Amritsar News : ਬੰਦੀ ਛੋੜ ਦਿਵਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਵੱਲੋਂ ਪੰਥ ਦੇ ਨਾਮ ਸੰਦੇਸ਼

By : BALJINDERK

Published : Nov 1, 2024, 7:05 pm IST
Updated : Nov 1, 2024, 7:05 pm IST
SHARE ARTICLE
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਪੰਥ ਨੂੰ ਸੰਦੇਸ਼ ਦਿੰਦੇ ਹੋਏ
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਪੰਥ ਨੂੰ ਸੰਦੇਸ਼ ਦਿੰਦੇ ਹੋਏ

Amritsar News : ਪਾਰਟੀ ਤੇ ਇਸ ਦੇ ਆਗੂਆਂ ਪ੍ਰਤੀ ਕੌਮ ’ਚ ਬਣ ਚੁੱਕੇ ਬੇਭਰੋਸਗੀ ਦੇ ਆਲਮ ਨੂੰ ਖ਼ਤਮ ਕਰਨ ਦੀ ਕੀਤੀ ਅਪੀਲ

Amritsar News : ਬੰਦੀ ਛੋੜ ਦਿਵਸ ਮੌਕੇ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਸ਼ਰਧਾਲੂ ਨਤਮਸਤਕ ਹੋਣ ਪੁੱਜੇ ਹਨ। ਬੰਦੀ ਛੋੜ ਦਿਵਸ ਦੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਿੱਖ ਸੰਗਤ ਸਮੇਤ ਸਮੂਹ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿੰਘ ਸਾਹਿਬਾਨਾਂ ਵੱਲੋਂ ਸੰਬੋਧਨ ਵੀ ਕੀਤਾ ਗਿਆ।

ਬੰਦੀ ਛੋੜ ਦਿਵਸ ਮੌਕੇ ਜਥੇਦਾਰ ਰਘਬੀਰ ਸਿੰਘ ਨੇ ਸਿੱਖ ਕੌਮ ਦੇ ਨਾਂ ਦਾ ਸੰਦੇਸ਼ ਦਿੱਤਾ। ਗਿਆਨੀ ਰਘਬੀਰ ਸਿੰਘ ਨੇ ਸਿੱਖ ਕੌਮ ਦੇ ਨਾਂ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਪੰਥਕ ਸ਼ਕਤੀ ਨੂੰ ਇਕ ਮਾਲਾ ਵਿਚ ਪਰੋਣ ਦੀ ਲੋੜ ਹੈ। ਇਸ ਦੌਰਾਨ ਉਨ੍ਹਾਂ ਵੱਲੋਂ ਕਿਸਾਨੀ ਦਾ ਜ਼ਿਕਰ ਵੀ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਨੌਜਵਾਨਾਂ ਦਾ ਮਸਲਾ ਵੀ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦਾ ਡੈਮੋਗ੍ਰਾਫਿਕ ਢਾਂਚਾ ਵੀ ਬਦਲ ਰਿਹਾ ਹੈ। ਇਹ ਮਸਲੇ ਕੌਮ ਅੱਗੇ ਖੜ੍ਹੇ ਹਨ। ਉਨ੍ਹਾਂ ਵੱਲੋਂ ਹਰਦੀਪ ਸਿੰਘ ਨਿੱਝਰ ਅਤੇ ਖੰਡਾ ਦੇ ਕਤਲ ਨੂੰ ਲੈ ਕੇ ਚਿੰਤਾ ਜਤਾਈ ਗਈ। 

ਗਿਆਨੀ ਰਘਬੀਰ ਸਿੰਘ ਨੇ ਸੰਦੇਸ਼ ਪੜ੍ਹਦੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਦਲਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ 'ਹਲੀਮੀ ਰਾਜ ਦੀ ਸਥਾਪਨਾ, 'ਸਚੁ ਸੁਣਾਇਸੀ ਸਚ ਕੀ ਬੇਲਾ' ਅਨੁਸਾਰ ਹੱਕ-ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ, ਨਿਮਾਣਿਆਂ ਨਿਤਾਣਿਆਂ ਦੀ ਢਾਲ ਬਣਨ ਤੇ ਜਰਵਾਣਿਆਂ ਨੂੰ ਸਬਕ ਸਿਖਾਉਣ ਦੀ ਸਰਬ-ਕਲਿਆਣਕਾਰੀ ਤੇ ਸਰਬੱਤ ਦੇ ਭਲੇ ਨੂੰ ਪ੍ਰਣਾਈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਵਿਵਹਾਰਿਕ ਰੂਪ ਵਿਚ ਲਾਗੂ ਕਰਨ ਤੇ ਸਿੱਖ ਪੰਥ ਦੀ ਅਜ਼ਾਦ ਹਸਤੀ ਦਾ ਪ੍ਰਗਟਾਵਾ ਕਰਨ ਲਈ ਕੀਤੀ ਗਈ ਸੀ। ਅਕਾਲ ਦੀ ਇਸ ਅਗੰਮੀ ਸੰਸਥਾ ਦੇ ਇਨ੍ਹਾਂ ਉਦੇਸ਼ਾਂ ਦੀ ਪੂਰਤੀ ਲਈ ਖਾਲਸੇ ਵਲੋਂ ਕੀਤੇ ਗਏ ਸੰਘਰਸ਼ ਦੀ ਇਕ ਫਖ਼ਰਯੋਗ ਗਾਥਾ ਹੈ। 

