ਇਕੱਲੇ ਬਰਨਾਲਾ ਜ਼ਿਲ੍ਹੇ ਵਿੱਚ ਵਿਦੇਸ਼ ਜਾਣ ਨਾਲ ਸਬੰਧਤ ਕੁੱਲ 199 ਲਾਇਸੈਂਸ ਹੋਏ ਜਾਰੀ
ਮੋਹਾਲੀ : ਪੰਜਾਬ ਵਿਚੋਂ ਵੱਡੀ ਗਿਣਤੀ ਵਿਚ ਪੜ੍ਹੇ ਲਿਖੇ ਨੌਜਵਾਨ ਵਿਦੇਸ਼ਾਂ ਵਿਚ ਜਾਣ ਨੂੰ ਤਰਜੀਹ ਦੇ ਰਹੇ ਹਨ ਜਿਸ ਦਾ ਫ਼ਾਇਦਾ ਜ਼ਿਲ੍ਹੇ ਵਿੱਚ ਖੁੱਲ੍ਹੇ ਵੱਡੀ ਗਿਣਤੀ ਗ਼ੈਰ-ਮਨਜ਼ੂਰਸ਼ੁਦਾ ਆਇਲਸ ਸੈਂਟਰ ਉਠਾ ਰਹੇ ਹਨ। ਪੰਜਾਬੀਆਂ ਦਾ ਵਿਦੇਸ਼ ਪ੍ਰਤੀ ਮੋਹ ਇੰਨਾ ਵੱਧ ਗਿਆ ਹੈ ਕਿ ਜ਼ਿਲ੍ਹਾ ਹੈੱਡਕੁਆਰਟਰ ਦੇ ਨਾਲ-ਨਾਲ ਛੋਟੇ-ਛੋਟੇ ਕਸਬਿਆਂ ਅਤੇ ਇੱਥੋਂ ਤਕ ਕਿ ਪਿੰਡਾਂ ਦੀਆਂ ਗਲੀਆਂ ਵਿਚ ਵੀ ਆਇਲਸ ਸੈਂਟਰ ਖੁੱਲ੍ਹ ਗਏ ਹਨ।
ਭਾਵੇਂ ਕਿ ਇਹ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਦੇ ਨਾਮ 'ਤੇ ਖੋਲ੍ਹੇ ਗਏ ਹਨ ਪਰ ਬਗੈਰ ਸਰਕਾਰੀ ਮਨਜ਼ੂਰੀ ਦੇ ਚੱਲ ਰਹੀਆਂ ਇਹ ‘ਦੁਕਾਨਾਂ’ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਬੁਨਿਆਦੀ ਢਾਂਚੇ ਤੋਂ ਸੱਖਣੇ ਇਨ੍ਹਾਂ ਸੈਂਟਰਾਂ ਵਿਚੋਂ ਕਈ ਮਹਿਜ਼ ਵਿਦੇਸ਼ ਦੀ ਚਮਕ-ਦਮਕ ਵਿਖਾ ਕੇ ਨੌਜਵਾਨਾਂ ਤੋਂ ਹਜ਼ਾਰਾਂ ਰੁਪਏ ਲੈ ਲੈਂਦੇ ਹਨ। ਦੂਜੇ ਪਾਸੇ ਇਹ ਸੈਂਟਰ ਪਿੰਡ ਦੀਆਂ ਕੁੜੀਆਂ ਲਈ ਵਰਦਾਨ ਸਾਬਤ ਹੋ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਪੜ੍ਹਾਈ ਲਈ ਪਿੰਡ ਤੋਂ ਬਾਹਰ ਨਹੀਂ ਜਾਣਾ ਪੈਂਦਾ।
ਇੱਕ ਅਨੁਮਾਨ ਅਨੁਸਾਰ ਮੌਜੂਦਾ ਦੌਰ ਵਿੱਚ 12ਵੀਂ ਪਾਸ ਕਰਨ ਵਾਲੇ 70 ਤੋਂ 80 ਫ਼ੀਸਦੀ ਨੌਜਵਾਨ ਆਇਲਸ ਕਰ ਕੇ ਵਿਦੇਸ਼ ਜਾ ਰਹੇ ਹਨ। ਇਸੇ ਕਾਰਨ ਪ੍ਰਸ਼ਾਸਨ ਦੀ ਨਜ਼ਰ ਤੋਂ ਓਹਲੇ ਇਹ ਆਇਲਸ ਸੈਂਟਰ ਟਿਊਸ਼ਨ ਸੈਂਟਰਾਂ ਵਾਂਗ ਹੁਣ ਘਰਾਂ ਵਿੱਚ ਹੀ ਚਲਾ ਕੇ ਜਿੱਥੇ ਟੈਕਸ ਚੋਰੀ ਕੀਤੀ ਜਾ ਰਹੀ ਹੈ, ਉੱਥੇ ਲੋੋੜੀਂਦੇ ਨਿਯਮਾਂ ਦਾ ਪਾਲਣ ਵੀ ਨਹੀਂ ਕੀਤਾ ਜਾ ਰਿਹਾ। ਇਸ ਤੋਂ ਇਲਾਵਾ ਇਨ੍ਹਾਂ ਗ਼ੈਰ-ਮਨਜ਼ੂਰਸ਼ੁਦਾ ਸੈਂਟਰਾਂ ਤੋਂ ਪਿੰਡਾਂ ਦੇ ਲੋਕ ਵਿਦੇਸ਼ ਜਾਣ ਵਾਲੀਆਂ ਫ਼ਾਈਲਾਂ ਲਗਵਾ ਕੇ ਠੱਗੀ ਦਾ ਸ਼ਿਕਾਰ ਵੀ ਹੋ ਜਾਂਦੇ ਹਨ।
ਇਸ ਬਾਰੇ ਬਰਨਾਲਾ ਜ਼ਿਲ੍ਹਾ ਪ੍ਰਸ਼ਾਸਨ ਦੇ 15 ਨਵੰਬਰ 2022 ਤੱਕ ਦੇ ਅੰਕੜੇ ਸਾਂਝੇ ਕੀਤੇ ਹਨ ਜਿਸ ਤਹਿਤ ਜ਼ਿਲ੍ਹੇ ਵਿੱਚ ਵਿਦੇਸ਼ ਜਾਣ ਨਾਲ ਸਬੰਧਤ ਕੁੱਲ 199 ਲਾਇਸੈਂਸ ਜਾਰੀ ਕੀਤੇ ਗਏ ਹਨ। ਇਨ੍ਹਾਂ ਵਿੱਚ ਟਰੈਵਲ, ਟਿਕਟ, ਵਿਦੇਸ਼ ਜਾਣ ਲਈ ਸਲਾਹ ਦੇਣ ਅਤੇ ਆਇਲਸ ਕਰਵਾਉਣ ਲਈ ਲਾਇਸੈਂਸ ਸ਼ਾਮਲ ਹਨ। ਇਨ੍ਹਾਂ ਵਿੱਚੋਂ ਇਕੱਲੇ ਆਇਲਸ ਸੈਂਟਰਾਂ ਦੇ 71 ਲਾਇਸੈਂਸ ਜਾਰੀ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਇੱਥੇ ਛੇ ਸੈਂਟਰ ਹੋਰਨਾਂ ਜ਼ਿਲ੍ਹਿਆਂ ਤੋਂ ਮਨਜ਼ੂਰੀ ਲੈ ਕੇ ਆਪਣੀ ਸ਼ਾਖਾ ਬਰਨਾਲਾ ਵਿੱਚ ਚਲਾ ਰਹੇ ਹਨ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਦੇਸ਼ੀ ਟਿਕਟਾਂ ਜਾਰੀ ਕਰਨ ਲਈ 41, ਟਰੈਵਲ ਏਜੰਟਾਂ ਦੇ 35 ਅਤੇ ਵਿਦੇਸ਼ ਜਾਣ ਸਬੰਧੀ ਸਲਾਹਕਾਰ ਏਜੰਟਾਂ ਦੇ 57 ਲਾਇਸੈਂਸ ਜਾਰੀ ਕੀਤੇ ਗਏ ਹਨ। ਇਨ੍ਹਾਂ ਵਿੱਚ ਕਈ ਜਣਿਆਂ ਕੋਲ ਆਇਲਸ, ਟਰੈਵਲ ਅਤੇ ਸਲਾਹ ਦੇਣ ਦੇ ਤਿੰਨ ਲਾਇਸੈਂਸ ਵੀ ਹਨ। ਇੱਥੋਂ ਤਕ ਕਿ ਕਈ ਨਾਮਵਰ ਸਿੱਖਿਆ ਸੰਸਥਾਵਾਂ ਵੀ ਅਸਿੱਧੇ ਤੌਰ ’ਤੇ ਗ਼ੈਰ-ਮਨਜ਼ੂਰਸ਼ੁਦਾ ਸੈਂਟਰ ਚਲਾ ਰਹੀਆਂ ਹਨ।
ਇਸ ਬਾਰੇ ਗੱਲ ਕਰਦਿਆਂ ਬਰਨਾਲਾ ਦੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਕਿਹਾ ਕਿ ਜ਼ਿਲ੍ਹੇ ਵਿਚ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਇਨ੍ਹਾਂ ਆਇਲਸ ਸੈਂਟਰਾਂ ਦੀ ਚੈਕਿੰਗ ਕਰਵਾਈ ਜਾਵੇਗੀ ਅਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।