ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ 'ਚ ਬੋਲੇ SGPC ਪ੍ਰਧਾਨ
ਰਾਏਕੋਟ (ਲੁਧਿਆਣਾ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਰਾਏਕੋਟ ਵਿਖੇ ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਸਾਲਾਨਾ ਜੋੜ ਮੇਲੇ ਦੇ ਅਗਾਜ਼ ਮੌਕੇ ਪੁੱਜੇ। ਇਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਨੂੰ ਸਲਾਹ ਦਿੰਦਿਆਂ ਕਿਹਾ ਕਿ ਐਸਜੀਪੀਸੀ ਨਾਲ ਟਕਰਾਅ ਵਿੱਚ ਕੁਝ ਨਹੀਂ ਨਿਕਲਣਾ।
ਉਨ੍ਹਾਂ ਕਿਹਾ ਕਿ ਇਸ ਨਾਲ ਸਬੰਧਤ 16 ਅਧਿਕਾਰੀ ਪਹਿਲਾਂ ਹੀ ਬਰਖਾਸਤ ਕੀਤੇ ਜਾ ਚੁੱਕੇ ਹਨ। ਇਸ ਦੇ ਨਾਲ ਹੀ ਉਨ੍ਹਾਂ ਸਰਕਾਰ ਦੀ ਦਖਲ ਅੰਦਾਜ਼ੀ ਬਾਰੇ ਕਿਹਾ ਕਿ ਐਸਜੀਪੀਸੀ ਦੇ ਕੰਮਾਂ ਵਿੱਚ ਦਖਲ ਦੇਣ ਵਾਲੀ ਇਹ ਕੋਈ ਪਹਿਲੀ ਸਰਕਾਰ ਨਹੀਂ, ਇਸ ਤੋਂ ਪਹਿਲਾਂ ਵੀ ਪਿਛੋਕੜ ’ਤੇ ਝਾਤ ਮਾਰੀਏ ਤਾਂ ਹੋਰਾਂ ਜਥੇਬੰਦੀਆਂ ਨੇ ਵੀ ਬਹੁਤ ਜ਼ੋਰ ਲਾਇਆ ਸੀ, ਪਰ ਨਤੀਜਾ ਸਾਰਿਆਂ ਸਾਹਮਣੇ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਜਥੇਬੰਦੀ ਆਪਣੇ ਕਾਰਜਾਂ ਲਈ ਪੂਰੀ ਤਰ੍ਹਾਂ ਸਮਰੱਥ ਹੈ। ਇਸ ਲਈ ਸਰਕਾਰ ਨੂੰ ਇਨ੍ਹਾਂ ਗੱਲਾਂ ਨੂੰ ਛੱਡ ਕੇ ਆਪਣੇ ਕੰਮਾਂ ਵੱਲ ਧਿਆਨ ਦੇਣਾ ਚਾਹੀਦਾ ਹੈ।