ਬੰਦੀ-ਛੋੜ ਦਿਵਸ ਵੀ ਅਕਾਲ ਤਖ਼ਤ ਦੇ ਇਨ੍ਹਾਂ ਆਦਰਸ਼ਾਂ ਨੂੰ ਰੂਪਮਾਨ ਕਰਨ ਦੀ ਇਤਿਹਾਸਕ ਘਟਨਾ ਨਾਲ ਜੁੜਿਆ ਹੋਇਆ ਹੈ, ਜੋ ਬਦੀ ਦੀਆਂ ਪ੍ਰਤੀਕ ਸ਼ਕਤੀਆਂ ਨੂੰ ਅਣਡਿੱਠ ਜਾਂ ਉਨ੍ਹਾਂ ਨਾਲ ਸਮਝੌਤਾ ਕਰਨ ਦੀ ਬਜਾਏ ਉਨ੍ਹਾਂ ਵਿਰੁੱਧ ਸੰਘਰਸ਼ ਕਰਨ ਅਤੇ ਦੂਜਿਆਂ ਨਾਲ ਹੋ ਰਹੀ ਬੇਇਨਸਾਫ਼ੀ ਵਿਰੁੱਧ ਦ੍ਰਿੜਤਾ ਨਾਲ ਖੜ੍ਹਣ ਅਤੇ ਹਰ ਹੀਲੇ ਹੱਕ ਸੱਚ ਦੀ ਰਾਖੀ ਕਰਨ ਦਾ ਪੈਗਾਮ ਦਿੰਦੀ ਹੈ। ਉਨ੍ਹਾਂ ਕਿਹਾ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿਚੋਂ 52 ਹਿੰਦੂ ਰਾਜਿਆਂ ਨੂੰ ਰਿਹਾਅ ਕਰਵਾ ਕੇ ਅੱਜ ਦੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੁੱਜੇ ਸਨ। ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਜੀ ਨੂੰ ਪ੍ਰੇਰਨਾ ਦੇ ਕੇ ਸ੍ਰੀ ਅੰਮ੍ਰਿਤਸਰ ਸ਼ਹਿਰ ਵਿਚ ਦੀਪਮਾਲਾ ਕਰਵਾਈ ਸੀ, ਜਿਸ ਯਾਦ ਵਿਚ ਸਮੁੱਚਾ ਖ਼ਾਲਸਾ ਪੰਥ ਬੰਦੀਛੋੜ ਦਿਵਸ ਮਨਾਉਂਦਾ ਆ ਰਿਹਾ ਹੈ। ਗੁਰੂ ਕਾਲ ਤੋਂ ਬਾਅਦ ਭਾਈ ਮਨੀ ਸਿੰਘ ਜੀ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੇਲੇ ਦੀਆਂ ਸਿੱਖ ਰਵਾਇਤਾਂ ਅਨੁਸਾਰ 'ਬੰਦੀ-ਛੋੜ ਦਿਵਸ' ਮਨਾਉਣ ਦੀ ਪਰੰਪਰਾ ਮੁੜ ਸੁਰਜੀਤ ਕੀਤੀ। ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਦਾ ਸਿੱਧਾ ਸਬੰਧ ਵੀ ਬੰਦੀ-ਛੋੜ ਦਿਵਸ ਨਾਲ ਹੀ ਜੁੜਦਾ ਹੈ।

