
ਮੁਲਾਕਾਤਾਂ ਬੰਦ ਕਰਨ ਅਤੇ ਜੇਬ ਖ਼ਰਚ ਨਾ ਮਿਲਣ ਦਾ ਮਾਮਲਾ
ਮੁਲਾਕਾਤੀਆਂ ਦੀ ਗਿਣਤੀ 10 ਤੋਂ ਘਟਾ ਕੇ 4 ਕਰਨ ਦੀ ਪੇਸ਼ਕਸ਼ ਕੀਤੀ
ਚੰਡੀਗੜ੍ਹ (ਕਮਲਜੀਤ ਸਿੰਘ ਬਨਵੈਤ): ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹਤਿਆ ਦੇ ਦੋਸ਼ੀ ਜਗਤਾਰ ਸਿੰਘ ਹਵਾਰਾ ਨੇ ਦਿੱਲੀ ਪ੍ਰਸਾਸ਼ਨ ਵਲੋਂ ਉਸ ਦੀਆਂ ਮੁਲਾਕਾਤਾਂ ਬੰਦ ਕਰਨ ਦੇ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਤਿਹਾੜ ਜੇਲ ਦੇ ਸੁਪਰਡੈਂਟ ਨੂੰ ਕਾਨੂੰਨੀ ਨੋਟਿਸ ਭੇਜ ਦਿਤਾ ਹੈ। ਅਪਣੇ ਵਕੀਲ ਰਾਹੀਂ ਜੇਲ ਸੁਪਰਡੈਂਟ ਨੂੰ ਭੇਜੇ ਨੋਟਿਸ ਵਿਚ ਮੁਲਾਕਾਤੀਆਂ ਦੀ ਸੂਚੀ ਵਿਚ 10 ਨਾਵਾਂ ਤੋਂ ਘਟਾ ਕੇ ਚਾਰ ਕਰਨ ਦੀ ਪੇਸਕਸ਼ ਕੀਤੀ ਗਈ ਹੈ।
Babbar Khalsa
ਦਿੱਲੀ ਪ੍ਰਸਾਸ਼ਨ ਵਲੋਂ ਕੁੱਝ ਮਹੀਨੇ ਪਹਿਲਾਂ ਹਵਾਰਾ ਨਾਲ ਮੁਲਾਕਾਤ ਕਰਨ 'ਤੇ ਰੋਕ ਲਗਾ ਦਿਤੀ ਗਈ ਸੀ ਅਤੇ ਉਸ ਦੇ ਵਕੀਲਾਂ ਨੂੰ ਹੀ ਹਫ਼ਤੇ ਵਿਚ ਦੋ ਵਾਰ ਕੇਸਾਂ ਬਾਰੇ ਸਲਾਹ ਮਸ਼ਵਰਾ ਕਰਨ ਦੀ ਛੋਟ ਦਿਤੀ ਗਈ ਹੈ। ਹਵਾਰਾ ਵਿਰੁਧ ਚਲਦੇ 33 ਕੇਸਾਂ ਵਿਚੋਂ 32 ਦਾ ਨਿਪਟਾਰਾ ਹੋ ਚੁੱਕਾ ਹੈ ਅਤੇ ਇਕ ਆਖ਼ਰੀ ਦੀ ਸੁਣਵਾਈ 4 ਦਸੰਬਰ ਦੀ ਰੱਖੀ ਗਈ ਹੈ।
Tihar Jail
ਹਵਾਰਾ ਦੇ ਵਕੀਲ ਨੇ ਭੇਜੇ ਪੱਤਰ ਵਿਚ ਕਿਹਾ ਹੈ ਕਿ ਉਸ ਦਾ ਖ਼ੂਨ ਦਾ ਕੋਈ ਵੀ ਰਿਸ਼ਤੇਦਾਰ ਭਾਰਤ ਵਿਚ ਨਹੀਂ ਰਹਿ ਰਿਹਾ। ਬਜ਼ੁਰਗ ਮਾਂ ਉਸਦੇ ਜੱਦੀ ਘਰ ਵਿਚ ਰਹਿ ਤਾਂ ਰਹੀ ਹੈ ਪਰ ਉਹ ਇਸ ਉਮਰ ਦੇ ਪੜਾਅ ਵਿਚ ਤੁਰਨ ਫਿਰਨ ਦੇ ਸਮਰੱਥ ਨਹੀਂ। ਇਸ ਕਰ ਕੇ ਚਾਰ ਨੇੜਲੇ ਦੋਸਤਾਂ ਅਤੇ ਹਮਾਇਤੀਆਂ ਦੇ ਨਾਂ ਮੁਲਾਕਾਤ ਰਜਿਸਟਰ ਵਿਚ ਦਰਜ ਕੀਤੇ ਜਾਣ। ਇਨ੍ਹਾਂ ਨਾਂਵਾਂ ਵਿਚੋਂ ਉਸ ਦੀ ਮਾਂ ਨੂੰ ਵੀ ਬਾਹਰ ਰਖਿਆ ਗਿਆ ਹੈ।
