
ਕੇਂਦਰੀ ਬਜਟ 2019-20 ਨੂੰ ਮੋਦੀ ਸਰਕਾਰ ਦਾ ''ਜੁਮਲਾ ਬਜਟ'' ਕਰਾਰ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਬਜਟ ਨੂੰ ਫ਼ਜ਼ੂਲ ਦਸਿਆ.....
ਚੰਡੀਗੜ੍ਹ : ਕੇਂਦਰੀ ਬਜਟ 2019-20 ਨੂੰ ਮੋਦੀ ਸਰਕਾਰ ਦਾ ''ਜੁਮਲਾ ਬਜਟ'' ਕਰਾਰ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਬਜਟ ਨੂੰ ਫ਼ਜ਼ੂਲ ਦਸਿਆ ਜਿਸ ਵਿਚ ਕਿਸਾਨਾਂ ਅਤੇ ਨੌਜਵਾਨਾਂ ਲਈ ਕੁਝ ਵੀ ਨਹੀਂ ਹੈ ਅਤੇ ਇਸ ਨਾਲ ਆਮ ਲੋਕਾਂ 'ਤੇ ਹੋਰ ਬੋਝ ਪਾਵੇਗਾ। 'ਜੁਮਲਾ ਸਰਕਾਰ' ਦੇ ਬਜਟ 'ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਚੋਣਾਂ 'ਤੇ ਕੇਂਦਰਤ ਬਜਟ ਹੈ ਜਿਸ ਦਾ ਉਦੇਸ਼ ਝੂਠੇ ਵਾਅਦਿਆਂ ਨਾਲ ਲੋਕਾਂ ਨੂੰ ਗੁੰਮਰਾਹ ਕਰਨਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਇਹ ਢਕਵੰਜ ਦੇ ਰੂਪ ਵਿਚ ਲੋਕ ਲਭਾਉਣਾ ਹੈ
ਪਰ ਇਹ ਆਖਰੀ ਮੁਕਾਮ 'ਤੇ ਖੜ੍ਹੀ ਸਰਕਾਰ ਦੇ ਬਜਟ ਦਾ ਇਕ ਨਮੂਨਾ ਹੈ ਜਿਸ ਵਿਚ ਭਾਰਤ ਦੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਗਏ ਹਨ। ਸੀਮਾਂਤ ਕਿਸਾਨਾਂ ਲਈ ਸਾਲਾਨਾ 6000 ਰੁਪਏ ਦੇ ਐਲਾਨ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਕੇਵਲ ਮੂੰਗਫਲੀ ਦੇ ਦਾਣਿਆਂ ਬਰਾਬਰ ਦਸਦੇ ਹੋਏ ਕਿਹਾ ਕਿ ਸੰਕਟ ਵਿਚ ਘਿਰੇ ਕਿਸਾਨਾਂ ਲਈ ਮਹੀਨੇ ਦੇ ਕੇਵਲ 500 ਰੁਪਏ ਦਾ ਐਲਾਨ ਕਰਕੇ ਮੋਦੀ ਸਰਕਾਰ ਨੇ ਇਸ ਸਮੱਸਿਆ ਦੀ ਡੂੰਘਿਆਈ ਨੂੰ ਕੋਈ ਮਾਨਤਾ ਨਹੀਂ ਦਿਤੀ। ਉਨ੍ਹਾਂ ਨੇ ਇਸ ਨੂੰ ਕਿਸਾਨ ਭਾਈਚਾਰੇ ਦੇ ਹਿੱਤਾਂ ਦੀ ਖਿੱਲੀ ਉਡਾਉਣਾ ਦਸਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਮੋਦੀ ਨੇ ਹਰੇਕ ਦੇ ਖਾਤੇ ਵਿਚ 15 ਲੱਖ ਰੁਪਏ ਪਾਉਣ ਦਾ ਵਾਅਦਾ ਕੀਤਾ ਸੀ ਪਰ ਉਹ ਹੁਣ ਅਪਣੇ ਕਾਲ ਦੇ ਅੰਤ ਤਕ 2 ਹੈਕਟੇਅਰ ਤਕ ਦੇ ਕਿਸਾਨਾਂ ਨੂੰ ਕੇਵਲ 6000 ਰੁਪਏ ਸਾਲਾਨਾ ਦੇਣ ਤਕ ਆ ਗਏ ਹਨ। ਇਸ ਤੋਂ ਇਹ ਪ੍ਰਗਟਾਵਾ ਹੁੰਦਾ ਹੈ ਕਿ ਉਨ੍ਹਾਂ ਦੀ ਕਿਸਾਨ ਭਾਈਚਾਰੇ ਦੀ ਭਲਾਈ ਦੇ ਹਿੱਤਾਂ ਵਿਚ ਕੁਝ ਵੀ ਨਾ ਕਰਨ ਦੀ ਮਨਸਾ ਹੈ। ਅਕਾਲੀ ਦਲ ਦੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਕਿਸਾਨਾਂ ਨੂੰ ਦਿਤੀ ਰਾਹਤ ਬਾਰੇ ਕਿਹਾ ਕਿ ਕਿਸਾਨਾਂ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕੀਤਾ ਗਿਆ ਹੈ।
ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਵੀ ਬਜਟ ਵਿਚ ਦਿਤੀ ਰਾਹਤ ਨੂੰ ਕਿਸਾਨਾਂ ਨਾਲ ਮਜ਼ਾਕ ਦਸਿਆ। ਚੀਮਾ ਨੇ ਕਿਹਾ ਕਿ ਕਿਸਾਨਾਂ ਦੀਆਂ ਸਾਰੀਆਂ ਫ਼ਸਲਾਂ ਦੀ ਖ਼ਰੀਦ ਸਰਕਾਰ ਵਲੋਂ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਫ਼ਸਲ ਦੀ ਸਹੀ ਕੀਮਤ ਮਿਲ ਸਕੇ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਰਾਜੇਵਾਲ ਨੇ ਕਿਹਾ ਕਿ ਇਹ ਰਾਹਤ ਕਿਸਾਨਾਂ ਨਾਲ ਮਜ਼ਾਕ ਹੈ। ਉਨ੍ਹਾਂ ਕਿਹਾ ਕਿ ਕਿਸਾਨ ਬੁਰੀ ਤਰ੍ਹਾਂ ਕਰਜ਼ੇ ਵਿਚ ਡੁੱਬਿਆ ਪਿਆ ਹੈ ਇਸ ਨੂੰ ਵੱਡੀ ਰਾਹਤ ਦੀ ਜ਼ਰਰੂਰਤ ਸੀ।