
ਕਿਸਾਨੀ ਸੰਘਰਸ਼ ਵਿਚ ਲਗਾਤਾਰ ਸ਼ਾਮਲ ਹੋ ਰਹੀਆਂ ਹਨ ਦੇਸ਼ ਭਰ ਦੀਆਂ ਸੰਘਰਸ਼ੀ ਧਿਰਾਂ
ਚੰਡੀਗੜ੍ਹ : ਪੰਜਾਬੀਆਂ ਦਾ ਕੁਰਬਾਨੀਆਂ ਭਰਿਆ ਮਾਣਮੱਤਾ ਇਤਿਹਾਸ ਹੈ। ਆਜ਼ਾਦੀ ਲੜਾਈ ਸਮੇਤ ਹੋਰ ਸੰੰਘਰਸ਼ੀ ਲਹਿਰਾਂ ਵਿਚ ਪੰਜਾਬੀਆਂ ਨੇ ਹਮੇਸ਼ਾ ਮੋਹਰੀ ਭੂਮਿਕਾ ਨਿਭਾਈ ਹੈ। ਖੇਤੀ ਕਾਨੂੰਨਾਂ ਖਿਲਾਫ਼ ਦੇਸ਼ ਭਰ ਦੇ ਕਿਸਾਨਾਂ ਦੀ ਅਗਵਾਈ ਕਰ ਕੇ ਪੰਜਾਬੀਆਂ ਨੇ ਅਪਣੀ ਇਸ ਖੂਬੀ ਦਾ ਬਾਖੂਬੀ ਪ੍ਰਦਰਸ਼ਨ ਕੀਤਾ ਹੈ। ਹਰਿਆਣਾ ਸਮੇਤ ਦੇਸ਼ ਦੇ ਬਾਕੀ ਸੂਬਿਆਂ ਦੇ ਕਿਸਾਨ ਖੇਤੀ ਕਾਨੂੰਨਾਂ ਖਿਲਾਫ਼ ਆਵਾਜ਼ ਬੁਲੰਦ ਕਰਨ ਦੀ ਹਿੰਮਤ ਨਹੀਂ ਸੀ ਕਰ ਪਾ ਰਹੇ ਜਾਂ ਉਨ੍ਹਾਂ ਦੀ ਆਵਾਜ਼ ਨੂੰ ਸਖ਼ਤੀ ਨਾਲ ਦਬਾ ਦਿਤਾ ਗਿਆ। ਹਰਿਆਣਾ ਦੇ ਕਿਸਾਨਾਂ ਨੇ ਸੂਬੇ ਦੇ ਉਪ ਮੁੱਖ ਮੰਤਰੀ ਖਿਲਾਫ਼ ਮੋਰਚਾ ਖੋਲ੍ਹਿਆ ਪਰ ਹਕੂਮਤੀ ਜ਼ਬਰ ਸਾਹਮਣੇ ਉਹ ਬਹੁਤੀ ਦੇਰ ਟਿਕ ਨਹੀਂ ਸਕੇ।
Farmers Protest
ਪੰਜਾਬੀ ਕਿਸਾਨਾਂ ਦੇ ਦਿੱਲੀ ਕੂਚ ਤੋਂ ਬਾਅਦ ਹਰਿਆਣਾ ਦੇ ਕਿਸਾਨਾਂ ਦਾ ਗੁੱਸਾ ਇਕ ਵਾਰ ਮੁੜ ਫੁਟਿਆ ਅਤੇ ਵੱਡੀਆਂ ਰੋਕਾਂ ਨੂੰ ਤੋੜਦਿਆਂ ਪੰਜਾਬੀ ਕਿਸਾਨਾਂ ਦੀ ਅਗਵਾਈ ਕਰਦੇ ਉਹ ਦਿੱਲੀ ਦੀਆਂ ਬਰੂਹਾਂ ਤਕ ਜਾ ਪਹੁੰਚੇ। ਕਿਸਾਨਾਂ ਵਲੋਂ ਦਿੱਲੀ ਦੀਆਂ ਸਰਹੱਦਾਂ ਘੇਰਣ ਬਾਅਦ ਇਹ ਸੰਘਰਸ਼ ਦੀ ਆਵਾਜ਼ ਦੇਸ਼ ਪੱਧਰ ਤੋਂ ਬਾਅਦ ਵਿਸ਼ਵ-ਵਿਆਪੀ ਪੱਧਰ ਤਕ ਪਹੁੰਚ ਚੁੱਕੀ ਹੈ। ਕਿਸਾਨਾਂ ਦੀ ਲਾਮਬੰਦੀ ਸਾਹਮਣੇ ਬੇਵੱਸ ਹੋਈ ਕੇਂਦਰ ਸਰਕਾਰ ਫੁਟਬੈਕ ’ਤੇ ਆ ਗਈ ਹੈ। ਇਸ ਤੋਂ ਬਾਅਦ ਕੇਂਦਰ ਸਰਕਾਰ ਨਾਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਜਾਰੀ ਹੈ।
Kisan Union
