
ਸਾਰੇ ਇਕੱਠੇ ਹੋ ਕੇ ਕਰਨ ਮੋਦੀ ਤੇ ਅਮਿਤ ਸ਼ਾਹ ਨਾਲ ਮੀਟਿੰਗ...
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਦੇ ਮੁੱਦੇ ‘ਤੇ ਪੰਜਾਬ ਭਵਨ ਵਿਖੇ ਸਰਬ ਪਾਰਟੀ ਮੀਟਿੰਗ ਸੱਦੀ ਗਈ ਹੈ। ਇਸ ਦੀ ਜਾਣਕਾਰੀ ਮੁੱਖ ਮੰਤਰੀ ਨੇ ਟਵੀਟ ਜ਼ਰੀਏ ਸਾਂਝੀ ਕੀਤੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ ਚਲਦਿਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਕੱਠੇ ਹੋਣ ਦੀ ਲੋੜ ਹੈ।
ਪੰਜਾਬ ਭਵਨ ਵਿਚ ਸਰਬ ਪਾਰਟੀ ਮੀਟਿੰਗ ‘ਚ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ ਸ਼ਾਮਲ ਹੋਈਆਂ ਪਰ ਭਾਰਤੀ ਜਨਤਾ ਪਾਰਟੀ ਇਸ ਮੀਟਿੰਗ ਵਿਚ ਸ਼ਾਮਲ ਨਹੀਂ ਹੋਈ ਹੈ। ਇਸ ਦੌਰਾਨ ਮੀਟਿੰਗ ਖਤਮ ਹੋਣ ਤੋਂ ਬਾਅਦ ਪੰਜਾਬ ਭਵਨ ਤੋਂ ਬਾਹਰ ਆਮ ਆਦਮੀ ਪਾਰਟੀ ਦੇ ਸੰਸਦ ਭਗਵੰਤ ਮਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਨੂੰ ਕਿਹਾ ਸੀ ਕਿ ਤੁਸੀਂ ਦਿੱਲੀ ਚੱਲੋ ਮੈਂ ਵੀ ਤੁਹਾਡੇ ਨਾਲ ਹਾਂ ਪਰ ਕਿਸਾਨ ਤਾਂ ਚਲੇ ਗਏ ਕੈਪਟਨ ਅਮਰਿੰਦਰ ਸਿੰਘ ਇੱਥੇ ਹੀ ਬੈਠੇ ਹਨ।
Kissan
ਉਨ੍ਹਾਂ ਕਿਹਾ ਕਿ ਇਸ ਸਮੇਂ ਦਿੱਲੀ ਵਿਚ ਚੱਲ ਰਹੇ ਕਿਸਾਨੀ ਸੰਘਰਸ਼ ‘ਚ ਪੰਜਾਬ ਦੇ ਲੋਕ ਆਪਣੇ ਆਪ ਨੂੰ ਲਾਵਾਰਿਸ ਸਮਝਣ ਲੱਗੇ ਹਨ ਕਿਉਂਕਿ ਉਨ੍ਹਾਂ ਨੂੰ ਇਸ ਤਰ੍ਹਾਂ ਲੱਗ ਰਿਹੈ ਕਿ ਸਾਡੇ ਵੱਲੋਂ ਕੋਈ ਵੀ ਸੱਤਾਧਾਰੀ ਨੇਤਾ ਨਹੀਂ ਬੋਲਦਾ ਨਾ ਇੱਥੇ ਸਾਡੇ ਦੁਖ-ਤਕਲੀਫ਼ ਸਮਝਣ ਆਇਆ ਹੈ। ਮਾਨ ਨੇ ਕਿਹਾ ਕਿ ਜਦੋਂ ਮਰਜ਼ੀ ਬੀਜੇਪੀ ਆਪਣੇ ਵਰਕਰ ਭੇਜਕੇ ਸ਼ਾਂਤਮਈ ਬੈਠੇ ਕਿਸਾਨਾਂ ਉਤੇ ਪੱਥਰ, ਰੋੜੇ, ਮਾਰਦੇ ਹਨ, ਜਦੋਂ ਮਰਜ਼ੀ ਪੁਲਿਸ ਚੁੱਕ ਕੇ ਲੈ ਜਾਂਦੀ ਹੈ ਅਤੇ ਕਈਂ ਨੌਜਵਾਨ ਉਤੇ ਪਰਚੇ ਦਰਜ ਕਰਕੇ ਜੇਲ੍ਹਾਂ ਵਿਚ ਬੰਦ ਕਰ ਦਿੱਤੇ ਹਨ।
Captain
ਉਨ੍ਹਾਂ ਕਿਹਾ ਕਿ ਸਾਨੂੰ ਇਕੱਠੇ ਹੋ ਕੇ ਦਿੱਲੀ ਵਿਚ ਲੜਾਈ ਲੜਨੀ ਪਵੇਗੀ ਕਿਉਂਕਿ ਹੁਣ ਤੱਕ ਸਰਕਾਰ ਨਾਲ ਮੀਟਿੰਗਾਂ ਬਹੁਤ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨੀ ਅੰਦੋਲਨ ਵਿਚ ਜਾ ਕੇ ਕਿਸਾਨਾਂ ਦੀ ਖਬਰ-ਸਾਰ ਲਈ ਜਾਵੇ, ਇਕ ਹੈਲਪ ਡੈਸਕ ਬਣਾਇਆ ਜਾਵੇ ਤਾਂ ਜੋਂ ਉਨ੍ਹਾਂ ਦੀਆਂ ਦੁੱਖ ਤਕਲੀਫ਼ਾਂ ਨਾਲ ਨਿਬੜਿਆ ਜਾਵੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਫਾਰਮ ਹਾਊਸ ਛੱਡ ਕੇ ਕਿਸਾਨੀ ਸੰਘਰਸ਼ ਵਿਚ ਜਾ ਕੇ ਬੈਠਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੇ ਦਰਦ ਸੁਣੇ ਜਾਣ।
Bhagwant Maan
ਮਾਨ ਨੇ ਕਿਹਾ ਕਿ ਕਿਸਾਨੀ ਅੰਦੋਲਨ ਜੇਕਰ ਗੈਰਰਾਜਨਿਤਕ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਤੁਰੰਤ ਮੀਟਿੰਗ ਕਰਨੀ ਚਾਹੀਦੀ ਹੈ। ਮਾਨ ਨੇ ਕਿਹਾ ਕਿ ਕੈਪਟਨ ਸਰਕਾਰ ਨੂੰ ਰਾਜਨੀਤੀ ਛੱਡ ਕੇ ਤੁਹਾਨੂੰ ਕਿਸਾਨਾਂ ਲਈ ਦਿੱਲੀ ਆਉਣਾ ਚਾਹੀਦਾ, ਅਸੀਂ ਵੀ ਤੁਹਾਡੇ ਨਾਲ ਖੜ੍ਹਾਂਗੇ।