jagtar singh hawara
ਜਿਹੜੇ ਚਾਰ ਮੁਲਾਕਾਤੀਆਂ ਦੇ ਨਾਂ ਦਿਤੇ ਗਏ ਹਨ। ਉਨ੍ਹਾਂ ਵਿਚ ਬਲਬੀਰ ਸਿੰਘ ਹਿਸਾਰ, ਗੁਰਚਰਨ ਸਿੰਘ ਪਟਿਆਲਾ, ਅਮਰੀਕ ਸਿੰਘ ਨਵੀਂ ਦਿੱਲੀ ਅਤੇ ਸਤਨਾਮ ਸਿੰਘ ਅੰਮ੍ਰਿਤਸਰ ਸ਼ਾਮਲ ਹਨ। ਮੁਲਾਕਾਤ ਲਈ ਹਫ਼ਤੇ ਵਿਚ ਦੋ ਦਿਨ ਮੰਗਲਵਾਰ ਅਤੇ ਸ਼ੁਕਰਵਾਰ ਰਖਿਆ ਗਿਆ ਹੈ। ਪੱਤਰ ਵਿਚ ਦਿੱਲੀ ਪ੍ਰਸਾਸ਼ਨ ਨੂੰ ਆਗਿਆ ਦੇਣ ਤੋਂ ਪਹਿਲਾਂ ਮੁਲਾਕਾਤੀਆਂ ਦੇ ਆਚਰਨ ਦੀ ਵੈਰੀਫਿਕੇਸ਼ਨ ਕਰਾਉਣ ਦੀ ਪੇਸਕਸ਼ ਕੀਤੀ ਗਈ ਹੈ।
Balwant Singh Rajoana
ਚੇਤੇ ਕਰਾਇਆ ਜਾਂਦਾ ਹੈ ਕਿ ਮਰਹੂਮ ਬੇਅੰਤ ਸਿੰਘ ਦੀ 31 ਅਗੱਸਤ 1995 ਨੂੰ ਪੰਜਾਬ ਸਿਵਲ ਸਕਤਰੇਤ ਮੂਹਰੇ ਇਕ ਬੰਬ ਧਮਾਕੇ ਵਿਚ ਹਤਿਆ ਕਰ ਦਿਤੀ ਗਈ ਸੀ। ਪੁਲਿਸ ਨੇ 9 ਮੁਲਜ਼ਮਾਂ ਨੂੰ ਹਿਰਾਸਤ ਵਿਚ ਲਿਆ ਸੀ। ਅਦਾਲਤ ਵਲੋਂ ਕੇਸ ਦੇ ਫ਼ੈਸਲੇ ਵੇਲੇ ਦੋ ਨੂੰ ਬਰੀ ਕਰ ਦਿਤਾ ਗਿਆ ਅਤੇ ਸੱਤ ਤਾਉਮਰ ਕੈਦ ਦੀ ਸਜ਼ਾ ਭੁਗਤ ਰਹੇ ਹਨ। ਇਕ ਹੋਰ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦਾ ਸਜ਼ਾ ਦਿਤੀ ਗਈ ਸੀ ਜਿਹੜੀ ਕਿ ਉਮਰ ਕੈਦ ਵਿਚ ਬਦਲ ਦਿਤੀ ਗਈ ਹੈ। ਹਵਾਰਾ ਦੇ ਧਰਮ ਦੇ ਪਿਤਾ ਬਾਪੂ ਗੁਰਚਰਨ ਸਿੰਘ ਨੇ ਦਸਿਆ ਕਿ ਮੁਲਾਕਾਤਾਂ ਨਾ ਖੋਲ੍ਹਣ ਦੀ ਸੂਰਤ ਵਿਚ ਅਦਾਲਤ ਦਾ ਦਰਵਾਜ਼ਾ ਖੜਾਕਾਇਆ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।