ਸੋਸ਼ਲ ਮੀਡੀਆ ਸਮੇਤ ਵੱਖ-ਵੱਖ ਮੰਚਾਂ ’ਤੇ ਪੰਜਾਬੀਆਂ ਦੀ ਸੰਘਰਸ਼ੀ ਚੜ੍ਹਤ ਦੇ ਚਰਚੇ ਹੋ ਰਹੇ ਹਨ। ਖ਼ਾਸ ਕਰ ਕੇ ਦੇਸ਼ ਦੇ ਦੂਜੇ ਹਿੱਸਿਆਂ ਦੇ ਕਿਸਾਨ ਪੰਜਾਬੀਆਂ ਦੀ ਵਾਹ-ਵਾਹੀ ਕਰ ਰਹੇ ਹਨ। ਸ਼ੋਸ਼ਲ ਮੀਡੀਆ ’ਤੇ ਲਗਾਤਾਰ ਵਾਇਰਲ ਹੋ ਰਹੀਆਂ ਵੀਡੀਓਜ਼ ਵਿਚ ਦੂਜੇ ਸੂਬਿਆਂ ਦੇ ਕਿਸਾਨ ਦਾਅਵਾ ਕਰ ਰਹੇ ਹਨ ਕਿ ਪੰਜਾਬੀਆਂ ਨੇ ਸਾਡੀ ਸੁੱਤੀ ਜ਼ਮੀਰ ਜਗ੍ਹਾ ਕੇ ਜ਼ੁਲਮਾਂ ਖਿਲਾਫ਼ ਲੜਨ ਦੀ ਜਾਚ ਸਿਖਾਈ ਹੈ।
Farmers
ਇਸੇ ਤਰ੍ਹਾਂ ਦੇਸ਼ ਭਰ ਦੀਆਂ ਪ੍ਰਸਿੱਧ ਹਸਤੀਆਂ ਵੀ ਪੰਜਾਬੀਆਂ ਦੇ ਸੰਘਰਸ਼ੀ ਜਜ਼ਬੇ ਦਾ ਗੁਣਗਾਣ ਕਰਦੇ ਵਿਖਾਈ ਦੇ ਰਹੀਆਂ ਹਨ। ਸਮਾਜਿਕ ਕਾਰਕੁਨ ਤੇ ਪ੍ਰਸਿੱਧ ਵਕੀਲ ਪ੍ਰਸ਼ਾਂਤ ਭੂਸ਼ਣ ਮੁਤਾਬਕ ਕੇਂਦਰ ਸਰਕਾਰ ਨਾਲ ਮੱਥਾ ਲਾਉਣ ਲਈ ਅੱਜ ਕੋਈ ਵੀ ਸੂਬਾ ਸਰਕਾਰ, ਰਾਜਨੀਤਕ ਆਗੂ ਜਾਂ ਸਮਾਜਿਕ ਕਾਰਕੁਨ ਸੌ ਵਾਰ ਸੋਚਦੇ ਹਨ ਪਰ ਗੁਰੂ ਨਾਨਕ ਦੀ ਸਿੱਖਿਆ ’ਤੇ ਚੱਲ ਕੇ ਕਿਸਾਨਾਂ ਨੇ ਇਹ ਕਾਰਜ ਕਰ ਵਿਖਾਇਆ ਹੈ ਜੋ ਅਪਣੇ ਆਪ ਵਿਚ ਇਕ ਮਿਸਾਲ ਹੈ।
Farmers Protest
ਪੰਜਾਬੀ ਕਿਸਾਨਾਂ ਦੇ ਹੌਂਸਲੇ ਤੋਂ ਸੇਧ ਲੈਂਦਿਆਂ ਦੇਸ਼ ਭਰ ਦੀਆਂ ਸੰਘਰਸ਼ ਧਿਰਾਂ ਨੇ ਵੀ ਦਿੱਲੀ ਵੱਲ ਵਹੀਰਾ ਘੱਤ ਲਈਆਂ ਹਨ। ਹਰਿਆਣਾ ਦੀਆਂ ਖਾਪ ਪੰਚਾਇਤਾਂ ਸਮੇਤ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਨੇ ਵੀ ਦਿੱਲੀ ਵੱਲ ਕੂਚ ਦਾ ਐਲਾਨ ਕਰ ਦਿਤਾ ਹੈ। ਇੰਨਾ ਹੀ ਨਹੀਂ, ਭਾਜਪਾ ਨੂੰ ਵੱਡੇ ਸਿਆਸੀ ਝਟਕੇ ਲੱਗਣ ਦੀ ਸ਼ੁਰੂਆਤ ਵੀ ਹੋ ਚੁਕੀ ਹੈ। ਕਈ ਭਾਜਪਾ ਆਗੂ ਅਤੇ ਐਨ.ਡੀ.ਏ. ਦੇ ਭਾਈਵਾਲ ਕੇਂਦਰ ਤੋਂ ਪਾਸਾ ਵੱਟਣ ਲੱਗ ਪਏ ਹਨ। 24 ਸਾਲ ਪੁਰਾਣੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਹਰਿਆਣਾ ਦੀ ਰਾਸ਼ਟਰੀ ਲੋਕਤਾਂਤਰਿਕ ਪਾਰਟੀ ਨੇ ਵੀ ਐਨ.ਡੀ.ਏ. ਨਾਲੋਂ ਨਾਤਾ ਤੋੜਣ ਦੀ ਧਮਕੀ ਦਿਤੀ ਹੈ।
