
ਬੀ.ਐਸ.ਐਫ਼ ਨੇ ਲੋਕਾਂ ਨੂੰ ਪਾਕਿ ਸਰਹੱਦ ਤੋਂ ਡਰੋਨ ਘੁਸਪੈਠ ’ਤੇ ਨਜ਼ਰ ਰਖਣ ਲਈ ਦਿਤੀ ਖ਼ਾਸ ਸਿਖਲਾਈ
ਜੰਮੂ, 1 ਫ਼ਰਵਰੀ : ਪਾਕਿਸਤਾਨ ਨਾਲ ਲਗਦੀ 198 ਕਿਲੋਮੀਟਰ ਲੰਮੀ ਸਰਹੱਦ ’ਤੇ ਰਹਿ ਰਹੇ ਲੋਕ ਗੁਆਂਢੀ ਦੇਸ਼ ਨਾਲ ਹੋਣ ਵਾਲੀ ਡਰੋਨ ਘੁਸਪੈਠ ’ਤੇ ਨਜ਼ਰ ਰਖਣ ਵਿਚ ਬੀ.ਐਸ.ਐਫ. ਦੀ ਮਦਦ ਕਰ ਰਹੇ ਹਨ। ਸਰਹੱਦ ਸੁਰੱਖਿਆ ਫੋਰਸ (ਬੀ.ਐਸ.ਐਫ਼.) ਨੇ 140 ਤੋਂ ਵੱਧ ਡਰੋਨ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕਰ ਕੇ ਲੋਕਾਂ ਨੂੰ ਭਾਰਤ-ਪਾਕਿ ਸਰਹੱਦ ’ਤੇ ਡਰੋਨ ਗਤੀਵਿਧੀਆਂ ਨਾਲ ਜੁੜੇ ਵਖ-ਵਖ ਪਹਿਲੂਆਂ ਤੋਂ ਜਾਣੂ ਕਰਵਾਇਆ ਹੈ।
ਕੌਮਾਂਤਰੀ ਸਰਹੱਦ ’ਤੇ ਸਥਿਤ ਆਰ. ਐੱਸ. ਪੁਰਾ, ਅਖਨੂਰ ਅਤੇ ਅਰਨੀਆ ਸੈਕਟਰ ’ਚ ਸਰਹੱਦੀ ਬਸਤੀਆਂ ’ਚ ਡਰੋਨ ਗਤੀਵਿਧੀਆਂ ਨੂੰ ਲੈ ਕੇ ਜਾਗਰੂਕਤਾ ਫੈਲਾਉਣ ਵਾਲੇ ਕਈ ਫਲੈਕਸ ਬੋਰਡ ਵੀ ਲਾਏ ਗਏ ਹਨ। ਸੁਚੇਤਗੜ੍ਹ ਵਾਸੀ ਦਿਆਨ ਸਿੰਘ ਦੱਸਦੇ ਹਨ ਕਿ ਅਸੀਂ ਸਰਹੱਦ ’ਤੇ ਡਰੋਨ ਗਤੀਵਿਧੀਆਂ ’ਤੇ ਨਜ਼ਰ ਰੱਖਦੇ ਹਾਂ। ਸਾਨੂੰ ਦਸਿਆ ਗਿਆ ਹੈ ਕਿ ਅਤਿਵਾਦੀਆਂ ਦੇ ਇਸਤੇਮਾਲ ਲਈ ਹਥਿਆਰ, ਗੋਲਾ-ਬਾਰੂਦ ਅਤੇ ਨਸ਼ੀਲੇ ਪਦਾਰਥ ਡਿਗਾਉਣ ਖ਼ਾਤਰ ਕਿਵੇਂ ਸਰਹੱਦ ਪਾਰ ਤੋਂ ਡਰੋਨ ਦਾ ਸੰਚਾਲਨ ਕੀਤਾ ਜਾਂਦਾ ਹੈ। ਇਕ ਹੋਰ ਪਿੰਡ ਵਾਸੀ ਅਤੇ ਸਾਬਕਾ ਫ਼ੌਜੀ ਸੁਰਮ ਚੰਦ ਨੇ ਕਿਹਾ ਕਿ ਬੀ. ਐੱਸ. ਐਫ਼. ਦੀ ਗਸ਼ਤ ਮੁਹਿੰਮ ਅਤੇ ਤਕਨੀਕੀ ਨਿਗਰਾਨੀ ਤੋਂ ਇਲਾਵਾ ਕੌਮਾਂਤਰੀ ਸਰਹੱਦ ’ਤੇ ਰਹਿਣ ਵਾਲੇ ਲੋਕ ਡਰੋਨ ਗਤੀਵਿਧੀਆਂ ’ਤੇ ਨਜ਼ਰ ਰਖਣ ਲਈ ਸਰਹੱਦ ’ਤੇ ਨਿਗਰਾਨੀ ਲਈ ‘ਤੀਜੀ ਅੱਖ’ ਬਣ ਗਏ ਹਨ।
ਓਧਰ ਬੀ. ਐਸ. ਐਫ਼. ਦੇ ਡੀ. ਆਈ. ਜੀ. ਸੰਧੂ ਨੇ ਦਸਿਆ ਕਿ ਜੰਮੂ, ਸਾਂਬਾ ਅਤੇ ਕਠੂਆ ਜ਼ਿਲ੍ਹਿਆਂ ਦੇ ਸਰਹੱਦੀ ਇਲਾਕਿਆਂ ਵਿਚ 170 ਤੋਂ ਵੱਧ ਬਸਤੀਆਂ ’ਚ 144 ਡਰੋਨ ਜਾਗਰੂਕਤਾ ਪ੍ਰੋਗਰਾਮ ਆਯੋਜਤ ਕੀਤੇ ਗਏ ਹਨ। ਸੰਧੂ ਮੁਤਾਬਕ ਬੀ. ਐੱਸ. ਐਫ਼. ਨੇ ਸਰਹੱਦ ਪਾਰ ਡਰੋਨ ਗਤੀਵਿਧੀਆਂ ਸਰਹੱਦੀ ਇਲਾਕਿਆਂ ’ਚ ਗੰਭੀਰ ਚਿੰਤਾ ਦਾ ਸਬੱਬ ਬਣ ਗਈ ਹੈ, ਕਿਉਂਕਿ ਡਰੋਨ ਜ਼ਰੀਏ ਅਤਿਵਾਦੀਆਂ ਲਈ ਮਦਦ ਸਮੱਗਰੀ ਸੁੱਟੇ ਜਾਣ ਦੀਆਂ ਕਈ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਡੀ.ਆਈ.ਜੀ. ਨੇ ਕਿਹਾ ਕਿ ਸਰਹੱਦੀ ਇਲਾਕਿਆਂ ਵਿਚ ਰਹਿ ਰਹੇ ਲੋਕਾਂ ਨੂੰ ਡਰੋਨ ਜ਼ਰੀਏ ਖੇਪ ਸੁੱਟੇ ਜਾਣ ਦਾ ਲਾਈਵ ਦਿ੍ਰਸ਼ ਵਿਖਾਇਆ ਗਿਆ। (ਏਜੰਸੀ)