
ਬਹਿਬਲ ਕਾਂਡ ਮਾਮਲੇ 'ਚ ਗ੍ਰਿਫ਼ਤਾਰੀ ਦੇ ਡਰੋਂ ਜ਼ਮਾਨਤਾਂ ਲੈਣ ਲਈ ਅਦਾਲਤ ਵਿਚ ਪੁੱਜੇ ਤਿੰਨ ਪੁਲਿਸ ਅਧਿਕਾਰੀਆਂ ਦੀ ਜ਼ਮਾਨਤ ਦੇ ਮੁੱਦੇ 'ਤੇ ਅੱਜ ਲੰਬੀ ਬਹਿਸ ਹੋਈ.....
ਫ਼ਰੀਦਕੋਟ : ਬਹਿਬਲ ਕਾਂਡ ਮਾਮਲੇ 'ਚ ਗ੍ਰਿਫ਼ਤਾਰੀ ਦੇ ਡਰੋਂ ਜ਼ਮਾਨਤਾਂ ਲੈਣ ਲਈ ਅਦਾਲਤ ਵਿਚ ਪੁੱਜੇ ਤਿੰਨ ਪੁਲਿਸ ਅਧਿਕਾਰੀਆਂ ਦੀ ਜ਼ਮਾਨਤ ਦੇ ਮੁੱਦੇ 'ਤੇ ਅੱਜ ਲੰਬੀ ਬਹਿਸ ਹੋਈ। ਦੋਹਾਂ ਧਿਰਾਂ ਦੀ ਬਹਿਸ ਸੁਣਨ ਤੋਂ ਬਾਅਦ ਸੈਸ਼ਨ ਜੱਜ ਹਰਪਾਲ ਸਿੰਘ ਨੇ ਜ਼ਮਾਨਤ ਦੀਆਂ ਅਰਜ਼ੀਆਂ ਦਾ ਫ਼ੈਸਲਾ ਸਨਿਚਰਵਾਰ ਤਕ ਮੁਲਤਵੀ ਕਰ ਦਿਤਾ। ਸਨਿਚਰਵਾਰ ਨੂੰ ਅਦਾਲਤ ਇਨ੍ਹਾਂ ਜ਼ਮਾਨਤ ਅਰਜ਼ੀਆਂ 'ਤੇ ਅਪਣਾ ਫ਼ੈਸਲਾ ਦੇਵੇਗੀ। ਐਸ.ਪੀ. ਬਿਕਰਮਜੀਤ ਸਿੰਘ, ਇੰਸਪੈਕਟਰ ਪ੍ਰਦੀਪ ਸਿੰਘ ਅਤੇ ਬਾਜਾਖਾਨਾ ਦੇ ਸਾਬਕਾ ਐਸ.ਐਚ.ਓ ਅਮਰਜੀਤ ਸਿੰਘ ਕੁਲਾਰ ਨੇ ਸਾਬਕਾ ਐਸ.ਐਸ.ਪੀ. ਚਰਨਜੀਤ ਸ਼ਰਮਾ ਦੀ ਗ੍ਰਿਫ਼ਤਾਰੀ ਤੋਂ ਅਪਣੀਆਂ ਗ੍ਰਿਫ਼ਤਾਰੀਆਂ ਦਾ
ਖਦਸ਼ਾ ਜਾਹਰ ਕੀਤਾ ਸੀ ਅਤੇ ਅਦਾਲਤ ਪਾਸੋਂ ਅਗਾਉਂ ਜ਼ਮਾਨਤ ਮੰਗੀ ਸੀ। ਐਸ.ਪੀ. ਬਿਕਰਮਜੀਤ ਸਿੰਘ ਨੇ ਅੱਜ ਸੈਸ਼ਨ ਕੋਰਟ ਵਿਚ ਅਪਣਾ ਪਾਸਪੋਰਟ ਸਪੁਰਦ ਕਰ ਦਿਤਾ ਅਤੇ ਦਾਅਵਾ ਕੀਤਾ ਕਿ ਉਹ ਜਾਂਚ ਵਿਚ ਸ਼ਾਮਲ ਹੋਣ ਲਈ ਤਿਆਰ ਹੈ ਅਤੇ ਉਹ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਵਿਦੇਸ਼ ਨਹੀਂ ਜਾਵੇਗਾ।ਇਸੇ ਦਰਮਿਆਨ ਪਤਾ ਲੱਗਾ ਹੈ ਕਿ ਵਿਸ਼ੇਸ਼ ਜਾਂਚ ਟੀਮ ਵਲੋਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੂੰ ਗਵਾਹ ਵਜੋਂ ਤਲਬ ਕੀਤਾ ਜਾ ਸਕਦਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਖੇਤਾ ਸਿੰਘ ਨਾਮ ਦੇ ਇਕ ਵਿਅਕਤੀ ਦੀ ਫ਼ੋਟੋ ਅਤੇ ਬਿਆਨ ਵਿਸ਼ੇਸ਼ ਜਾਂਚ ਟੀਮ ਨੂੰ ਮਿਲਿਆ ਹੈ।
ਫ਼ੋਟੋ ਵਿਚ ਖੇਤਾ ਸਿੰਘ ਪੁਲਿਸ ਵਲੋਂ ਚਲਾਈਆਂ ਗੋਲੀਆਂ ਦੇ ਖ਼ਾਲੀ ਖੋਲ ਦਿਖਾ ਰਿਹਾ ਹੈ। ਇਹ ਖੇਤਾ ਸਿੰਘ ਬਹਿਬਲ ਕਾਂਡ ਵੇਲੇ ਲੱਗੇ ਧਰਨੇ ਦਾ ਇੰਚਾਰਜ ਦਸਿਆ ਜਾਂਦਾ ਹੈ। ਜਾਂਚ ਟੀਮ ਸਾਹਮਣੇ ਖੇਤਾ ਸਿੰਘ ਨੇ ਦਸਿਆ ਕਿ ਜਿਹੜੇ ਖੋਲ ਉਸ ਨੂੰ ਮਿਲੇ ਸਨ, ਉਨ੍ਹਾਂ ਵਿਚੋਂ ਇਕ ਖੋਲ ਉਸ ਨੇ ਭਗਵੰਤ ਮਾਨ ਨੂੰ ਉਸ ਸਮੇਂ ਦੇ ਦਿਤਾ ਸੀ। ਜਾਂਚ ਟੀਮ ਦੇ ਮੈਂਬਰ ਸਤਿੰਦਰਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਅਦਾਲਤ ਸਾਹਮਣੇ ਅਪਣਾ ਪੱਖ ਰੱਖਿਆ ਹੈ। ਉਨ੍ਹਾਂ ਕਿਹਾ ਕਿ ਜਾਂਚ ਟੀਮ ਨਿਰਪੱਖ ਤਰੀਕੇ ਨਾਲ ਤੱਥਾਂ ਦੇ ਆਧਾਰ 'ਤੇ ਪੜਤਾਲ ਕਰ ਰਹੀ ਹੈ ਅਤੇ ਸੱਚਾਈ ਸਾਹਮਣੇ ਲਿਆਉਣ ਲਈ ਉਹ ਹਰ ਸਬੰਧਤ ਗਵਾਹਾਂ ਤੇ ਤੱਥਾਂ ਦੀ ਘੋਖ ਕਰ ਰਹੇ ਹਨ।