
ਚਾਚੇ ਦੀ ਮੌਤ ਦੇ ਮੱਦੇਨਜ਼ਰ ਪੰਜਾਬ ਪੁਲਿਸ ਤੋਂ 6 ਦਿਨਾਂ ਦੀ ਪੈਰੋਲ ਮਿਲੀ
ਚੰਡੀਗੜ੍ਹ : ਪੰਜਾਬ ਪੁਲਿਸ ਨੇ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਾਥੀ ਕੁਲਵੰਤ ਸਿੰਘ ਰਾਊਕੇ ਨੂੰ ਉਸ ਦੇ ਚਾਚੇ ਦੀ ਮੌਤ ਦੇ ਮੱਦੇਨਜ਼ਰ ਛੇ ਦਿਨਾਂ ਦੀ ਪੈਰੋਲ ਦਿਤੀ ਹੈ। ਡੀ.ਐਸ.ਪੀ. (ਮੋਗਾ ਦੇ ਨਿਹਾਲ ਸਿੰਘ ਵਾਲਾ ਸਬ-ਡਵੀਜ਼ਨ) ਮਨਜੀਤ ਸਿੰਘ ਨੇ ਦਸਿਆ ਕਿ ਰਾਊਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਮੋਗਾ ’ਚ ਅਪਣੇ ਪਿੰਡ ਜਾ ਰਿਹਾ ਹੈ।
ਅੰਮ੍ਰਿਤਪਾਲ ਸਿੰਘ ਅਤੇ ਵਾਰਿਸ ਪੰਜਾਬ ਦੇ 9 ਹੋਰ ਮੈਂਬਰਾਂ ਨੂੰ ਮਾਰਚ 2023 ਵਿਚ ਸੰਗਠਨ ’ਤੇ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਡਿਬਰੂਗੜ੍ਹ ਜੇਲ੍ਹ ਵਿਚ ਰਖਿਆ ਗਿਆ ਹੈ। ਰਾਊਕੇ ਕਿਸੇ ਵੀ ਮਕਸਦ ਲਈ ਜੇਲ੍ਹ ਤੋਂ ਬਾਹਰ ਆਉਣ ਵਾਲਾ ਪਹਿਲਾ ਵਿਅਕਤੀ ਹੈ। ਦਲਜੀਤ ਸਿੰਘ ਕਲਸੀ, ਪਪਲਪ੍ਰੀਤ ਸਿੰਘ, ਵਰਿੰਦਰ ਸਿੰਘ ਜੌਹਲ, ਗੁਰਮੀਤ ਸਿੰਘ ਬੁੱਕਣਵਾਲਾ, ਹਰਜੀਤ ਸਿੰਘ, ਭਗਵੰਤ ਸਿੰਘ, ਬਸੰਤ ਸਿੰਘ ਅਤੇ ਗੁਰਿੰਦਰਪਾਲ ਸਿੰਘ ਔਜਲਾ ਹੁਣ ਅਸਾਮ ਜੇਲ੍ਹ ’ਚ ਬੰਦ ਸੰਗਠਨ ਦੇ ਹੋਰ ਮੈਂਬਰ ਹਨ।
ਗ੍ਰਿਫਤਾਰੀ ਤੋਂ ਪਹਿਲਾਂ ਰਾਊਕੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ’ਚ ਕਲਰਕ ਸੀ। ਉਸ ਦੇ ਪਿਤਾ ਨੂੰ 1993 ਵਿਚ ਸਿੱਖ ਖਾੜਕੂਵਾਦ ਦੌਰਾਨ ਪੁਲਿਸ ਨੇ ਕਥਿਤ ਤੌਰ ’ਤੇ ਚੁੱਕ ਲਿਆ ਸੀ ਅਤੇ ਉਹ ਕਦੇ ਵਾਪਸ ਨਹੀਂ ਆਏ। ‘ਵਾਰਿਸ ਪੰਜਾਬ ਦੇ’ ਦੇ ਸਰਗਰਮ ਮੈਂਬਰ ਰਾਊਕੇ ਨੂੰ ਅੰਮ੍ਰਿਤਪਾਲ ਸਿੰਘ ਦਾ ਕਰੀਬੀ ਮੰਨਿਆ ਜਾਂਦਾ ਹੈ ਕਿਉਂਕਿ ਉਹ ਸੰਗਠਨ ਦੇ ਸਾਰੇ ਪ੍ਰੋਗਰਾਮਾਂ ’ਚ ਸ਼ਾਮਲ ਹੁੰਦਾ ਸੀ।
23 ਫਰਵਰੀ, 2023 ਨੂੰ ਅੰਮ੍ਰਿਤਪਾਲ ਅਤੇ ਉਸ ਦੇ ਸਮਰਥਕਾਂ ਵਲੋਂ ਅਜਨਾਲਾ ਥਾਣੇ ਕੰਪਲੈਕਸ ’ਚ ਕਥਿਤ ਤੌਰ ’ਤੇ ਦਾਖਲ ਹੋਣ ਤੋਂ ਬਾਅਦ ‘ਵਾਰਿਸ ਪੰਜਾਬ ਦੇ’ ਦੇ ਮੈਂਬਰਾਂ ਵਿਰੁਧ ਰਾਸ਼ਟਰੀ ਸੁਰੱਖਿਆ ਐਕਟ ਤਹਿਤ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਸਨ।