
ਸਿੰਘੂ ਸਰਹੱਦ ਉਤੇ ਗੋਦੀ ਮੀਡੀਆ ਬਾਰੇ ਲੋਕਾਂ ਨੂੰ ਸੁਚੇਤ ਕਰ ਰਿਹੈ ਨੌਜਵਾਨ ਦਰਸ਼ਨ ਸਿੰਘ
ਨਵੀਂ ਦਿੱਲੀ: 1 ਜਨਵਰੀ (ਅਮਨਦੀਪ ਸਿੰਘ): ਖੇਤੀਬਾੜੀ ਮਾਰੂ ਕਾਨੂੰਨਾਂ ਬਾਰੇ ਬਹੁਗਿਣਤੀ ਨੂੰ ਕਿਸਾਨਾਂ ਵਿਰੁਧ ਭੜਕਾਉਣ ਦੇ ਦੋਸ਼ਾਂ ਕਰ ਕੇ, ਮੁਖ ਧਾਰਾਈ ਮੀਡੀਆ ਚੈੱਨਲ ਕਿਸਾਨ ਮੋਰਚੇ ਵਿਚ ਸ਼ਾਮਲ ਹੋਣ ਵਾਲਿਆਂ ਦੇ ਨਿਸ਼ਾਨੇ ਉਤੇ ਹਨ।
ਅੱਜ ਸਿੰਘੂ ਬਾਰਡਰ ਦੇ ਕਿਸਾਨ ਮੋਰਚੇ ਦੀ ਮੁਖ ਸਟੇਜ਼ ਨੇੜੇ ਹੀ ਪਿੰਡ ਸ਼ਰੀਫ਼ ਗੜ੍ਹ, ਜ਼ਿਲ੍ਹਾ ਕੁਰੁਕਸ਼ੇਤਰ, ਸ਼ਾਹਬਾਦ ਮਾਰਕੰਡਾ ਤੋਂ ਪੁੁੱਜੇ 30 ਸਾਲਾ ਨੌਜਵਾਨ ਦਰਸ਼ਨ ਸਿੰਘ ਗੋਦੀ ਮੀਡੀਆ ਦੀ ਕਾਰਗੁਜ਼ਾਰੀ ਤੋਂ ਐਨਾ ਦੁਖੀ ਸੀ ਕਿ ਉਹ ਇਨ੍ਹਾਂ ਚੈੱਨਲਾਂ ਦੇ ਐਂਕਰਾਂ/ਪੱਤਰਕਾਰਾਂ ਦੀਆਂ ਫ਼ੋਟੋਆਂ ਵਾਲਾ ਪੋਸਟਰ ਆਪਣੇ ਹੱਥਾਂ ਵਿਚ ਲੈ ਕੇ ਵਿਰੋਧ ਕਰਦਾ ਨਜ਼ਰ ਆਇਆ। ‘ਸਪੋਕਸਮੈਨ’ ਵਲੋਂ ਪੁੱਛਣ ਉਤੇ ਨੌਜਵਾਨ ਦਰਸ਼ਨ ਸਿੰਘ ਨੇ ਕਿਹਾ, ਮੀਡੀਆ ਹੁਣ ਲੋਕਤੰਤਰ ਦਾ ਚੌਥਾ ਥੰਮ੍ਹ ਨਹੀਂ ਰਹਿ ਗਿਆ, ਬਲਕਿ ਸਰਕਾਰੀ ਏਜੰਡੇ ਅਧੀਨ ਕਿਸਾਨਾਂ ਨੂੰ ਨਿਸ਼ਾਨਾ ਬਣਾ ਕੇ, ਕਿਸਾਨੀ ਲਹਿਰ ਦਾ ਗ਼ਲਤ ਅਕਸ ਪੇਸ਼ ਕਰ ਰਿਹਾ ਹੈ ਜਿਸ ਕਰ ਕੇ ਉਹ ਵਿਰੋਧ ਕਰ ਰਿਹਾ ਹੈ।
ਪਿੰਡ ਵਿਚ ਗ੍ਰੰਥੀ ਸਿੰਘ ਦੀ ਸੇਵਾ ਨਿਭਾਉਣ ਵਾਲੇ ਦਰਸ਼ਨ ਸਿੰਘ ਦਾ ਕਹਿਣਾ ਸੀ, “ਗੋਦੀ ਮੀਡੀਆ ਵਲੋਂ ਸਾਨੂੰ ਕਿਸਾਨਾਂ ਨੂੰ ਅਤਿਵਾਦੀ ਆਖ ਕੇ ਭੰਡਿਆ ਜਾ ਰਿਹਾ ਹੈ, ਇਹ ਜ਼ਮੀਰ ਦੀ ਗੱਲ ਨਹੀਂ ਕਰ ਰਿਹਾ, ਬਲਕਿ ਸਰਕਾਰੀ ਗੁਲਾਮ ਬਣ ਕੇ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ। ਇਸ ਲਈ ਹੁਣ ਇਸ ਦੀ ਅਸਲੀਅਤ ਬਾਰੇ ਸਾਰਿਆਂ ਨੂੰ ਜਾਗਰੂਕ ਕਰਨ ਲਈ ਮੈਂ ਇਨ੍ਹਾਂ ਦਾ ਵਿਰੋਧ ਕਰ ਰਿਹਾ ਹਾਂ।’’
ਫ਼ੋਟੋ ਕੈਪਸ਼ਨ:- ਸਿੰਘੂ ਬਾਰਡਰ ‘ਤੇ ਗੋਦੀ ਮੀਡੀਆ ਦਾ ਵਿਰੋਧ ਕਰਦਾ ਹੋਇਆ ਨੌਜਵਾਨ ਦਰਸ਼ਨ ਸਿੰਘ ।
nੋਟ: ਖ਼ਬਰ ਨਾਲ ਦਿੱਲੀ^ ਅਮਨਦੀਪ^ 1 ਜਨਵਰੀ^ ਫ਼ੋਟੋ ਫ਼ਾਈਲ ਨੰਬਰ 01 ਨੱਥੀ ਹੈ।