕੇਸ਼ ਉਮਰ ਕਰੀਬ 4 ਸਾਲ, ਸੀਰਤ ਕਰੀਬ 4 ਸਾਲ ਦੀ ਤਬੀਅਤ ਅਚਾਨਕ ਵਿਗੜਨ ਲੱਗੀ। ਉਲਟੀਆਂ ਆਉਣ ਲੱਗੀਆਂ। ਜਿਸ ਤੋਂ ਬਾਅਦ ਰਾਤ ਨੂੰ ਹੀ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ।
ਇਸ ਤੋਂ ਬਾਅਦ ਅਗਲੀ ਸਵੇਰ ਫਕੀਰਾਰਾਮ ਦਾ ਪਰਿਵਾਰ ਜੈ ਰਾਮ ਦੇ ਘਰ ਪਹਿਰਾ ਦੇਣ ਲਈ ਚਲਾ ਗਿਆ। ਉੱਥੇ ਹੀ ਖਾਣ-ਪੀਣ ਕਾਰਨ ਉਨ੍ਹਾਂ ਦੀ ਹਾਲਤ ਵੀ ਵਿਗੜ ਗਈ।ਜਾਣਕਾਰੀ ਅਨੁਸਾਰ ਇੰਦਰਾ ਦੇਵੀ ਪਤਨੀ ਫਕੀਰਾ ਰਾਮ, ਵਰਿੰਦਾ ਪੁੱਤਰੀ ਮਨੋਹਰ ਲਾਲ (12 ਸਾਲ), ਸਾਰਿਆ ਪੁੱਤਰੀ ਰਾਕੇਸ਼ (ਲਗਭਗ 2 ਸਾਲ) ਅਤੇ ਪੂਨਮ ਪੁੱਤਰੀ ਫਕੀਰਾ ਰਾਮ ਦੀ ਹਾਲਤ ਵੀ ਵਿਗੜ ਗਈ। ਇਸ ਲਈ ਉਨ੍ਹਾਂ ਨੂੰ ਵੀ ਸਿਵਲ ਹਸਪਤਾਲ ਲਿਆਂਦਾ ਗਿਆ।
ਜੈਮਲ ਰਾਮ ਦੀ ਹਾਲਤ ਵਿਚ ਸੁਧਾਰ ਦੇਖ ਕੇ ਕੱਲ੍ਹ ਉਨ੍ਹਾਂ ਨੂੰ ਫਰੀਦਕੋਟ ਤੋਂ ਛੁੱਟੀ ਦੇ ਦਿੱਤੀ ਗਈ ਸੀ। ਬੀਤੀ ਰਾਤ ਅਚਾਨਕ ਉਸ ਦੀ ਤਬੀਅਤ ਮੁੜ ਖਰਾਬ ਹੋਣ 'ਤੇ ਅੱਜ ਸਵੇਰੇ ਉਸ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਸੂਚਨਾ ਮਿਲਣ ਤੋਂ ਬਾਅਦ ਸਿਹਤ ਵਿਭਾਗ ਦੀਆਂ ਟੀਮਾਂ ਪਿੰਡ ਦੇ ਇਸ ਪਰਿਵਾਰ ਦੇ ਘਰ ਨਮੂਨੇ ਅਤੇ ਹੋਰ ਟੈਸਟ ਲੈਣ ਲਈ ਪਹੁੰਚੀਆਂ ਸਨ। ਸਿਹਤ ਵਿਭਾਗ ਦੀਆ ਟੀਮਾਂ ਨੇ ਘਰਾਂ ਅੰਦਰ ਖਾਣ-ਪੀਣ ਦੀਆਂ ਵਸਤਾਂ ਦੀ ਚੈਕਿੰਗ ਕੀਤੀ ਅਤੇ ਨੰਗੇ ਪਏ ਪੀਣ ਵਾਲੇ ਪਾਣੀ ਨੂੰ ਡੋਲ ਦਿੱਤਾ।