ਖ਼ਾਲਸਾ ਜੀ! ਗੁਰੂ ਸਾਹਿਬਾਨ ਦੇ ਪਾਵਨ ਚਰਨਾਂ ਦੀ ਛੋਹ ਨਾਲ ਪਵਿੱਤਰ ਹੋਇਆ ਪੰਜਾਬ ਦਾ ਚੱਪਾ-ਚੱਪਾ ਕੁਦਰਤੀ ਨੂਰ ਨਾਲ ਰੁਸ਼ਨਾਇਆ ਹੋਇਆ ਹੈ। ਇਥੋਂ ਹੀ ਗੁਰੂ ਸਾਹਿਬਾਨ ਨੇ ਲੋਕਾਈ ਨੂੰ ਅੰਧਕਾਰ ਰੂਪੀ ਵਹਿਮਾਂ-ਭਰਮਾਂ ਨੂੰ ਤਿਆਗ ਕੇ 'ਗੁਰਬਾਣੀ ਇਸੁ ਜਗ ਮਹਿ ਚਾਨਣੁ ਦੇ ਦੇਵੀ-ਗਿਆਨ ਅਧੀਨ ਜੀਵਨ ਜਿਊਣ ਦਾ ਇਕ ਮਾਣਮੱਤਾ ਮਾਰਗ ਦਿਖਾਇਆ ਸੀ । ਇਸ ਨੂੰ ਹੀ ਪ੍ਰੋ. ਪੂਰਨ ਸਿੰਘ ਨੇ 'ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਦੇ ਸ਼ਬਦਾਂ ਰਾਹੀਂ ਰੂਪਮਾਨ ਕੀਤਾ ਹੈ। ਇਹ ਵਿਚਾਰਧਾਰਾ ਹੀ ਪੰਜਾਬ ਤੇ ਸਿੱਖ ਪੰਥ ਦੀ ਵਿਰਾਸਤ ਹੈ। ਇਹ ਪੰਥ ਤੇ ਪੰਜਾਬ ਦਾ ਭਵਿੱਖ ਵੀ ਹੈ। ਸਿੱਖ-ਪੰਥ ਤੇ ਗੁਰੂ ਗ੍ਰੰਥ ਸਾਡੀ ਮਾਣਮੱਤੀ ਵਿਰਾਸਤ ਹੈ। ਇਹ ਦੋਵੇਂ ਖ਼ਾਲਸਾ ਪੰਥ ਦੀਆਂ ਜੀਵੰਤ ਸੰਸਥਾਵਾਂ ਹਨ।

ਖ਼ਾਲਸਾ ਜੀ! ਸਿੱਖ ਪੰਥ ਦਾ ਭਵਿੱਖ ਇਸ ਖਿੱਤੇ ਨਾਲ ਬਾ-ਵਾਸਤਾ ਹੈ ਪਰ ਵਰਤਮਾਨ ਸਮੇਂ ਇਥੋਂ ਦਾ ਸਮਾਜਿਕ, ਰਾਜਨੀਤਕ, ਸਭਿਆਚਾਰਕ ਤੇ ਆਰਥਿਕ ਤਾਣਾ-ਬਾਣਾ ਬਹੁਤ ਹੀ ਚਿੰਤਾਜਨਕ ਸਥਿਤੀ ਵਿਚ ਪੁੱਜ ਚੁੱਕਾ ਹੈ। ਪੰਜਾਬ ਦੀ ਜਵਾਨੀ, ਕਿਸਾਨੀ ਅਤੇ ਤਜ਼ਾਰਤ ਦਾ ਭਵਿੱਖ ਬਹੁਤ ਹੀ ਧੁੰਦਲਾ ਬਣ ਚੁੱਕਾ ਹੈ। ਨਸ਼ਿਆਂ ਦੇ ਸੇਵਨ ਨੇ ਪੰਜਾਬ ਦੇ ਨੌਜਵਾਨਾਂ ਉਤੇ ਕਹਿਰ ਢਾਹਿਆ ਹੈ। ਇਥੋਂ ਦੀਆਂ ਰਾਜਨੀਤਕ ਧਿਰਾਂ ਦੀ ਰੂਹਾਨੀ ਤੌਰ ਉਤੇ ਗੁਰੂ ਗ੍ਰੰਥ-ਗੁਰੂ ਪੰਥ ਪ੍ਰਤੀ ਬੇਲਾਗ ਵਫ਼ਾਦਾਰੀ ਅਤੇ ਇਮਾਨ ਡੂੰਘੇ ਸੰਕਟ ਵਿਚ ਫਸਿਆ ਹੋਇਆ ਹੈ। ਸਿੱਖ ਦੀ ਪਹਿਲੀ ਵਫ਼ਾਦਾਰੀ ਅਕਾਲ ਪੁਰਖ ਅਤੇ ਆਪਣੇ ਗੁਰੂ ਨਾਲ ਹੈ ਹੋਰ ਕਿਸੇ ਦੁਨਿਆਵੀ ਤਾਜ਼ ਜਾਂ ਤਖ਼ਤ ਨਾਲ ਨਹੀਂ। ਗੁਰੂ ਸਾਹਿਬਾਨ ਨੇ ਸਾਨੂੰ ਇਸ ਵਿਚਾਰਧਾਰਾ ਦੇ ਧਾਰਨੀ ਬਣਾਇਆ ਹੈ।