BJP leader resigned
ਪੰਜਾਬ ਵਿਚ ਕਿਸਾਨ ਜਥੇਬੰਦੀਆਂ ਦੇ ਦਬਾਅ ਕਾਰਨ ਭਾਜਪਾ ਆਗੂ ਪਵਨ ਗੋਇਲ ਬੰਟੀ ਨੇ ਵੀ ਪਾਰਟੀ ’ਚੋਂ ਅਸਤੀਫ਼ਾ ਦੇ ਦਿਤਾ ਹੈ। ਇਸ ਤੋਂ ਇਲਾਵਾ ਪੰਜਾਬ ਦੇ ਪੇਂਡੂ ਖੇਤਰਾਂ ਨਾਲ ਸਬੰਧਤ ਕਈ ਭਾਜਪਾ ਆਗੂ ਪਹਿਲਾਂ ਹੀ ਪਾਰਟੀ ਤੋਂ ਕਿਨਾਰਾ ਕਰ ਚੁੱਕੇ ਹਨ ਅਤੇ ਕਈ ਬਾਹਰ ਜਾਣ ਦੀ ਤਿਆਰੀ ਵਿਚ ਹਨ। ਦੇਸ਼ ਦੀ ਸਰਬ-ਉਚ ਅਦਾਲਤ ਸੁਪਰੀਮ ਕੋਰਟ ਦੇ ਵਕੀਲਾਂ ਨੇ ਵੀ ਬੀਤੇ ਕੱਲ੍ਹ ਕਿਸਾਨਾਂ ਦੀ ਹਮਾਇਤ ਦਾ ਐਲਾਨ ਕੀਤਾ ਸੀ। ਇਸੇ ਤਰ੍ਹਾਂ ਵੱਡੇ ਖਿਡਾਰੀਆਂ ਵਲੋਂ ਵੀ ਕਿਸਾਨੀ ਦੇ ਹੱਕ ’ਚ ਖੜ੍ਹਦਿਆਂ ਆਪਣੇ ਅਰਜੁਨ ਐਵਾਰਡ, ਪਦਮਸ੍ਰੀ ਤੇ ਦਰੋਣਾਚਾਰੀਆ ਸਮੇਤ ਕੇਂਦਰ ਸਰਕਾਰ ਵਲੋਂ ਦਿਤੇ ਸਨਮਾਨ 5 ਦਸੰਬਰ ਨੂੰ ਵਾਪਸ ਕਰਨ ਦਾ ਐਲਾਨ ਕਰ ਦਿਤਾ ਹੈ।
Bar Council Delhi
ਇੱਥੋਂ ਤਕ ਕਿ ਖੁਦ ਭਾਜਪਾ ਦਾ ਰਾਸ਼ਟਰੀ ਸਵੈਮ ਸੰਘ (ਆਰ.ਐਸ.ਐਸ.) ਨਾਲ ਜੁੜਿਆ ਭਾਰਤੀ ਕਿਸਾਨ ਸੰਘ ਵੀ ਕੇਂਦਰ ਸਰਕਾਰ ਦਾ ਖਿਲਾਫ਼ ਉਠ ਖੜ੍ਹਾ ਹੋਇਆ ਹੈ। ਭਾਰਤੀ ਕਿਸਾਨ ਸੰਘ ਦੇ ਆਗੂ ਬਦਰੀਨਰਾਇਣ ਚੌਧਰੀ ਨੇ ਪ੍ਰਧਾਨ ਮੰਤਰੀ ਮੋਦੀ ’ਤੇ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਦੇਸ਼ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ ਹੈ। ਕਿਸਾਨੀ ਘੋਲ ਦਾ ਦਾਇਰਾ ਦਿਨੋਂ ਦਿਨ ਮੋਕਲਾ ਹੁੰਦਾ ਜਾ ਰਿਹਾ ਹੈ, ਜਿਸ ਤੋਂ ਬਾਅਦ ਹਕੂਮਤੀ ਜ਼ਬਰ ਦੇ ਛੇਤੀ ਠੱਲ੍ਹਣ ਦੇ ਅਸਾਰ ਬਣਨ ਲੱਗੇ ਹਨ।