
ਪੰਜਾਬ ਦੇ ਇਲੈਕਟ੍ਰਾਨਿਕਸ ਇੰਜੀਨੀਅਰ ਅਤੇ ਮੋਹਾਲੀ ਦੇ ਰਹਿਣ ਵਾਲੇ ਇੰਦਰ ਬਰਾੜ ਨੇ ਕੈਨੇਡਾ ਵਿਚ ਇਕ ਸਟਾਰਟਅੱਪ ਦੀ ਸ਼ੁਰੂਆਤ ਕੀਤੀ ਹੈ
ਮੋਹਾਲੀ: ਪੰਜਾਬ ਦੇ ਇਲੈਕਟ੍ਰਾਨਿਕਸ ਇੰਜੀਨੀਅਰ ਅਤੇ ਮੋਹਾਲੀ ਦੇ ਰਹਿਣ ਵਾਲੇ ਇੰਦਰ ਬਰਾੜ ਨੇ ਕੈਨੇਡਾ ਵਿਚ ਇਕ ਸਟਾਰਟਅੱਪ ਦੀ ਸ਼ੁਰੂਆਤ ਕੀਤੀ ਹੈ, ਜਿਸ ਨੂੰ ਬਰਾੜਸਾਫਟ ਦੇ ਨਾਂਅ ਨਾਲ ਜਾਣਿਆ ਜਾਵੇਗਾ। ਇਹ ਟੈੱਕ ਸਟਾਰਟਅੱਪ ਜਲਵਾਯੂ ਸਥਿਰਤਾ ਅਤੇ ਇਲੈਕਟ੍ਰੀਕਲ ਗਤੀਸ਼ੀਲਤਾ ਸੈਕਟਰ, ਊਰਜਾ ਡੋਮੇਨ ਦੇ ਆਲੇ ਦੁਆਲੇ ਸਾਫਟਵੇਅਰ ਉਤਪਾਦਾਂ ਅਤੇ ਤਕਨਾਲੋਜੀਆਂ ਦਾ ਨਿਰਮਾਣ ਕਰੇਗਾ।
ਜਲਵਾਯੂ ਤਕਨੀਕੀ ਸਥਿਰਤਾ ਵਿਚ ਕਦਮ ਰੱਖਣ ਵਾਲੀ ਕਿਸੇ ਭਾਰਤੀ ਦੀ ਇਹ ਪਹਿਲੀ ਕੰਪਨੀ ਹੋਵੇਗੀ। ਬਰਾੜਸਾਫਟ ਦਾ ਉਦੇਸ਼ ਸੂਬੇ ਦੇ ਉਹਨਾਂ ਨੌਜਵਾਨ ਇੰਜੀਨੀਅਰਾਂ ਲਈ ਰੁਜ਼ਗਾਰ ਪੈਦਾ ਕਰਨਾ ਹੈ, ਜੋ ਇਸ ਖੇਤਰ ਵਿਚ ਕੰਮ ਕਰਨ ਦੇ ਇੱਛੁਕ ਹਨ। ਸਟਾਰਟਅੱਪ ਲਾਂਚ ਮੌਕੇ ਬੋਲਦਿਆਂ ਸੰਸਥਾਪਕ ਅਤੇ ਸੀਈਓ ਇੰਦਰ ਬਰਾੜ ਨੇ ਕਿਹਾ ਕਿ ਲੋਕਾਂ ਵੱਲੋਂ ਦਿੱਤੇ ਗਏ ਪਿਆਰ ਤੋਂ ਮੈਂ ਬਹੁਤ ਪ੍ਰਭਾਵਿਤ ਹਾਂ।
ਮੇਰਾ ਪਾਲਣ-ਪੋਸ਼ਣ ਪੰਜਾਬ ਵਿਚ ਹੋਇਆ ਹੈ ਅਤੇ ਹੁਣ ਮੇਰੇ ਭਾਈਚਾਰੇ ਅਤੇ ਲੋਕਾਂ ਦਾ ਮੁੱਲ਼ ਮੋੜਨ ਦਾ ਸਮਾਂ ਆ ਗਿਆ ਹੈ, ਬਰਾੜਸਾਫਟ ਰਾਹੀਂ ਅਸੀਂ ਉਹਨਾਂ ਸੈਂਕੜੇ ਇੰਜਨੀਅਰਾਂ ਤੱਕ ਪਹੁੰਚ ਕਰਾਂਗੇ ਜਿਨ੍ਹਾਂ ਵਿਚ ਸਾਫਟਵੇਅਰ, ਤਕਨਾਲੋਜੀ ਅਤੇ ਜਲਵਾਯੂ ਪਰਿਵਰਤਨ ਪ੍ਰਤੀ ਜਨੂੰਨ ਹੋਵੇ। ਉਹਨਾਂ ਅੱਗੇ ਕਿਹਾ ਕਿ ਅਸੀਂ ਇਲੈਕਟ੍ਰੀਕਲ ਵਹੀਕਲਜ਼ ਚਾਰਜਿੰਗ ਬੁਨਿਆਦੀ ਢਾਂਚੇ ਵਿਚ ਕੁਝ ਅਤਿ ਆਧੁਨਿਕ ਤਕਨਾਲੋਜੀਆਂ ਅਤੇ ਸਾਫਟਵੇਅਰ ਕੰਪੋਨੈਂਟ ਦੇ ਨਿਰਮਾਣ ’ਤੇ ਕੰਮ ਕਰ ਰਹੇ ਹਾਂ। ਇੰਦਰ ਬਰਾੜ ਨੇ ਸਮਰਥਨ ਦੇਣ ਲਈ ਸਾਰੇ ਲੋਕਾਂ ਦਾ ਧੰਨਵਾਦ ਵੀ ਕੀਤਾ।