ਸਿੱਖ ਸਦਾਚਾਰ ਵਿਚ ਦਵੰਧ ਨੂੰ ਕੋਈ ਥਾਂ ਨਹੀਂ ਹੈ। ਦਵੰਧ ਦਾ ਸ਼ਿਕਾਰ ਹੋ ਜਾਣ ਕਰਕੇ ਸਿੱਖ ਰਾਜਨੀਤੀ ਅੱਜ ਹਾਸ਼ੀਏ 'ਤੇ ਹੈ ਅਤੇ ਇਸ ਦੇ ਭਵਿੱਖ 'ਤੇ ਪ੍ਰਸ਼ਨ-ਚਿੰਨ੍ਹ ਲੱਗ ਰਹੇ ਹਨ। ਇਸ ਦਵਧ ਦੇ ਚਲਦਿਆਂ ਸਿੱਖ ਪੰਥ ਦੇ ਧਾਰਮਿਕ ਸਿਧਾਂਤਾਂ, ਸੰਸਥਾਵਾਂ ਅਤੇ ਪ੍ਰੰਪਰਾਵਾਂ ਦੀ ਮੌਲਿਕਤਾ ਨੂੰ ਜੋ ਖੋਰਾ ਲੱਗਿਆ ਹੈ, ਉਹ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਪੰਜਾਬ ਦੇ ਕੁਦਰਤੀ ਸਰੋਤਾਂ ਤੇ ਬੁਨਿਆਦੀ ਅਧਿਕਾਰਾਂ ਦੇ ਜੋ ਮੁੱਦੇ ਕਦੇ ਪੰਥਕ ਰਾਜਨੀਤੀ ਦੇ ਕੇਂਦਰ ਵਿਚ ਹੁੰਦੇ ਸਨ, ਉਨ੍ਹਾਂ ਨੂੰ ਵਿਸਾਰ ਦਿੱਤਾ ਗਿਆ ਹੈ। ਪੰਥਕ ਰਾਜਨੀਤੀ ਦਾ ਇਹ ਏਜੰਡਾ ਬੀਤੇ ਸਮੇਂ ਦੀ ਗੱਲ ਬਣ ਚੁੱਕਾ ਹੈ ਤੇ ਪੰਥਕ ਹਿੱਤਾਂ ਤੇ ਪ੍ਰੰਪਰਾਵਾਂ ਉਤੇ ਪਹਿਰੇਦਾਰੀ ਕਰਨ ਦੀ ਥਾਂ ਰਾਜਨੀਤਕ ਹਿੱਤ ਪਿਆਰੇ ਬਣ ਚੁੱਕੇ ਹਨ। ਅਜਿਹੀ ਦਸ਼ਾ ਵਿਚ ਐਸੀ ਸਿੱਖ ਰਾਜਨੀਤੀ ਦੀ ਪੁਨਰ ਸੁਰਜੀਤੀ ਦੀ ਲੋੜ ਹੈ ਜਿਹੜੀ ਪੰਜਾਬ ਦੀ ਸਰਜ਼ਮੀਨ ਅਤੇ ਗੁਰੂ ਗ੍ਰੰਥ-ਗੁਰੂ ਪੰਥ ਪ੍ਰਤੀ ਸਮਰਪਿਤ ਹੋਵੇ। ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਜਿਨ੍ਹਾਂ ਉਦੇਸ਼ਾਂ ਤੇ ਆਦਰਸ਼ਾਂ ਨੂੰ ਲੈ ਕੇ ਹੋਈ ਸੀ, ਉਸ ਨੂੰ ਮੁੜ ਆਪਣੇ ਮੂਲ ਨਾਲ ਜੁੜਣ ਤੇ ਡੂੰਘੇ ਆਤਮ ਚਿੰਤਨ ਦੀ ਲੋੜ ਹੈ ਤਾਂ ਜੋ ਹੋਈ ਉਕਾਈ ਨੂੰ ਸਮਝ ਕੇ ਸੁਧਾਈ ਹੋ ਸਕੇ।

