
ਬਜਟ ਦੇ ਦਿਲ ਵਿਚ ਪਿੰਡ, ਕਿਸਾਨ ਹੈ: ਮੋਦੀ
ਨਵੀਂ ਦਿੱਲੀ, 1 ਫ਼ਰਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਸੰਸਦ ਵਿਚ ਪੇਸ਼ ਕੀਤਾ ਗਿਆ ਆਮ ਬਜਟ ਹਰ ਖੇਤਰ ਵਿਚ “ਸਰਬਪੱਖੀ” ਵਿਕਾਸ ਦੀ ਗੱਲ ਕਰਦਾ ਹੈ ਅਤੇ ਇਸ ਦੇ ਦਿਲ ਵਿਚ ਪਿੰਡ ਅਤੇ ਕਿਸਾਨ ਹਨ।
ਬਜਟ ਪੇਸ਼ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਇਸ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ 2021 ਦਾ ਬਜਟ ਅਸਾਧਾਰਣ ਹਾਲਤਾਂ ਵਿਚ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਕਾਸ ਵਿਚ ਹਕੀਕਤ ਅਤੇ ਵਿਸ਼ਵਾਸ ਦੀ ਭਾਵਨਾ ਵੀ ਹੈ।
ਉਨ੍ਹਾਂ ਕਿਹਾ ਕਿ ਦੇਸ਼ ਵਿਚ ਖੇਤੀ ਸੈਕਟਰ ਨੂੰ ਮਜ਼ਬੂਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਇਸ ਬਜਟ ਵਿਚ ਬਹੁਤ ਜ਼ੋਰ ਦਿਤਾ ਜਾ ਰਿਹਾ ਹੈ। ਕਿਸਾਨ ਵਧੇਰੇ ਕਰਜ਼ੇ ਆਸਾਨੀ ਨਾਲ ਪ੍ਰਾਪਤ ਕਰ ਸਕਣਗੇ।
ਦੇਸ਼ ਦੀਆਂ ਮੰਡੀਆਂ ਨੂੰ ਮਜ਼ਬੂਤ ਕਰਨ ਦੀ ਵਿਵਸਥਾ ਕੀਤੀ ਗਈ ਹੈ। ਇਹ ਸਾਰੇ ਫ਼ੈਸਲੇ ਦਰਸਾਉਂਦੇ ਹਨ ਕਿ ਇਸ ਬਜਟ ਦੇ ਮੁੱਖ ਪਾਸੇ ਪਿੰਡ, ਸਾਡੇ ਕਿਸਾਨ ਹਨ।
ਬਜਟ ਨੂੰ ਨਵੇਂ ਦਹਾਕੇ ਦੀ ਸ਼ੁਰੂਆਤ ਦੀ ਨੀਂਹ ਦਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਰੁਜ਼ਗਾਰ ਦੇ ਮੌਕੇ ਵਧਾਉਣ ਅਤੇ ਦੇਸ਼ ਨੂੰ ਆਤਮ-ਨਿਰਭਰਤਾ ਦੇ ਰਾਹ ’ਤੇ ਲਿਜਾਣ ਦਾ ਬਜਟ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਾਲ 2021 ਦਾ ਬਜਟ ਆਸਾਧਾਰਨ ਹਾਲਾਤ ਦੌਰਾਨ ਪੇਸ਼ ਕੀਤਾ ਹੈ। ਇਸ ਵਿਚ ਯਥਾਰਥ ਦਾ ਅਹਿਸਾਸ ਵੀ ਤੇ ਵਿਕਾਸ ਦਾ ਵਿਸ਼ਵਾਸ ਵੀ ਹੈ। ਉਨ੍ਹਾਂ ਕਿਹਾ ਕਿ ਖੇਤੀ ਵਿਵਸਥਾ ’ਚ ਸੁਧਾਰ ਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਬਜਟ ’ਚੇ ਪੂਰਾ ਜ਼ੋਰ ਦਿਤਾ ਹੈ।
ਪੀਐੱਮ ਮੋਦੀ ਨੇ ਕਿਹਾ ਕਿ ਕੋਰੋਨਾ ਕਾਰਨ ਕਈ ਮਾਹਰ ਇਹ ਮੰਨ ਕੇ ਚੱਲ ਰਹੇ ਸਨ ਕਿ ਸਰਕਾਰ ਆਮ ਨਾਗਰਿਕਾਂ ’ਤੇ ਬੋਝ ਵਧਾਏਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇ ਬਜਟ ’ਚ ਆਤਮ ਨਿਰਭਰਤਾ ਦਾ ਵਿਜ਼ਨ ਵੀ ਹੈ ਤੇ ਹਰੇਕ ਵਰਗ ਦਾ ਰਲੇਵਾਂ ਵੀ ਹੈ। ਅਸੀਂ ਇਸ ਵਿਚ ਜਿਹੜੇ ਸਿਧਾਂਤਾਂ ਨੂੰ ਲੈ ਕੇ ਚੱਲੇ ਹਾਂ - ਗ੍ਰੋਥ ਲਈ ਨਵੀਆਂ ਸੰਭਾਵਨਾਵਾਂ ਦਾ ਵਿਸਤਾਰ ਕਰਨਾ, ਨੌਜਵਾਨਾਂ ਲਈ ਨਵੇਂ ਅਵਸਰਾਂ ਦਾ ਨਿਰਮਾਣ ਕਰਨਾ, ਮਨੁੱਖੀ ਵਸੀਲਿਆਂ ਨੂੰ ਇਕ ਨਵਾਂ ਆਯਾਮ ਦੇਣਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬਜਟ ਘੱਟ ਹੀ ਵੇਖਣ ਨੂੰ ਮਿਲਦੇ ਹਨ ਜਿਸ ਵਿਚ ਸ਼ੁਰੂ ਦੇ ਇਕ-ਦੋ ਘੰਟਿਆਂ ’ਚ ਹੀ ਇੰਨੇ ਸਕਾਰਾਤਮਕ ਰਿਸਪਾਂਸ ਆਏ। (ਏਜੰਸੀ)