
ਮੁੱਖ ਮੰਤਰੀ ਵਲੋਂ ਲੋਕਾਂ ਨੂੰ ਨਵੇਂ ਵਰ੍ਹੇ ਦੀ ਵਧਾਈ
ਚੰਡੀਗੜ੍ਹ, 1 ਜਨਵਰੀ (ਸਪੋਕਸਮੈਨ ਸਮਾਚਾਰ ਸੇਵਾ) :Êਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਹੇ ਕਿਸਾਨਾਂ ਦੇ ਮਸਲਿਆਂ ਦੇ ਛੇਤੀ ਹੱਲ ਦੀ ਉਮੀਦ ਤੇ ਕਾਮਨਾ ਕਰਦੇ ਹੋਏ ਲੋਕਾਂ ਨੂੰ ਨਵੇਂ ਵਰ੍ਹੇ ਦੀ ਵਧਾਈ ਦਿਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੂਬੇ ਦੀ ਤਰੱਕੀ ਅਤੇ ਸਾਡੇ ਬੱਚਿਆਂ ਲਈ ਰੋਜ਼ਗਾਰ ਦੇ ਮੌਕੇ ਸਿਰਜਣ ਲਈ ਉਦਯੋਗ ਅਤੇ ਸੰਚਾਰ ਦੀ ਮਹੱਤਤਾ ਨੂੰ ਵੀ ਦਰਸਾਇਆ।
ਮਹਾਂਮਾਰੀ ਤੋਂ ਮੁਕਤੀ ਮਿਲਣ ਦੀ ਆਸ ਕਰਦੇ ਹੋਏ ਮੁੱਖ ਮੰਤਰੀ ਨੇ ਸਮੂਹ ਪੰਜਾਬੀਆਂ ਨੂੰ ਦੁਨੀਆਂ ਦੇ ਕੁਝ ਹਿੱਸਿਆਂ ਵਿੱਚ ਕੋਵਿਡ ਦੇ ਨਵੇਂ ਰੂਪ ’ਚ ਸਾਹਮਣੇ ਆਉਣ ਦੇ ਮੱਦੇਨਜ਼ਰ ਸਾਵਧਾਨੀ ਅਤੇ ਸੰਜਮ ਵਰਤਦੇ ਰਹਿਣ ਦੀ ਅਪੀਲ ਕੀਤੀ ਹੈ।
ਕਿਸਾਨਾਂ ਨੂੰ ਜਮਹੂਰੀ ਅਤੇ ਸੰਵਿਧਾਨਕ ਹੱਕ ਦੀ ਵਰਤੋਂ ਕਰਦੇ ਹੋਏ ਸੰਘਰਸ਼ ਨੂੰ ਸ਼ਾਂਤਮਈ ਢੰਗ ਨਾਲ ਜਾਰੀ ਰੱਖਣ ਲਈ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਅਪਣੇ ਇਸ ਸਲੀਕੇ ਨਾਲ ਦੁਨੀਆ ਭਰ ਦੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਉਨ੍ਹਾਂ ਦਸਿਆ ਕਿ ਪਹਿਲਾਂ ਪੰਜਾਬ ਵਿਚ ਅਤੇ ਹੁਣ ਦਿੱਲੀ ਦੀਆਂ ਸਰਹੱਦਾਂ ਉਤੇ ਕਿਸਾਨਾਂ ਦੇ ਸੰਘਰਸ਼ ਦੌਰਾਨ ਦੰਗੇ ਜਾਂ ਹਿੰਸਾ ਦੀ ਇਕ ਵੀ ਘਟਨਾ ਨਹੀਂ ਵਾਪਰੀ। ਲਾਈਵ ਸੰਦੇਸ਼ ਰਾਹੀਂ ਮੁੱਖ ਮੰਤਰੀ ਨੇ ਪੰਜਾਬੀਆਂ ਦੀ ਬਹਾਦਰੀ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਨਾ ਸਿਰਫ ਮਹਾਂਮਾਰੀ ਦਾ ਮੁਕਾਬਲਾ ਡਟ ਕੇ ਕੀਤਾ ਸਗੋਂ ਇਸ ਸਾਲ ਦੌਰਾਨ ਵੱਖ-ਵੱਖ ਸਮੱਸਿਆਵਾਂ ਦੇ ਬਾਵਜੂਦ ਖੇਤੀਬਾੜੀ, ਉਦਯੋਗ ਅਤੇ ਵਪਾਰਕ ਖੇਤਰ ਵਿੱਚ ਸ਼ਾਨਦਾਰੀ ਕਾਰਗੁਜ਼ਾਰੀ ਦਿਖਾਉਣ ਦੇ ਸਫ਼ਰ ਨੂੰ ਬਾ-ਦਸਤੂਰ ਜਾਰੀ ਰਖਿਆ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਾਕਟਰਾਂ, ਨਰਸਾਂ, ਪੈਰਾ-ਮੈਡੀਕਲ ਸਟਾਫ਼, ਪੁਲਿਸ ਆਦਿ ਸਮੇਤ ਮੋਹਰਲੀ ਕਤਾਰ ਦੇ ਸਾਰੇ ਵਰਕਰਾਂ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਜਿਨ੍ਹਾਂ ਨੇ ਮਹਾਂਮਾਰੀ ਦੌਰਾਨ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਲਈ ਦਿਨ-ਰਾਤ ਇਕ ਕਰਦੇ ਹੋਏ ਬਹਾਦਰੀ ਨਾਲ ਲੜਾਈ ਲੜੀ ਹਾਲਾਂਕਿ ਉਨ੍ਹਾਂ ਨੇ ਸੁਚੇਤ ਕਰਦਿਆਂ ਕਿਹਾ ਕਿ ਕੋਵਿਡ ਅਜੇ ਖ਼ਤਮ ਨਹੀਂ ਹੋਇਆ ਅਤੇ ਲੋਕਾਂ ਨੂੰ ਅਪਣਾ ਅਤੇ ਪਰਵਾਰਾਂ ਦਾ ਖਿਆਲ ਰੱਖਣਾ ਚਾਹੀਦਾ ਹੈ।