ਗੁਰੂ ਰੂਪ ਖ਼ਾਲਸਾ ਜੀ! ਸਿਧਾਂਤਹੀਣ ਹੋਈ ਸਿੱਖ ਰਾਜਨੀਤੀ ਦਾ ਇਹ ਸੁਆਰਥੀ ਨਜ਼ਰੀਆ ਸਿੱਖ ਨੌਜਵਾਨਾਂ ਲਈ ਪ੍ਰੇਰਣਾ ਦਾ ਸਬੱਬ ਨਹੀਂ ਰਿਹਾ, ਜਿਸ ਕਾਰਨ ਪੰਜਾਬ ਦੀ ਅਗਲੀ ਪੀੜ੍ਹੀ ਨੂੰ ਆਪਣਾ ਭਵਿੱਖ ਹਨ੍ਹੇਰੇ ਵਿਚ ਦਿਖਾਈ ਦੇ ਰਿਹਾ ਹੈ। ਭਾਵੇਂ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਿੱਖਾਂ ਨੇ ਵਿਸ਼ਵ ਭਰ ਵਿਚ 'ਨਾਮ ਜਪੇ ਕਿਰਤ ਕਰੋ ਵੰਡ ਛਕੋ ਦੇ ਉਪਦੇਸ਼ ਉਤੇ ਅਮਲ ਕਰਦਿਆਂ ਮਿਹਨਤ, ਇਮਾਨਦਾਰੀ ਅਤੇ ਦ੍ਰਿੜਤਾ ਦੇ ਨਾਲ ਵੱਖ-ਵੱਖ ਖੇਤਰਾਂ ਵਿਚ ਬੇਹੱਦ ਨਾਮਣਾ ਖੱਟਿਆ ਹੈ। ਪਰ ਇਸ ਦੇ ਨਾਲ ਹੀ ਸਾਨੂੰ ਇਹ ਯਾਦ ਰੱਖਣ ਦੀ ਵੀ ਲੋੜ ਹੈ ਕਿ ਪੰਜਾਬ ਖ਼ਾਲਸੇ ਦੀ ਜਨਮ ਤੇ ਕਰਮ ਭੂਮੀ ਹੈ, ਜਿੱਥੇ ਖ਼ਾਲਸਾ ਪੰਥ ਪ੍ਰਗਟ ਹੋਇਆ ਅਤੇ ਇਸ ਖਿੱਤੇ ਦੀ ਅਜ਼ਾਦੀ ਤੇ ਤਰੱਕੀ ਲਈ ਸਿੱਖ ਪੰਥ ਨੇ ਬੇਅੰਤ ਕੁਰਬਾਨੀਆਂ ਕੀਤੀਆਂ ਹਨ। ਮੌਜੂਦਾ ਸਮੇਂ ਵਿਚ ਪੰਜਾਬ ਅੰਦਰ ਰੁਜ਼ਗਾਰ ਦੇ ਮੌਕੇ ਘੱਟ ਜਾਣ ਅਤੇ ਜੀਣ-ਬੀਣ ਦੀਆਂ ਸੰਭਾਵਨਾਵਾਂ ਦੀ ਅਨਿਸ਼ਚਿਤਤਾ ਕਾਰਨ ਸਿੱਖ ਨੌਜਵਾਨਾਂ ਦੇ ਵਿਦੇਸ਼ਾਂ ਵਿਚ ਪ੍ਰਵਾਸ ਕਰ ਜਾਣ ਦੀ ਗਿਣਤੀ ਵਿਚ ਚਿੰਤਾਜਨਕ ਵਾਧਾ ਹੋਇਆ ਹੈ। ਇਸ ਦੇ ਉਲਟ ਪੰਜਾਬ ਵਿਚ ਬਾਹਰੀ ਰਾਜਾਂ ਵਿਚੋਂ ਹੋ ਰਹੇ ਪ੍ਰਵਾਸ ਕਾਰਨ ਪੰਜਾਬ ਦਾ ਡੈਮੋਗ੍ਰਾਫਿਕ ਢਾਂਚਾ ਬਦਲਣ ਨਾਲ ਇਕੋ-ਇਕ ਸਿੱਖ ਬਹੁਗਿਣਤੀ ਵਾਲੇ ਸੂਬੇ ਅੰਦਰ ਵੀ ਅਸੀਂ ਘੱਟ-ਗਿਣਤੀ ਵਿਚ ਚਲੇ ਜਾਵਾਂਗੇ, ਜਿਸ ਦੇ ਭਵਿੱਖ ਵਿਚ ਭਿਆਨਕ ਨਤੀਜੇ ਭੁਗਤਣੇ ਪੈਣਗੇ।

