ਗੁਰਬਾਣੀ ਕੀਰਤਨ, ਸ਼ਬਦ-ਕੀਰਤਨ ਅਤੇ ਧਾਰਮਿਕ ਜੈਕਾਰਿਆਂ ਨਾਲ ਸ਼ਹਿਰ ਦਾ ਮਾਹੌਲ ਪੂਰੀ ਤਰ੍ਹਾਂ ਧਾਰਮਿਕ ਰੰਗ ਵਿੱਚ ਰੰਗਿਆ ਗਿਆ
ਸੁਲਤਾਨਪੁਰ ਲੋਧੀ: ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਸ਼ਹਿਰ ਵਿੱਚ ਅੱਜ ਅਲੌਕਿਕ ਨਗਰ ਕੀਰਤਨ ਭਾਰੀ ਸ਼ਰਧਾ ਅਤੇ ਉਤਸਾਹ ਨਾਲ ਸਜਾਇਆ ਗਿਆ। ਨਗਰ ਕੀਰਤਨ ਦੀ ਆਰੰਭਤਾ ਮੁਹੱਲਾ ਸਿੱਖਾਂ ਵਿਖੇ ਸਥਿਤ ਗੁਰਦੁਆਰਾ ਸਿੰਘ ਸਭਾ ਤੋਂ ਕੀਤੀ ਗਈ।
ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਨੇ ਪੂਰੇ ਸ਼ਹਿਰ ਦੀ ਪਰਿਕਰਮਾ ਕੀਤੀ। ਗੁਰਬਾਣੀ ਕੀਰਤਨ, ਸ਼ਬਦ-ਕੀਰਤਨ ਅਤੇ ਧਾਰਮਿਕ ਜੈਕਾਰਿਆਂ ਨਾਲ ਸ਼ਹਿਰ ਦਾ ਮਾਹੌਲ ਪੂਰੀ ਤਰ੍ਹਾਂ ਧਾਰਮਿਕ ਰੰਗ ਵਿੱਚ ਰੰਗਿਆ ਗਿਆ। ਨਗਰ ਕੀਰਤਨ ਵੱਖ-ਵੱਖ ਬਾਜ਼ਾਰਾਂ ਅਤੇ ਮੁੱਖ ਮਾਰਗਾਂ ਤੋਂ ਹੁੰਦਾ ਹੋਇਆ ਅੰਤ ਵਿੱਚ ਮੁੜ ਗੁਰਦੁਆਰਾ ਸਿੰਘ ਸਭਾ ਵਿਖੇ ਪਹੁੰਚ ਕੇ ਸੰਪੰਨ ਹੋਵੇਗਾ।
ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਸ਼ਹਿਰ ਦੇ ਨਿਵਾਸੀਆਂ ਵੱਲੋਂ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ। ਥਾਂ-ਥਾਂ ਲੰਗਰ ਲਗਾਏ ਗਏ, ਜਿੱਥੇ ਸੇਵਾਦਾਰਾਂ ਨੇ ਪੂਰੀ ਸ਼ਰਧਾ ਨਾਲ ਸੇਵਾ ਨਿਭਾਈ।
ਨਗਰ ਕੀਰਤਨ ਦੌਰਾਨ ਪ੍ਰਬੰਧਕਾਂ ਵੱਲੋਂ ਸ਼ਾਂਤੀ, ਅਨੁਸ਼ਾਸਨ ਅਤੇ ਸੁਰੱਖਿਆ ਪ੍ਰਬੰਧਾਂ ਦਾ ਖ਼ਾਸ ਧਿਆਨ ਰੱਖਿਆ ਗਿਆ। ਸੰਗਤਾਂ ਨੇ ਦਸਮੇਸ਼ ਪਿਤਾ ਦੇ ਪ੍ਰਕਾਸ਼ ਗੁਰਪੁਰਬ ਦੀਆਂ ਵਧਾਈਆਂ ਸਾਂਝੀਆਂ ਕਰਦਿਆਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ‘ਤੇ ਚੱਲਣ ਦਾ ਸੰਦੇਸ਼ ਦਿੱਤਾ।