ਇਸ ਲਈ ਸੰਭਲਣ ਤੇ ਜਾਗਣ ਦੀ ਲੋੜ ਹੈ। ਗੁਰੂ ਖ਼ਾਲਸਾ ਪੰਥ ਜੀ! ਗੁਰਾਂ ਦੇ ਨਾਂਅ 'ਤੇ ਵੱਸਦੇ ਪੰਜਾਬ ਨੂੰ ਚੜ੍ਹਦੀ ਕਲਾ ਵੱਲ ਲਿਜਾਣ ਲਈ ਆਪਸੀ ਏਕੇ ਦੀ ਲੋੜ ਹੈ। ਕੌਮ ਵਿਚ ਪਾਰਟੀ ਤੇ ਇਸ ਦੇ ਆਗੂਆਂ ਪ੍ਰਤੀ ਬਣ ਚੁੱਕੇ ਬੇ-ਭਰੋਸਗੀ ਦੇ ਆਲਮ ਨੂੰ ਖਤਮ ਕਰਨ ਲਈ ਪੰਥਕ ਆਗੂਆਂ ਨੂੰ 'ਪੰਥ ਵਸੇ ਮੈਂ ਉਜੜਾਂ' ਦੀ ਸੋਚ ਨੂੰ ਅਪਣਾਉਣਾ ਸਮੇਂ ਦੀ ਮੁੱਖ ਮੰਗ ਹੈ। ਪੰਥਕ ਸ਼ਕਤੀ ਦੇ ਜਾਹੋ-ਜਲਾਲ ਦਾ ਪ੍ਰਗਟਾਵਾ ਕਰਨ ਲਈ ਸਾਨੂੰ ਛੋਟੇ-ਛੋਟੇ ਧੜਿਆਂ ਵਿਚ ਵੰਡੀ ਪੰਥਕ ਸ਼ਕਤੀ ਨੂੰ ਏਕਤਾ ਦੀ ਲੜੀ ਵਿਚ ਪ੍ਰੇਣ ਵਾਸਤੇ ਹਰ ਪ੍ਰਕਾਰ ਦੇ ਭਿੰਨ-ਭੇਦ ਤੇ ਮਤ-ਭੇਦ ਮਿਟਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਇਕਜੁੱਟ ਹੋਣ ਦੀ ਲੋੜ ਹੈ ਅਤੇ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ 'ਤੇ ਚੱਲ ਕੇ ਨਿਰਾਲੇ ਪੰਥ ਦੇ ਆਦਰਸ਼ਕ ਅਸੂਲਾਂ ਅਨੁਸਾਰੀ ਰਾਜਨੀਤੀ ਦੀ ਖੁਸ਼ਬੋਈ ਬਿਖੇਰਨ ਦੀ ਚੁਣੋਤੀ ਦਰਕਾਰ ਹੈ, ਜਿਸ ਦੇ ਸਮਰੱਥ ਅਸੀਂ ਗੁਰਮਤਿ ਸਿਧਾਂਤਾਂ, ਪਰੰਪਰਾਵਾਂ ਅਤੇ ਇਤਿਹਾਸ ਤੋਂ ਸੇਧ ਲੈ ਕੇ ਹੋ ਸਕਦੇ ਹਾਂ। ਖ਼ਾਲਸਾ ਜੀ! ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਵਾਪਰ ਰਹੇ ਵਰਤਾਰੇ ਵੀ ਪੰਥ ਲਈ ਚਿੰਤਾ ਪੈਦਾ ਕਰਨ ਵਾਲੇ ਹਨ। ਜਿੱਥੇ ਇਕ ਪਾਸੇ ਸਿਖਾਂ ਦੀਆਂ 80 ਫ਼ੀਸਦੀ ਕੁਰਬਾਨੀਆਂ ਨਾਲ ਅਜ਼ਾਦ ਹੋਏ ਭਾਰਤ ਵਿਚ ਸਿੱਖ ਹੱਕਾਂ ਤੇ ਮੁੱਦਿਆਂ ਬਾਰੇ ਆਪਣੀ ਆਵਾਜ਼ ਬੁਲੰਦ ਕਰਨ ਤੇ ਪੰਥਕ ਹਿਤਾਂ ਨੂੰ ਉਭਾਰਨ ਵਾਲਿਆਂ ਨੂੰ ਅੱਤਵਾਦੀ ਐਲਾਨ ਕੇ ਜੇਲ੍ਹਾਂ ਵਿਚ ਬੰਦੀ ਬਣਾ ਕੇ ਰੱਖਿਆ ਜਾ ਰਿਹਾ ਹੈ, ਉੱਥੇ ਹੀ ਵੱਖ-ਵੱਖ ਦੇਸ਼ਾਂ ਅੰਦਰ ਸਿੱਖਾਂ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਮਿਸਾਲ ਦੇ ਤੌਰ 'ਤੇ ਵਿਦੇਸ਼ਾਂ ਵਿਚ ਭਾਈ ਹਰਦੀਪ ਸਿੰਘ ਨਿੱਜਰ, ਭਾਈ ਅਵਤਾਰ ਸਿੰਘ ਖੰਡਾ, ਭਾਈ ਪਰਮਜੀਤ ਸਿੰਘ ਪੰਜਵੜ ਅਤੇ ਭਾਈ ਰਿਪੂਦਮਨ ਸਿੰਘ ਮਲਿਕ ਦੇ ਹੋਏ ਕਤਲ ਖ਼ਤਰਨਾਕ ਅਤੇ ਚਿੰਤਾਜਨਕ ਰੁਝਾਨ ਹਨ। ਖ਼ਾਲਸਾ ਜੀ! ਸਾਡੇ ਧਰਮ ਤੇ ਸੰਸਥਾਵਾਂ ਵਿਚ ਸਰਕਾਰੀ ਦਖਲਅੰਦਾਜ਼ੀ ਵੱਧ ਰਹੀ ਹੈ। ਬਹੁਤ ਅਫ਼ਸੋਸ ਹੈ ਕਿ ਪੰਜਾਬ ਤੋਂ ਬਾਹਰ ਇਤਿਹਾਸਕ ਸਿੱਖ ਗੁਰਧਾਮਾਂ ਜਿਵੇਂ ਕਿ, ਗੁਰਦੁਆਰਾ ਗਿਆਨ ਗੋਦੜੀ ਸਾਹਿਬ ਉੱਤਰ ਪ੍ਰਦੇਸ਼, ਗੁਰਦੁਆਰਾ ਮੰਗੂ ਮੰਠ ਉੜੀਸਾ, ਗੁਰਦੁਆਰਾ ਡਾਂਗਮਾਰ ਸਾਹਿਬ ਦੀ ਹੋਂਦ ਨੂੰ ਖ਼ਤਮ ਕੀਤਾ ਜਾ ਚੁੱਕਾ ਹੈ। ਸਿੱਖਾਂ ਵਲੋਂ ਵਾਰ-ਵਾਰ ਆਵਾਜ਼ ਉਠਾਉਣ 'ਤੇ ਵੀ ਸਰਕਾਰਾਂ ਨੇ ਇਸ ਧੱਕੇਸ਼ਾਹੀ ਨੂੰ ਰੋਕਣ ਦੀ ਲੋੜ ਨਹੀਂ ਸਮਝੀ ਬਲਕਿ ਇਹ ਅਮਲ ਬੇਰੋਕ ਅੱਗੇ ਵੱਧ ਰਿਹਾ ਹੈ। ਇਹ ਦਸ਼ਾ ਵੀ ਸਿੱਖ ਰਾਜਨੀਤੀ ਦੇ ਮੌਕਾਪ੍ਰਸਤ ਸੁਭਾਅ ਕਾਰਨ ਵਾਪਰੀ ਹੈ। ਸਿਤਮ ਦੀ ਗੱਲ ਹੈ ਕਿ ਨਵੰਬਰ 1984 ਨੂੰ ਸਿੱਖਾਂ ਦੇ ਹੋ ਰਹੇ ਕਤਲੇਆਮ ਨੂੰ ਤੱਤਕਾਲੀ ਪ੍ਰਧਾਨ ਮੰਤਰੀ ਬੜੀ ਢੀਠਤਾਈ ਨਾਲ "ਜਬ ਬੜਾ ਪੇੜ ਗਿਰਤਾ ਹੈ ਤੋਂ ਧਰਤੀ ਹਿਲਤੀ ਹੈ" ਆਖ ਕੇ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਦਾ ਹੈ। ਅਫ਼ਸੋਸ ਹੈ ਕਿ 40 ਸਾਲ ਦਾ ਲੰਮਾ ਅਰਸਾ ਬੀਤ ਜਾਣ ਤੋਂ ਬਾਅਦ ਵੀ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਹੋਏ ਕਤਲਾਂ ਦਾ ਅਜੇ ਤੱਕ ਵੀ ਮੁਕੰਮਲ ਇਨਸਾਫ਼ ਨਹੀਂ ਮਿਲਿਆ।

1

ਅੱਜ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੇ ਸ਼ਹੀਦਾਂ ਨੂੰ ਵੀ ਅਸੀਂ ਯਾਦ ਕਰ ਰਹੇ ਹਾਂ। ਖ਼ਾਲਸਾ ਜੀ! ਸਾਨੂੰ ਇਸ ਪੱਖੋਂ ਵੀ ਸੁਚੇਤ ਹੋਣ ਦੀ ਲੋੜ ਹੈ ਕਿ ਭਾਰਤ ਤੇ ਵਿਸ਼ਵ ਭਰ ਵਿਚ ਕੁਝ ਖਾਸ ਧਿਰਾਂ ਵਲੋਂ ਸ਼ੋਸ਼ਲ ਮੀਡੀਏ ਉਪਰ ਸਿੱਖ ਕੌਮ ਪ੍ਰਤੀ ਨਫ਼ਰਤ ਭਰਿਆ ਮਾਹੌਲ ਸਿਰਜਣ ਲਈ ਨਾਪਾਕ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਤੇ ਜ਼ੋਰ-ਸ਼ੋਰ ਨਾਲ ਨਫਰਤੀ ਸੰਦੇਸ਼ਾਂ ਨੂੰ ਫੈਲਾਇਆ ਜਾ ਰਿਹਾ ਹੈ। ਇਸ ਲਈ ਅੱਜ ਦੇ ਦਿਹਾੜੇ 'ਤੇ ਆਪਣੀ ਕੌਮ ਨੂੰ ਮੁਖਾਤਿਬ ਹੁੰਦਿਆਂ ਦਾਸ ਵਿਸ਼ਵ-ਭਰ ਦੇ ਗੁਰੂ-ਘਰਾਂ ਦੀਆਂ ਸਮੂਹ ਪ੍ਰਬੰਧਕ ਕਮੇਟੀਆਂ ਦੇ ਅਹੁਦੇਦਾਰਾਂ, ਸਿੱਖ ਸੰਸਥਾਵਾਂ, ਸਿੱਖ ਨੌਜਵਾਨਾਂ, ਪੰਥ ਦਰਦੀ ਸੂਝਵਾਨਾਂ-ਵਿਦਵਾਨਾਂ ਨੂੰ ਅਪੀਲ ਕਰਦਾ ਹੈ ਕਿ ਉਹ ਵਿਵੇਕ ਬੁੱਧੀ ਨਾਲ ਸੁਚੇਤ ਹੋ ਕੇ ਇਸ ਪੰਥ ਵਿਰੋਧੀ ਮੁਹਿੰਮ ਦਾ ਡਟ ਕੇ ਮੁਕਾਬਲਾ ਕਰਨ ਲਈ ਸ਼ੋਸ਼ਲ ਮੀਡੀਏ ਦਾ ਪ੍ਰਯੋਗ ਕਰਨ ਤੇ ਸਿੱਖ ਪੰਥ ਦੀਆਂ ਸਰਬ-ਕਲਿਆਣਕਾਰੀ, ਬੇਮਿਸਾਲ ਤੇ ਲਾਸਾਨੀ ਸੇਵਾਵਾਂ ਨੂੰ ਦੁਨੀਆਂ ਸਾਹਮਣੇ ਰੱਖਣ। ਉਹ ਸੱਜਣ ਤੇ ਸੰਸਥਾਵਾਂ ਵਧਾਈ ਦੇ ਪਾਤਰ ਹਨ ਜਿਹੜੇ ਇਸ ਕੂੜ ਤੇ ਨਫ਼ਰਤੀ ਪ੍ਰਚਾਰ ਵਿਰੁੱਧ ਪਹਿਲਾਂ ਹੀ ਸਰਗਰਮੀ ਨਾਲ ਕਾਰਜਸ਼ੀਲ ਹਨ। ਖ਼ਾਲਸਾ ਜੀ! ਬੰਦੀ-ਛੋੜ ਦਿਵਸ ਸਾਡੇ ਲਈ ਹਕੂਮਤੀ ਜਬਰ-ਜ਼ੁਲਮ ਵਿਰੁੱਧ ਅਮੁੱਕ ਸੰਘਰਸ਼ ਅਤੇ ਕੌਮ ਦੀਆਂ ਭਵਿੱਖੀ ਘਾੜਤਾਂ ਘੜਨ ਦੇ ਦਿਹਾੜੇ ਵਜੋਂ ਵੀ ਪ੍ਰਵਾਨਿਆ ਗਿਆ ਹੈ। ਅੱਜ ਵੀ ਬੰਦੀ-ਛੋੜ ਦਿਵਸ ਸਾਡੇ ਲਈ ਜਿੱਥੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਪਾਵਨ ਯਾਦ ਵਿਚ ਆਪਣੀਆਂ ਸੁਰਤਾਂ ਨੂੰ ਬਲਵਾਨ ਕਰਨ ਦਾ ਮੇਲ-ਮੌਕਾ ਬਣਦਾ ਹੈ ਉੱਥੇ ਸਮਕਾਲੀ ਪੰਥਕ ਸਮੱਸਿਆਵਾਂ, ਚੁਣੌਤੀਆਂ ਅਤੇ ਸੰਭਾਵਨਾਵਾਂ ਦਾ ਮੰਥਨ ਕਰਕੇ ਭਵਿੱਖ ਵੱਲ ਤੁਰਨ ਲਈ ਰਾਹ-ਦਿਸੇਰਾ ਬਣਦਾ ਹੈ।

(For more news apart from On occasion of Bandi Chod Day, Singh Akal Takht Sahib Ji Jathedar Giani Raghveer Singh Message to the Panth News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bikram Majithia Case Update : ਮਜੀਠੀਆ ਮਾਮਲੇ 'ਚ ਹਾਈਕੋਰਟ ਤੋਂ ਵੱਡਾ ਅਪਡੇਟ, ਦੇਖੋ ਕੀ ਹੋਇਆ ਫੈਸਲਾ| High court

04 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 04/07/2025

04 Jul 2025 12:18 PM

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM
Advertisement